ਰੈਲੀ 'ਚ ਮਜੀਠੀਆ ਦਾ ਨਾਅਰਾ, 'ਚਾਹੁੰਦਾ ਹੈ ਪੰਜਾਬ ਕੈਪਟਨ ਤੋਂ ਹਿਸਾਬ'

02/13/2020 9:26:33 PM

ਅੰਮ੍ਰਿਤਸਰ/ਰਾਜਾਸਾਂਸੀ— ਕੈਪਟਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੀ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕੈਪਟਨ ਸਰਕਾਰ 'ਤੇ ਖੂਬ ਵਰ੍ਹੇ। ਇਸ ਮੌਕੇ ਕੈਪਟਨ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਨੂੰ ਤਿੰਨ ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਰਜ਼ਾ ਮੁਆਫੀ ਦੀ ਗੱਲ ਕੀਤੀ ਸੀ ਪਰ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕੀਤੇ ਹਨ। ਕਿਸਾਨÎਾਂ ਦਾ ਤਿੰਨ ਸੌ ਕਰੋੜ ਦੇਣ ਵਾਲਾ ਰਹਿੰਦਾ ਹੈ, ਜੋ ਕਿ ਉਨ੍ਹਾਂ ਨੂੰ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਤਿੰਨ ਹਜ਼ਾਰ ਤੋਂ ਵੱਧ ਕਿਸਾਨ ਕਰਜ਼ੇ ਦੇ ਹੇਠਾਂ ਦਬ ਕੇ ਖੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਪੂਰਾ ਪੰਜਾਬ ਕੈਪਟਨ ਸਾਬ੍ਹ ਤੋਂ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਬੁੱਧ ਸਿੰਘ ਦੇ ਘਰ ਜਾ ਕੇ ਕੈਪਟਨ ਅਮਰਿੰਦਰ ਸਿੰਘ ਚਾਹ, ਦੁੱਧ ਪੀਣ ਦੇ ਨਾਲ-ਨਾਲ ਬਾਦਾਮ ਖਾਂਦੇ ਰਹੇ ਪਰ ਉਸ ਦਾ ਕਰਜ਼ਾ ਮੁਆਫ ਨਹੀਂ ਕੀਤਾ। 

ਟੀਚਰਾਂ ਦੀਆਂ ਤਨਖਾਹਾਂ ਦੇ ਮੁੱਦੇ 'ਤੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਜਿਹੜੇ ਅਧਿਆਪਕ ਦੀ ਤਨਖਾਹ 45 ਹਜ਼ਾਰ ਸੀ, ਉਨ੍ਹਾਂ ਦੀ ਤਨਖਾਹ 15 ਹਜ਼ਾਰ ਕਰ ਦਿੱਤੀ। ਜੇਕਰ ਈ. ਟੀ. ਟੀ. ਟੀਚਰ ਆਪਣਾ ਹੱਕ ਮੰਨਦੇ ਹਨ ਤਾਂ ਉਸ ਦੀ ਮੋਤੀ ਮਹਿਲ 'ਚ ਅਜਿਹੀ ਸੇਵਾ ਕੀਤੀ ਜਾਂਦੀ ਹੈ ਕਿ ਜਦੋਂ ਕੋਈ ਅਧਿਆਪਕ ਘਰ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਵਾਲੇ ਵੀ ਨਹੀਂ ਪਛਾਣਦੇ ਹਨ। ਸੰਬੋਧਨ ਦੌਰਾਨ ਮਜੀਠੀਆ ਨੇ ਨਾਅਰਾ ਲਗਾਉਂਦੇ ਹੋਏ ਕਿਹਾ ਕਿ 'ਚਾਹੁੰਦਾ ਹੈ ਪੰਜਾਬ ਕੈਪਟਨ ਤੋਂ ਹਿਸਾਬ।'' ਬਿਜਲੀ ਮਹਿੰਗੀ ਕਰਕੇ ਗਰੀਬਾਂ ਨੂੰ ਬਿਜਲੀ ਦੇ ਕਰੰਟ ਲਗਾਏ ਜਾ ਰਹੇ ਹਨ। ਕਾਂਗਰਸ ਸਰਕਾਰ ਸਿੱਖ ਕੌਮ ਦੀ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ ਅੱਜ ਜੇਲਾਂ ਦੇ ਹਾਲਾਤ ਵੀ ਮਾੜੇ ਹੋ ਚੁੱਕੇ ਹਨ ਅਤੇ ਜੇਲਾਂ 'ਚੋਂ ਵਿਉਂਤਬੰਦੀਆਂ ਬਣਾਈਆਂ ਜਾ ਰਹੀਆਂ ਹਨ। ਜੇਲਾਂ 'ਚੋਂ ਬਦਮਾਸ਼ੀ, ਮਰਡਰ ਦੇ ਕੰਮ ਚੱਲਣ ਲੱਗ ਗਏ ਹਨ। 

ਦਿੱਲੀ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ 11 ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਬਿਆਨ 'ਤੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਝੂਠ ਬੋਲਣ ਵਾਲਿਆਂ ਨੇ ਵੀ ਬੰਬ ਕੱਢ ਦਿੱਤੇ। ਉਨ੍ਹਾਂ ਕਿਹਾ ਕਿ 11 ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਹਿਸਾਬ ਨਾਲ ਹਰ ਪਿੰਡ 'ਚ 80 ਤੋਂ 84 ਨੌਕਰੀਆਂ ਇਕ ਪਿੰਡ 'ਚ ਮਿਲ ਜਾਣੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ ਨੌਕਰੀ ਮਿਲਣੀ ਤਾਂ ਕੀ ਸੀ ਸਗੋਂ ਜਿਹੜਾ ਨੌਕਰੀ ਲੈਣ ਜਾਂਦਾ ਹੈ, ਉਹ ਕੁੱਟ ਜ਼ਰੂਰ ਖਾ ਕੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤÎਾਂ ਟੀਚਰਾਂ ਦਾ ਦਰਦ ਸਮਝ ਕੇ ਮਸਲਾ ਵੀ ਹੱਲ ਕਰ ਲੈਂਦੇ ਸਨ ਪਰ ਹੁਣ ਕੈਪਟਨ ਨੇ ਮੁਲਾਜ਼ਮਾਂ ਦੀ ਜਾਨ ਕੱਢੀ ਪਈ ਹੈ। ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਕੱਲੇ-ਇਕੱਲੇ ਪਿੰਡ ਦਾ ਦੌਰਾ ਕਰਕੇ ਲੋਕਾਂ ਦਾ ਦਰਦ ਸੁਣਿਆ ਹੈ। ਬਾਦਲ ਸਾਬ੍ਹ ਨੇ ਜਿੱਥੇ ਲੋਕਾਂ ਨੂੰ ਪਾਣੀ ਦੀਆਂ ਬੰਬੀਆਂ ਦੇ ਕੁਨੈਕਸ਼ਨ ਦਿੱਤੇ, ਉਥੇ ਹੀ ਟਿਊਬਵੈੱਲ ਦੇ ਬਿਲ ਵੀ ਮੁਆਫ ਕੀਤੇ ਸਨ। ਇਸ ਤੋਂ ਇਲਾਵਾ ਟਕਸਾਲੀ ਦਲ 'ਚੋਂ ਅਕਾਲੀ ਦਲ 'ਚ ਸ਼ਾਮਲ ਹੋਏ ਬੋਨੀ ਅਜਨਾਲਾ ਅਤੇ ਰਤਨ ਸਿੰਘ ਅਜਨਾਲਾ ਦਾ ਧੰਨਵਾਦ ਕੀਤਾ। ਰੈਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਬੋਨੀ ਅਜਨਾਲਾ ਸਮੇਤ ਕਈ ਵੱਡੇ ਲੀਡਰ ਸ਼ਾਮਲ ਸਨ।

shivani attri

This news is Content Editor shivani attri