ਸੋਨੀਆ ਤੇ ਰਾਹੁਲ ਦੱਸਣ ਪੀੜਤ ਦਲਿਤ ਪਰਿਵਾਰ ਕੋਲ ਕਿਉਂ ਨਹੀਂ ਗਏ : ਮਜੀਠੀਆ

11/19/2019 1:22:19 PM

ਚੰਡੀਗੜ੍ਹ (ਅਸ਼ਵਨੀ)  : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਪੁੱਛਿਆ ਹੈ ਕਿ ਉਹ ਸੰਗਰੂਰ ਜ਼ਿਲੇ ਦੇ ਲਹਿਰਗਾਗਾ ਵਿਖੇ ਬੇਰਹਿਮੀ ਨਾਲ ਅੱਤਿਆਚਾਰ ਕਰਕੇ ਮਾਰੇ ਗਏ ਇਕ ਦਲਿਤ ਨੌਜਵਾਨ ਦੇ ਪਰਿਵਾਰ ਦੀ ਖ਼ਬਰਸਾਰ ਲਈ ਕਿਉਂ ਨਹੀਂ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੈਰ-ਸਪਾਟੇ ਲਈ ਯੂਰਪ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੀੜਤ ਪਰਿਵਾਰ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਤੁਰੰਤ ਵਾਪਸ ਆਉਣ ਲਈ ਕਿਉਂ ਨਹੀਂ ਕਿਹਾ? ਦੋਹਰੇ ਮਾਪਦੰਡ ਅਪਣਾਉਣ ਲਈ ਗਾਂਧੀ ਪਰਿਵਾਰ 'ਤੇ ਨਿਸ਼ਾਨਾ ਸਾਧਦਿਆਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਚੋਣਾਂ ਦੌਰਾਨ ਵੋਟਾਂ ਲੈਣ ਵਾਸਤੇ ਰਾਹੁਲ ਗਾਂਧੀ ਨੂੰ ਦਲਿਤ ਪਰਿਵਾਰਾਂ ਦੇ ਘਰਾਂ 'ਚ ਜਾਣ ਦਾ ਬਹੁਤ ਸ਼ੌਕ ਹੈ ਪਰ ਜਦੋਂ ਪੰਜਾਬ 'ਚ ਕਿਸੇ ਦਲਿਤ ਪਰਿਵਾਰ 'ਤੇ ਭਾਰੀ ਅੱਤਿਆਚਾਰ ਹੁੰਦਾ ਹੈ ਤਾਂ ਨਾ ਰਾਹੁਲ ਅਤੇ ਨਾ ਹੀ ਉਸ ਦੇ ਮਾਤਾ ਪੰਜਾਬ 'ਚ ਗੇੜਾ ਮਾਰਨਾ ਜ਼ਰੂਰੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਜਾਣਬੁੱਝ ਕੇ ਇਹ ਗੱਲ ਭੁੱਲ ਗਿਆ ਕਿ ਜਾਪਦਾ ਹੈ ਕਿ ਪੰਜਾਬ 'ਚ ਇਹ ਉਨ੍ਹਾਂ ਦੀ ਹੀ ਸਰਕਾਰ ਹੈ, ਜਿਸ 'ਤੇ ਦਲਿਤ ਪਰਿਵਾਰ 'ਤੇ ਅੱਤਿਆਚਾਰ ਕਰਨ ਵਾਲੇ ਦੋਸ਼ੀਆਂ ਖ਼ਿਲਾਫ ਸਮੇਂ ਸਿਰ ਕਾਰਵਾਈ ਨਾ ਕਰਨ ਦਾ ਦੋਸ਼ ਲੱਗ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਇਹ ਵੀ ਬਹੁਤ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਦੀ ਵੀ ਇਸ ਮਾਮਲੇ ਨੂੰ ਲੈ ਕੇ ਕੋਈ ਖਿਚਾਈ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਪੀੜਤ ਪਰਿਵਾਰ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਯੂਰਪ ਦੀ ਸੈਰ ਤੋਂ ਤੁਰੰਤ ਵਾਪਸ ਆਉਣ ਦਾ ਨਿਰਦੇਸ਼ ਦਿੱਤਾ ਹੈ। ਅਕਾਲੀ ਆਗੂ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਵੀ ਆ ਰਹੀਆਂ ਹਨ ਕਿ ਕਾਂਗਰਸੀ ਵਰਕਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਕਿਸੇ ਵੀ ਕੀਮਤ 'ਤੇ ਅਜਿਹਾ ਨਹੀਂ ਹੋਣ ਦਿਆਂਗੇ। ਇਸ ਕੇਸ ਨਾਲ ਜੁੜੇ ਤੱਥਾਂ ਦੀ ਜਾਣਕਾਰੀ ਲੈਣ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ 'ਚ ਇਕ ਚਾਰ ਮੈਂਬਰੀ ਕਮੇਟੀ ਚੰਗਾਲੀਵਾਲਾ ਜਾਵੇਗੀ ਅਤੇ ਯਕੀਨੀ ਬਣਾਏਗੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲੇ।

Anuradha

This news is Content Editor Anuradha