ਮਜੀਠੀਆ ਵਲੋਂ ਰਵਨੀਤ ਬਿੱਟੂ ''ਤੇ ਕੇਸ ਦਰਜ ਕਰਨ ਦੀ ਮੰਗ

10/01/2019 1:15:50 PM

ਚੰਡੀਗੜ੍ਹ (ਅਸ਼ਵਨੀ) : ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਵੱਲੋਂ ਇਕਬਾਲ ਕੀਤਾ ਗਿਆ ਕਿ ਉਸ ਦੇ ਦਾਦਾ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਕਤਲ ਕਰਨਾ ਆਮ ਗੱਲ ਸੀ, ਜਿਸ ਨੂੰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 'ਸਿੱਖ ਨੌਜਵਾਨਾਂ ਦਾ ਕਤਲੇਆਮ' ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਬਿੱਟੂ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਸ ਨੇ ਅੱਜ ਸਭ ਦੇ ਸਾਹਮਣੇ ਇਹ ਕਬੂਲ ਕੀਤਾ ਹੈ ਕਿ ਉਸ ਦੇ ਦਾਦੇ ਦੇ ਰਾਜ ਵੇਲੇ ਨੌਜਵਾਨਾਂ ਨੂੰ ਮਾਰਿਆ ਗਿਆ ਸੀ।

ਅਜਿਹੀ ਜਾਣਕਾਰੀ ਰੱਖਣ ਲਈ ਉਸ ਦੀ ਪੁੱਛਗਿੱਛ ਹੋਣੀ ਚਾਹੀਦੀ ਹੈ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਅਕਾਲੀ ਆਗੂ ਨੇ ਕਿਹਾ ਕਿ ਬਿੱਟੂ ਵਰਗੇ ਲੋਕਾਂ ਨੂੰ ਇਨਸਾਫ ਨਹੀਂ ਦੇ ਸਕਦੇ, ਜਿਹੜੇ ਸ਼ਰੇਆਮ ਇਹ ਸਵੀਕਾਰ ਕਰਦੇ ਹਨ ਕਿ ਬੇਅੰਤ ਸਿੰਘ ਦੇ ਕਾਰਜਕਾਲ ਦੌਰਾਨ ਹਜ਼ਾਰਾਂ ਨੌਜਵਾਨਾਂ ਨੂੰ ਘਰਾਂ 'ਚੋਂ ਚੁੱਕ ਕੇ ਮਾਰ ਦਿੱਤਾ ਸੀ। ਮਜੀਠੀਆ ਨੇ ਕਿਹਾ ਕਿ ਜਦ ਤਕ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਰਹੀ, ਸਿੱਖ ਕਤਲੇਆਮ ਦੇ ਕਿਸੇ ਇਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਹੋਈ। ਤਕਰੀਬਨ 35 ਸਾਲ ਬਾਅਦ ਇਨਸਾਫ ਦਾ ਪਹੀਆ ਘੁੰਮਿਆ ਹੈ ਅਤੇ ਸਿੱਖਾਂ ਅੰਦਰ ਇਨਸਾਫ ਮਿਲਣ ਦੀ ਦੁਬਾਰਾ ਉਮੀਦ ਜਾਗੀ ਹੈ।

ਅਕਾਲੀ ਆਗੂ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇਕ ਸੰਸਦ ਮੈਂਬਰ ਕਤਲੇਆਮ ਦੇ ਦੌਰ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੀ ਬੇਕਸੂਰ ਨੌਜਵਾਨਾਂ ਨੂੰ ਮਾਰਨਾ ਸਹੀ ਹੈ? ਜਿਹੜੇ ਵਿਅਕਤੀ ਮੌਤ ਦੀ ਸਿਆਸਤ ਕਰਦੇ ਹਨ, ਉਨਾਂ ਖ਼ਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ? ਇਸੇ ਦੌਰਾਨ ਮਜੀਠੀਆ ਨੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਹਿੰਸਾ ਦਾ ਸੰਤਾਪ ਭੋਗ ਚੁੱਕੇ ਸੂਬੇ ਦੇ ਜਖ਼ਮਾਂ 'ਤੇ ਮੱਲ੍ਹਮ ਲਾਏਗਾ।


Babita

Content Editor

Related News