ਖਹਿਰਾ ਨਾਲ ਮੁਲਾਕਾਤ 'ਤੇ ਬੋਲੇ ਮਜੀਠੀਆ

08/02/2018 7:08:43 PM

ਹੁਸ਼ਿਆਰਪੁਰ (ਘੁੰਮਣ,ਅਮਰੀਕ)— ਸੁਖਪਾਲ ਖਹਿਰਾ ਤੋਂ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਤੋਂ ਬਾਅਦ ਸੂਬੇ ਦੀ ਸਿਆਸਤ 'ਚ ਹਲਚਲ ਮਚ ਗਈ ਹੈ। ਕਈ ਵਿਰੋਧੀ ਪਾਰਟੀਆਂ ਦੇ ਬਿਆਨ ਆ ਰਹੇ ਹਨ। ਸਿਆਸੀ ਗਲਿਆਰਿਆਂ 'ਚ ਇਹ ਵੀ ਚਰਚਾ ਉੱਠੀ ਕਿ ਖਹਿਰਾ ਵੱਲੋਂ ਬਿਕਰਮ ਮਜੀਠੀਆ ਨਾਲ ਗੁਪਤ ਮੁਲਾਕਾਤ ਕੀਤੀ ਗਈ। ਇਸ ਨੂੰ ਖਹਿਰਾ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਝੂਠ ਕਰਾਰ ਦਿੱਤਾ ਅਤੇ ਇਸ ਨੂੰ ਵਿਰੋਧੀਆਂ ਦੀ ਚਾਲ ਦੱਸੀ ਪਰ ਉਥੇ ਹੀ ਸੁਖਪਾਲ ਖਹਿਰਾ ਨਾਲ ਮੁਲਾਕਾਤ ਦੇ ਸਵਾਲ ਦੇ ਜਵਾਬ 'ਚ ਮਜੀਠੀਆ ਨੇ ਕਿਹਾ ਕਿ ਖਹਿਰਾ ਦੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲੱਥਣ ਦਾ ਮੈਨੂੰ ਬਹੁਤ ਦੁੱਖ ਹੋਇਆ ਹੈ ਅਤੇ ਹਰਪਾਲ ਸਿੰਘ ਚੀਮਾ ਦੇ ਬਣਨ ਦੀ ਖੁਸ਼ੀ ਵੀ ਹੋਈ ਹੈ। 
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਹੁਸ਼ਿਆਰਪੁਰ ਵਿਖੇ ਪਹੁੰਚੇ ਸਨ। ਕਾਂਗਰਸ 'ਤੇ ਤਿੱਖੇ ਹਮਲੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਇਨਸਾਫ ਪਸੰਦ ਹੈ ਤਾਂ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਏ, ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਅਸੀਂ ਰਿਜੈਕਟ ਕਰਦੇ ਹਾਂ ਕਿਉਂਕਿ ਇਸ ਦੀ ਸਾਰੀ ਰਿਪੋਰਟ ਕਾਂਗਰਸ ਭਵਨ 'ਚ ਬਣਾਈ ਗਈ ਹੈ। ਕਾਂਗਰਸ ਦੇ ਤਿੰਨੋਂ ਕਮਿਸ਼ਨ ਫਰੈਂਡਲੀ ਕਮਿਸ਼ਨ ਹਨ, ਜਿਸ 'ਤੇ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਹਨ ਅਤੇ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਹੈ। 
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. ਸੁਖਬੀਰ ਸਿੰਘ ਬਾਦਲ ਵੱਲੋਂ ਹੀ ਬਣਾਈ ਗਈ ਸੀ ਅਤੇ ਉਸ ਸਮੇਂ ਕਾਂਗਰਸ ਦੇ ਕੁਝ ਲੀਡਰਾਂ ਦੇ ਕਹਿਣ 'ਤੇ ਹੀ ਅਸੀਂ ਸੀ. ਬੀ. ਆਈ. ਨੂੰ ਇਨਕੁਆਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿੰਨੇ ਵੀ ਕਮਿਸ਼ਨ ਬਣਾਏ ਹਨ, ਇਹ ਸਿਰਫ ਖਾਨਾਪੂਰਤੀ ਤੱਕ ਹੀ ਸੀਮਤ ਹਨ ਅਤੇ ਕਾਂਗਰਸ ਦੇ ਕਹਿਣ 'ਤੇ ਇਨ੍ਹਾਂ ਦੀਆਂ ਰਿਪੋਰਟਾਂ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਪਾਲ ਇਕ ਨਿਊਟਲ ਵਿਅਕਤੀ ਹੋਣਾ ਚਾਹੀਦਾ ਹੈ। ਮਹਿਤਾਬ ਸਿੰਘ ਗਿੱਲ ਨੂੰ ਲੋਕਪਾਲ ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ, ਉਹ ਤਾਂ ਸਿਰਫ ਕਾਂਗਰਸ ਦਾ ਹੀ ਬੰਦਾ ਹੈ, ਜਿਸ ਦੇ ਘਰ ਕੈਪਟਨ ਅਮਰਿੰਦਰ ਸਿੰਘ ਠਹਿਰਦੇ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਜਿਹੜੇ ਲੋਕ ਅੱਜ ਪੰਜਾਬ ਨੂੰ ਮਾੜੇ ਸਮੇਂ ਵੱਲ ਧੱਕ ਕੇ ਮਾਹੌਲ ਖਰਾਬ ਕਰਨ ਦਾ ਯਤਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਫੰਡਿੰਗ ਕੌਣ ਕਰ ਰਿਹਾ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਇਨਸਾਫ ਦੀ ਕੋਈ ਗੱਲ ਨਹੀਂ ਹੈ, ਸਿਰਫ ਦੂਜਿਆਂ 'ਤੇ ਦੋਸ਼ ਮੜ੍ਹਨ ਤੱਕ ਹੀ ਸੀਮਤ ਹਨ। ਜੇਕਰ ਸਾਰੇ ਮਸਲਿਆਂ ਨੂੰ ਹੱਲ ਕਰਨਾ ਹੈ ਤਾਂ ਇਸ ਦੇ ਲਈ ਸੱਚਾਈ ਦੇ ਰਸਤੇ 'ਤੇ ਚੱਲਣਾ ਪਵੇਗਾ, ਨਹੀਂ ਤਾਂ ਰਾਜਨੀਤੀ ਹੁੰਦੀ ਆਈ ਹੈ ਅਤੇ ਹੁੰਦੀ ਰਹੇਗੀ। 
ਇਸ ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਾਕਾ ਵਿਧਾਇਕ ਤੇ ਜ਼ਿਲਾ ਪ੍ਰਧਾਨ, ਸਰਬਜੋਤ ਸਿੰਘ ਸਾਬੀ ਮੀਡੀਆ ਕੋਆਰਡੀਨੇਟਰ, ਜਤਿੰਦਰ ਸਿੰਘ ਲਾਲੀ ਬਾਜਵਾ ਸਾਬਕਾ ਚੇਅਰਮੈਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਸ਼੍ਰੋਮਣੀ ਕਮੇਟੀ, ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਆਦਿ ਮੌਜੂਦ ਸਨ।