ਅਗਾਊਂ ਜ਼ਮਾਨਤ ਮਿਲਣ ਮਗਰੋਂ ਬੋਲੇ ਬਿਕਰਮ ਮਜੀਠੀਆ, ਕਿਹਾ-ਕਾਂਗਰਸ ਸਰਕਾਰ ਨੇ ਕਾਨੂੰਨ ਛਿੱਕੇ ਟੰਗਿਆ

01/11/2022 7:53:41 PM

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਗਾਊਂ ਜ਼ਮਾਨਤ ਮਿਲਣ ਮਗਰੋਂ ਪਹਿਲੀ ਵਾਰ ਪੱਤਰਕਾਰਾਂ ਸਾਹਮਣੇ ਆਏ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੇਰੇ ਖਿਲਾਫ ਸਾਜ਼ਿਸ਼ ਰਚਣ ਲਈ ਕਾਨੂੰਨ ਨੂੰ ਛਿੱਕੇ ਟੰਗ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ। ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਨਵਜੋਤ ਸਿੱਧੂ ਨੇ ਹਰ ਮੀਟਿੰਗ ’ਚ ਮੇਰੇ ਖ਼ਿਲਾਫ ਸਾਜ਼ਿਸ਼ ਰਚੀ। ਇਤਿਹਾਸ ’ਚ ਕਦੇ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਤਿੰਨ ਮਹੀਨਿਆਂ ’ਚ ਚਾਰ ਵਾਰ ਡੀ. ਜੀ. ਪੀ. ਹੀ ਬਦਲ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਕ ਡੀ. ਜੀ. ਪੀ. ਨੇ ਮੇਰੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਪਾਸੇ ਕੀਤੇ ਗਿਆ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲ ਪੁਰਖ ਅਤੇ ਉਨ੍ਹਾਂ ਲਈ ਅਰਦਾਸ ਕਰਨ ਵਾਲੇ ਲੱਖਾਂ ਪੰਜਾਬੀਆਂ ਤੇ ਨਾਲ ਹੀ ਨਿਆਂਪਾਲਿਕਾ ਤੇ ਸਿਆਸੀ ਲੀਹਾਂ ਤੋਂ ਉਪਰ ਉੱਠ ਕੇ ਕਾਂਗਰਸ ਦੇ ਮੰਤਰੀਆਂ ਸਮੇਤ ਸਿਆਸਤਦਾਨਾਂ, ਜਿਨ੍ਹਾਂ ਨੇ ਇਹ ਮੰਨਿਆ ਕਿ ਉਨ੍ਹਾਂ ਨੂੰ ਝੂਠਾ ਫਸਾਇਆ ਗਿਆ, ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹੁਣ ਬਿਲਕੁਲ ਸਪੱਸ਼ਟ ਹੈ ਕਿ ਮੈਨੂੰ ਕਾਂਗਰਸ ਸਰਕਾਰ ਅਤੇ ਇਸ ਦੀ ਸਿਖ਼ਰਲੀ ਲੀਡਰਸ਼ਿਪ ਦੀ ਬਦਲਾਖੋਰੀ ਦੀ ਨੀਤੀ ਤਹਿਤ ਨਿਸ਼ਾਨਾ ਬਣਾਇਆ ਗਿਆ।

ਇਹ ਵੀ ਪੜ੍ਹੋ  : ਡਾ. ਦਲਜੀਤ ਚੀਮਾ ਨੇ ਕੀਤਾ ਟਵੀਟ, ਕੈਪਟਨ ਦੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਕੱਸਿਆ ਵਿਅੰਗ

ਬਿਕਰਮ ਸਿੰਘ ਮਜੀਠੀਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੱਲ੍ਹ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੇਣ ਅਤੇ ਉਨ੍ਹਾਂ ਦੀ ਗ੍ਰਿਫਤਾਰੀ ’ਤੇ ਰੋਕ ਲਾਉਣ ਬਾਰੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸਾਬਕਾ ਮੰਤਰੀ, ਜਿਨ੍ਹਾਂ ਨੇ ਆਪਣੇ ਵਕੀਲਾਂ ਦੇ ਨਾਲ-ਨਾਲ ਮਜੀਠਾ ਹਲਕੇ ਅਤੇ ਮਾਝੇ ਦੇ ਲੋਕਾਂ ਦੇ ਨਾਲ-ਨਾਲ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ, ਨੇ ਕਿਹਾ ਕਿ ਭਾਵੇਂ ਕਾਗਰਸ ਸਰਕਾਰ ਨੇ ਮੈਨੂੰ ਝੂਠੇ ਕੇਸ ਵਿਚ ਫਸਾਉਣ ਵਾਸਤੇ ਸਾਜ਼ਿਸ਼ਾਂ ਰਚੀਆਂ ਤੇ ਧਮਕੀਆਂ ਵੀ ਦਿੱਤੀਆਂ ਤੇ ਲਾਲਚ ਵੀ ਦਿੱਤੇ ਪਰ ਇਸ ਦੇ ਬਾਵਜੂਦ ਸੱਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਸੂਬਾ ਪੁਲਸ ਮੁਖੀ, ਐੱਸ. ਐੱਸ. ਪੀ. ਤੇ ਅਨੇਕਾਂ ਹੋਰ ਪੁਲਸ ਅਫ਼ਸਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੁੱਖ ਮੰਤਰੀ ਚੰਨੀ ਦੀਆਂ ਗੈਰ-ਕਾਨੂੰਨੀ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਤੇ ਸਰਕਾਰ ਦੇ ਗੈਰ-ਕਾਨੂੰਨੀ ਹੁਕਮ ਮੰਨਣ ਦੀ ਥਾਂ ਆਪਣੇ ਅਹੁਦੇ ਛੱਡ ਦੇਣ ਨੂੰ ਤਰਜੀਹ ਦਿੱਤੀ।

ਉਨ੍ਹਾਂ ਨੇ ਕਾਂਗਰਸ ਸਰਕਾਰ ਦੇ ਸੀਨੀਅਰ ਮੰਤਰੀਆਂ ਅਤੇ ਭਾਜਪਾ ਤੇ ‘ਆਪ’ ਦੇ ਸੀਨੀਅਰ ਆਗੂਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਅਤੇ ਉਨ੍ਹਾਂ ਦੇ ਘਰ ਆ ਕੇ ਵੀ ਇਹ ਕਿਹਾ ਕਿ ਉਨ੍ਹਾਂ ਨੂੰ ਗ਼ਲਤ ਫਸਾਇਆ ਗਿਆ ਹੈ। ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਪਿਛਲੇ ਤਿੰਨ ਮਹੀਨਿਆਂ ’ਚ ਕਾਂਗਰਸ ਸਰਕਾਰ ਦੀ ਬਦਲਾਖੋਰੀ ਦੀ ਰਾਜਨੀਤੀ ’ਤੇ ਧਿਆਨ ਕਾਇਮ ਰੱਖਣ ਦੇ ਫੈਸਲੇ ਕਾਰਨ ਬਹੁਤ ਸੰਤਾਪ ਹੰਢਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਕਦੇ ਵੀ ਇੰਨੇ ਥੋੜ੍ਹੇ ਜਿਹੇ ਸਮੇਂ ਵਿਚ ਤਿੰਨ ਡੀ. ਜੀ. ਪੀ. ਤੇ ਬਿਊਰੋ ਆਫ ਇਨਵੈਸਟੀਗੇਸ਼ਨ (ਬੀ. ਓ. ਆਈ.) ਦੇ ਚਾਰ ਡਾਇਰੈਕਟਰ ਬਦਲੇ ਨਹੀਂ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਵਾਸਤੇ ਰੋਜ਼ਾਨਾ ਆਧਾਰ ’ਤੇ ਮੀਟਿੰਗਾਂ ਕੀਤੀਆਂ।

ਉਨ੍ਹਾਂ ਕਿਹਾ ਕਿ ਸਰਕਾਰ ਤਾਂ ਖਿੱਤੇ ਵਿਚ ਨਸ਼ੇ ਦੇ ਮਾਮਲੇ ’ਤੇ ਪੀ. ਆਈ. ਐੱਲ. (ਜਨਤਕ ਹਿੱਤ ਪਟੀਸ਼ਨ) ਦੀ ਸੁਣਵਾਈ ਤੋਂ ਵੀ ਭੱਜ ਗਈ ਤੇ ਮੇਰੇ ਖਿਲਾਫ ਝੂਠਾ ਕੇਸ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ, ਜਿਨ੍ਹਾਂ ਨੂੰ ਇਸ ਮਕਸਦ ਵਾਸਤੇ ਵਿਸ਼ੇਸ਼ ਤੌਰ ’ਤੇ ਲਿਆਂਦਾ ਗਿਆ, ਦੇ ਹੁਕਮਾਂ ’ਤੇ ਦਰਜ ਕਰ ਦਿੱਤਾ। ਮਜੀਠੀਆ ਨੇ ਇਹ ਸਪੱਸ਼ਟ ਕੀਤਾ ਕਿ ਉਹ ਹਮੇਸ਼ਾ ਮਾਣਯੋਗ ਅਦਾਲਤਾਂ ਦੇ ਹੁਕਮਾਂ ’ਤੇ ਨਿਆਇਕ ਪ੍ਰਕਿਰਿਆ ਅਨੁਸਾਰ ਚਲਦੇ ਆਏ ਹਨ ਤੇ ਚਲਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਕਾਨੂੰਨ ਦੀ ਸਰਵਉਚੱਤਾ ਦਾ ਸਤਿਕਾਰ ਕਰਦਾ ਹਾਂ ਤੇ ਪਿਛਲੇ 9 ਸਾਲਾਂ ਤੋਂ ਇਹੀ ਸਟੈਂਡ ਲਿਆ ਹੈ, ਜਦੋਂ ਤੋਂ ਮੇਰੇ ਖਿਲਾਫ ਪਹਿਲੀ ਵਾਰ ਇਹ ਦੋਸ਼ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਕੇਸ ’ਚ ਵੀ ਹੋਵੇਗੀ। 

 

 

Manoj

This news is Content Editor Manoj