ਵੱਡੀ ਸੋਚ ਅਤੇ ਵੱਡੇ ਦਿਲ ਵਾਲੇ ਭਰਾ ਜੀ ਜਵਾਹਰਲਾਲ ਦਰਡਾ

07/02/2023 1:52:02 PM

ਜਨਤਕ ਜੀਵਨ ’ਚ ਕੁਝ ਵਿਰਲੇ ਲੋਕ ਹੀ ਅਜਿਹੇ ਹੁੰਦੇ ਹਨ ਜੋ ਇਤਿਹਾਸ ਦੇ ਪੰਨਿਆਂ ’ਤੇ ਅਮਿਟ ਛਾਪ ਛੱਡ ਜਾਂਦੇ ਹਨ। ਅਜਿਹੀ ਮਹਾਨ ਸ਼ਖਸੀਅਤ ਜਵਾਹਰਲਾਲ ਦਰਡਾ ਦੀ 2 ਜੁਲਾਈ ਨੂੰ ਜਨਮ ਸ਼ਤਾਬਦੀ ਹੈ। ਮਹਾਰਾਸ਼ਟਰ ਦੇ ਜਨਜੀਵਨ ’ਚ ਬਾਬੂ ਜੀ ਦੇ ਨਾਂ ਨਾਲ ਪ੍ਰਸਿੱਧ ਆਜ਼ਾਦੀ ਘੁਲਾਟੀਏ ਅਤੇ ਲੋਕਮਤ ਪੱਤਰ ਸਮੂਹ ਦੇ ਸੰਸਥਾਪਕ ਸੰਪਾਦਕ ਜਵਾਹਰਲਾਲ ਜੀ ਨੂੰ ਮੈਂ ਭਰਾ ਜੀ ਕਹਿੰਦਾ ਸੀ। ਜਵਾਹਰਲਾਲ ਜੀ ਦਰੜਾ ਦੀ ਯਾਦ ਵੀ ਮੇਰੇ ਜ਼ਿਹਨ ਤੋਂ ਅਲੱਗ ਨਹੀਂ ਹੁੰਦੀ। ਅਤਿਅੰਤ ਉੱਚ ਵਿਚਾਰਾਂ ਵਾਲੀ ਸ਼ਖਸੀਅਤ ਦੇ ਧਨੀ, ਅਤਿਅੰਤ ਸਹਿਜ, ਸਰਲ, ਖੁਸ਼ਮਿਜਾਜ਼ ਅਤੇ ਹਰ ਕਿਸੇ ਦਾ ਸਹਾਰਾ ਬਣਨ ਦੀ ਉਤਸੁਕਤਾ ਉਨ੍ਹਾਂ ਅੰਦਰ ਸੁਭਾਵਿਕ ਤੌਰ ’ਤੇ ਸੀ। ਉਨ੍ਹਾਂ ਦੇ ਦਰ ਤੋਂ ਕਦੀ ਕੋਈ ਖਾਲੀ ਨਹੀਂ ਸੀ ਗਿਆ। ਇਕ ਵੱਡੀ ਖਾਸੀਅਤ ਉਨ੍ਹਾਂ ’ਚ ਇਹ ਸੀ ਕਿ ਦੂਜਿਆਂ ਦੀ ਖ਼ੁਸ਼ੀ ’ਚ ਤਾਂ ਉਹ ਖੁਸ਼ੀ ਨਾਲ ਸ਼ਾਮਲ ਹੁੰਦੇ ਹੀ ਸਨ, ਦੂਜਿਆਂ ਦਾ ਦੁੱਖ ਕਿਵੇਂ ਦੂਰ ਹੋਵੇ, ਇਸ ਗੱਲ ਦਾ ਉਨ੍ਹਾਂ ਨੂੰ ਖਾਸ ਧਿਆਨ ਹੁੰਦਾ ਸੀ। ਉਹ ਸਭ ਲਈ ਖੁਸ਼ੀਆਂ ਦੀ ਚਾਹਤ ਰੱਖਦੇ ਸਨ, ਚਾਹੇ ਉਹ ਕਰੀਬੀ ਹੋਵੇ ਜਾਂ ਫਿਰ ਕੋਈ ਹੋਰ। ਇਹ ਗੱਲ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਦੀ ਕਾਰਜਸ਼ੈਲੀ ਨੂੰ ਬਹੁਤ ਨੇੜਿਓਂ ਦੇਖਣ ਅਤੇ ਜਾਣਨ ਦਾ ਮੈਨੂੰ ਮੌਕਾ ਮਿਲਿਆ।

ਉਨ੍ਹਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਪੱਖ ਸਨ। ਇੰਨੇ ਸਾਰੇ ਗੁਣ ਇਕ ਵਿਅਕਤੀ ’ਚ ਹੋਣਾ ਸੱਚਮੁੱਚ ਹੀ ਹੈਰਾਨੀਜਨਕ ਲੱਗਦਾ ਹੈ। ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਬੇਹੱਦ ਘੱਟ ਉਮਰ ’ਚ ਆਜ਼ਾਦੀ ਦੀ ਜੰਗ ’ਚ ਕੁੱਦ ਪੈਣਾ ਉਨ੍ਹਾਂ ਦੇ ਹੌਸਲੇ ਅਤੇ ਦੇਸ਼ਭਗਤੀ ਨੂੰ ਦਰਸਾਉਂਦਾ ਹੈ। ਅੰਗਰੇਜ਼ਾਂ ਕੋਲੋਂ ਆਜ਼ਾਦੀ ਮਿਲਣ ਤੋਂ ਬਾਅਦ ਆਮ ਆਦਮੀ ਤੱਕ ਆਜ਼ਾਦੀ ਦਾ ਫਲ ਪਹੁੰਚਾਉਣ ਲਈ ਇਕ ਬੰਨੇ ਪਵਿੱਤਰ ਸਿਆਸਤ ਤਾਂ ਦੂਜੇ ਪਾਸੇ ਪੱਤਰਕਾਰਿਤਾ ਨੂੰ ਆਧਾਰ ਬਣਾਉਣਾ ਉਨ੍ਹਾਂ ਦੀ ਦੂਰਦ੍ਰਿਸ਼ਟੀ ਦਾ ਪ੍ਰਤੀਕ ਹੈ। ਸਿਆਸਤ ਵੀ ਅਜਿਹੀ ਕਿ ਸਭ ਦੇ ਪ੍ਰਤੀ ਪ੍ਰੇਮ ਅਤੇ ਸਨੇਹ ਦਾ ਭਾਵ, ਚਾਹੇ ਉਹ ਕਿਸੇ ਵਿਰੋਧੀ ਦਲ ਦਾ ਹੀ ਕਿਉਂ ਨਾ ਹੋਵੇ! ਇਹੀ ਕਾਰਨ ਹੈ ਕਿ ਹਰ ਦਲ ਦੇ ਲੋਕ ਜਵਾਹਰਲਾਲ ਜੀ ਦਰੜਾ ਦਾ ਸਨਮਾਨ ਕਰਦੇ ਸਨ। ਉਨ੍ਹਾਂ ਦੀ ਸ਼ਖਸੀਅਤ ’ਚ ਬਿਲਕੁਲ ਵੱਖਰੀ ਤਰ੍ਹਾਂ ਦੀ ਖਿੱਚ ਸੀ। ਜੋ ਇਕ ਵਾਰ ਮਿਲ ਲੈਂਦਾ ਸੀ, ਉਨ੍ਹਾਂ ਦੇ ਸਨੇਹ ਸੂਤਰ ’ਚ ਬੱਝ ਜਾਂਦਾ ਸੀ। ਇਕ ਵਾਰ ਮਿਲਣ ਪਿੱਛੋਂ ਉਨ੍ਹਾਂ ਦਾ ਮੋਹ ਭਰਿਆ ਵਿਵਹਾਰ ਚਿਰਸਥਾਈ ਹੁੰਦਾ ਸੀ। ਸਦਾ ਸਨੇਹ ਨਾਲ ਭਰਿਆ। ਉਨ੍ਹਾਂ ਨਾਲ ਮੇਰੀ ਪਛਾਣ ਹੋਈ ਅਤੇ ਹੌਲੀ-ਹੌਲੀ ਸਬੰਧ ਇੰਨੇ ਡੂੰਘੇ ਹੋ ਗਏ ਕਿ ਅਸੀਂ ਇਕ ਪਰਿਵਾਰ ਬਣ ਗਏ। ਉਨ੍ਹਾਂ ਦੇ ਮੋਹ ਨਾਲ ਮੈਂ ਭਿੱਜ ਗਿਆ। ਮੈਨੂੰ ਯਾਦ ਹੈ ਕਿ 1977 ’ਚ ਪਹਿਲੀ ਵਾਰ ਜਦ ਮੈਂ ਵਿਧਾਨ ਸਭਾ ’ਚ ਚੁਣ ਕੇ ਗਿਆ ਤਾਂ ਮੈਂ ਉਨ੍ਹਾਂ ਨੂੰ ਘਰ ਬੁਲਾਇਆ। ਬਹੁਤ ਪਿਆਰ ਨਾਲ ਉਹ ਮਿਲੇ ਅਤੇ ਸ਼ਾਲ-ਸ਼੍ਰੀਫਲ ਦੇ ਕੇ ਮੇਰਾ ਸਨਮਾਨ ਕੀਤਾ। ਉਸ ਪਿਆਰ ਨੂੰ ਮੈਂ ਕਦੀ ਭੁੱਲ ਨਹੀਂ ਸਕਦਾ। ਉਹ ਪਲ ਮੇਰਾ ਖਜ਼ਾਨਾ ਹੈ।

ਇਹ ਵੀ ਪੜ੍ਹੋ- ਨਕੋਦਰ 'ਚ ਵੱਡੀ ਵਾਰਦਾਤ, ਝੋਨਾ ਲਾਉਣ ਦੀ ਤਿਆਰੀ ਕਰ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਉਨ੍ਹਾਂ ਦੀ ਸੋਚ ਕਿੰਨੀ ਵੱਡੀ ਸੀ ਅਤੇ ਕਿੰਨੇ ਵੱਡੇ ਦਿਲ ਵਾਲੇ ਸਨ ਬਾਬੂ ਜੀ, ਇਸ ਦੀ ਮੈਂ ਤੁਹਾਨੂੰ ਉਦਾਹਰਣ ਦਿੰਦਾ ਹਾਂ। ਮੈਂ 27 ਜਨਵਰੀ 1979 ’ਚ ਹਿੱਤਵਾਦ ਸ਼ੁਰੂ ਕੀਤਾ। ਮੁੱਖ ਮਹਿਮਾਨ ਦੇ ਤੌਰ ’ਤੇ ਸ਼੍ਰੀ ਗਿਰੀਲਾਲ ਜੈਨ, ਸ਼੍ਰੀ ਸ਼ਿਵਰਾਜ ਪਾਟਿਲ ਅਤੇ ਸ਼੍ਰੀ ਜਵਾਹਰਲਾਲ ਦਰੜਾ ਨੂੰ ਸੱਦਾ ਪੱਤਰ ਦਿੱਤਾ। ਮੈਂ ਭਰਾ ਜੀ ਨੂੰ ਕਿਹਾ ਕਿ ਤੁਸੀਂ ਆਓਗੇ ਨਾ? ਉਨ੍ਹਾਂ ਨੇ ਕਿਹਾ ਕਿ ਕਿਉਂ ਨਹੀਂ ਆਵਾਂਗਾ? ਉਹ ਉਸ ਪ੍ਰੋਗਰਾਮ ’ਚ ਆਏ ਅਤੇ ਬਹੁਤ ਵਧੀਆ ਭਾਸ਼ਣ ਵੀ ਦਿੱਤਾ। ਇਕ ਹੋਰ ਉਦਾਹਰਣ ਦਿੰਦਾ ਹਾਂ। ਉਹ ਜਦੋਂ ਉਦਯੋਗ ਮੰਤਰੀ ਸਨ ਤਦ ਬਾਂਬੇ ਹਾਈ ਤੋਂ ਗੈਸ ਕੱਢੇ ਜਾਣ ਦੀ ਸ਼ੁਰੂਆਤ ਹੋਈ ਸੀ। ਬਾਂਬੇ ਹਾਈ ਦੇ ਸੀਨੀਅਰ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਗੈਸ ਕਿਤੇ ਵੀ ਲਿਜਾਈ ਜਾ ਸਕਦੀ ਹੈ। ਮੈਂ ਉਨ੍ਹਾਂ ਦੀ ਤਕਨੀਕ ਦਾ ਅਧਿਐਨ ਕੀਤਾ ਅਤੇ ਵਿਧਾਨ ਸਭਾ ’ਚ ਕਿਹਾ ਕਿ ਇਸ ਗੈਸ ਨੂੰ ਪਾਈਪਲਾਈਨ ਰਾਹੀਂ ਵਿਦਰਭ ਪਹੁੰਚਾਇਆ ਜਾਵੇ ਅਤੇ ਪੈਟ੍ਰੋਕੈਮੀਕਲ ਪਲਾਂਟ ਦੀ ਸਥਾਪਨਾ ਕੀਤੀ ਜਾਵੇ। ਭਰਾ ਜੀ ਨੇ ਕਿਹਾ ਕਿ ਗੈਸ ਜਾਵੇਗੀ ਕਿਵੇਂ? ਅਸਲ ’ਚ ਉਨ੍ਹਾਂ ਨੇ ਮੈਨੂੰ ਡਾਂਟ ਵੀ ਦਿੱਤਾ ਸੀ।

ਮੈਂ ਵੀ ਨਾਰਾਜ਼ ਹੋ ਗਿਆ ਸੀ ਪਰ ਉਨ੍ਹਾਂ ਦਾ ਦਿਲ ਇੰਨਾ ਵੱਡਾ ਸੀ ਕਿ 6 ਮਹੀਨੇ ਬਾਅਦ ਜਦ ਯੂ. ਪੀ. ਤਕ ਪਾਈਪ ਲਾਈਨ ਵਿਛਾਉਣ ਦੀ ਗੱਲ ਹੋਣ ਲੱਗੀ ਤਾਂ ਉਨ੍ਹਾਂ ਨੇ ਸੱਦਿਆ ਤੇ ਕਿਹਾ ਕਿ ਤੁਹਾਡੀ ਗੱਲ ’ਚ ਦਮ ਸੀ। ਉਨ੍ਹਾਂ ਨੇ ਸ਼ਰਦ ਪਵਾਰ ਨੂੰ ਵੀ ਦੱਸਿਆ ਕਿ ਇਨ੍ਹਾਂ ਨੇ ਸਵਾਲ ਉਠਾਇਆ ਸੀ ਪਰ ਅਸੀਂ ਧਿਆਨ ਨਹੀਂ ਦਿੱਤਾ। ਬਾਬੂ ਜੀ ਦੀ ਪ੍ਰਸ਼ਾਸਨਿਕ ਸਮਰੱਥਾ ਅਤੇ ਮਿਲਣਸਾਰਤਾ ਦਾ ਹੀ ਨਤੀਜਾ ਸੀ ਕਿ ਉਹ ਜਿਸ ਵਿਭਾਗ ਦੇ ਵੀ ਮੰਤਰੀ ਰਹੇ, ਖੂਬ ਕੰਮ ਕੀਤਾ। ਉਹ ਵਿਸ਼ਿਆਂ ਨੂੰ ਡੂੰਘਾਈ ਨਾਲ ਸਮਝਦੇ ਸਨ। ਉਂਝ ਤਾਂ ਉਹ ਸਭ ਦੇ ਪ੍ਰਤੀ ਸਨੇਹ ਦਾ ਭਾਵ ਰੱਖਦੇ ਸਨ ਪਰ ਮੇਰੇ ਪ੍ਰਤੀ ਤਾਂ ਉਨ੍ਹਾਂ ਦਾ ਸਨੇਹ ਭਾਵ ਗਜ਼ਬ ਦਾ ਸੀ। ਜਦੋਂ ਮੈਂ ਲੋਕ ਸਭਾ ਦੀ ਚੋਣ ਲੜੀ ਤਾਂ ਉਨ੍ਹਾਂ ਨੇ ਭਰਪੂਰ ਹਮਾਇਤ ਕੀਤੀ। ਕਦੀ ਇਹ ਆਸ ਨਹੀਂ ਰੱਖੀ ਕਿ ਮੈਂ ਲੋਕਮਤ ਨੂੰ ਕੋਈ ਇਸ਼ਤਿਹਾਰ ਦੇਵਾਂਗਾ। ਯਕੀਨੀ ਹੀ ਉਨ੍ਹਾਂ ਨੇ ਇਕ ਤਰਫਾ ਸਹਿਯੋਗ ਕੀਤਾ। ਮੈਨੂੰ ਯਾਦ ਹੈ ਕਿ ਜਦ ਵੀ ਮੈਂ ਮੁੰਬਈ ਜਾਂਦਾ ਤਾਂ ਉਨ੍ਹਾਂ ਦੇ ਘਰ ਜ਼ਰੂਰ ਜਾਂਦਾ ਸੀ। ਕਈ ਵਾਰ ਤਾਂ ਬਿਨਾਂ ਦੱਸਿਆਂ ਵੀ ਪਹੁੰਚ ਜਾਂਦਾ ਸੀ। ਦੇਖਦਿਆਂ ਹੀ ਉਹ ਖੁਸ਼ ਹੋ ਜਾਂਦੇ ਸਨ। ਆਓ-ਭਗਤ ’ਚ ਕਦੀ ਕੋਈ ਕਮੀ ਨਹੀਂ ਰੱਖਦੇ ਸਨ। ਉਨ੍ਹਾਂ ਦੇ ਘਰੋਂ ਕੋਈ ਬਿਨਾਂ ਖਾਣਾ ਖਾਧੇ ਚਲੇ ਜਾਵੇ, ਇਹ ਸੰਭਵ ਹੀ ਨਹੀਂ ਸੀ। ਕਈ ਵਾਰ ਉਹ ਮੈਨੂੰ ਯਵਤਮਾਲ ਵੀ ਲੈ ਗਏ। ਸਰਕਿਟ ਹਾਊਸ ’ਚ ਨਹੀਂ ਸਗੋਂ ਘਰ ਰੱਖਿਆ। ਉਨ੍ਹਾਂ ਦੇ ਆਦਰਸ਼ ਵਿਵਹਾਰ ਦੀਆਂ ਯਾਦਾਂ ਅੱਜ ਵੀ ਤਾਜ਼ਾ ਹਨ।

ਇਹ ਵੀ ਪੜ੍ਹੋ- ਕਾਰੋਬਾਰੀ ਦੇ ਘਰ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ 'ਚ ਲੁਟੇਰਿਆਂ ਦੇ ਵੱਡੇ ਖ਼ੁਲਾਸੇ, ਮੈਸੇਂਜਰ 'ਤੇ ਖੇਡੀ ਗਈ ਸਾਰੀ ਖੇਡ

ਲੋਕਮਤ ਦੀ ਲਾਂਚਿੰਗ ਦੀ ਮੈਨੂੰ ਧੁੰਦਲੀ ਜਿਹੀ ਯਾਦ ਹੈ। ਆਇਲ ਮਿੱਲ ਕੰਪਾਊਂਡ ਗਣੇਸ਼ਪੇਠ ਤੋਂ ਉਨ੍ਹਾਂ ਨੇ ਲੋਕਮਤ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਆਮ ਆਦਮੀ ਦੀ ਚਾਹਤ ਨੂੰ ਨੇੜਿਓਂ ਸਮਝਣ ਦਾ ਹੀ ਨਤੀਜਾ ਹੈ ਕਿ ਲੋਕਮਤ ਨੇ ਇੰਨਾ ਵੱਡਾ ਰੂਪ ਪ੍ਰਾਪਤ ਕੀਤਾ। ਆਪਣੀ ਪੂਰੀ ਊਰਜਾ ਉਨ੍ਹਾਂ ਨੇ ਲਾ ਦਿੱਤੀ। ਪੱਤਰਕਾਰਿਤਾ ਦੇ ਉੱਚਤਮ ਮਾਪਦੰਡਾਂ ਦਾ ਹਮੇਸ਼ਾ ਪਾਲਣ ਕੀਤਾ। ਸਿਧਾਂਤਾਂ ਨਾਲ ਕਦੀ ਸਮਝੌਤਾ ਨਹੀਂ ਕੀਤਾ। ਪੱਤਰਕਾਰਿਤਾ ’ਚ ਪਵਿੱਤਰਤਾ ਹੀ ਸਭ ਤੋਂ ਵੱਡੀ ਪੂੰਜੀ ਹੈ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਅੱਜ ਅਸੀਂ ਉਨ੍ਹਾਂ ਦੀ ਜਨਮ ਸ਼ਤਾਬਦੀ ਮਨਾ ਰਹੇ ਹਾਂ। ਮੈਨੂੰ ਹਮੇਸ਼ਾ ਲੱਗਦਾ ਹੈ ਕਿ ਕੁਝ ਦਿਨ ਹੋਰ ਸਾਡੇ ਨਾਲ ਰਹੇ ਹੁੰਦੇ ਤਾਂ ਰਾਸ਼ਟਰ ਅਤੇ ਮਹਾਰਾਸ਼ਟਰ ਨੂੰ ਉਨ੍ਹਾਂ ਦੀਆਂ ਬੇਸ਼ਕੀਮਤੀ ਸੇਵਾਵਾਂ ਹੋਰ ਮਿਲੀਆਂ ਹੁੰਦੀਆਂ। ਤਸੱਲੀ ਦੀ ਗੱਲ ਇਹ ਹੈ ਕਿ ਵਿਜੇ ਬਾਬੂ ਅਤੇ ਰਾਜਿੰਦਰ ਬਾਬੂ ਯੋਗ ਪਿਤਾ ਦੀ ਯੋਗ ਸੰਤਾਨ ਹਨ। ਅਗਲੀ ਪੀੜ੍ਹੀ ਵੀ ਯੋਗ ਨਿਕਲੀ ਹੈ। ਭਰਾ ਜੀ ਦੇ ਸਿਧਾਂਤਾਂ ’ਤੇ ਪੂਰਾ ਪਰਿਵਾਰ ਅੱਜ ਵੀ ਚੱਲ ਰਿਹਾ ਹੈ, ਇਹ ਖੁਸ਼ੀ ਦੀ ਗੱਲ ਹੈ। ਪੂਰਾ ਪਰਿਵਾਰ ਵਧੇ-ਫੁੱਲੇ, ਇਹੀ ਮੇਰਾ ਆਸ਼ੀਰਵਾਦ। ਸਭ ਨੂੰ ਸ਼ੁੱਭਕਾਮਨਾਵਾਂ।-ਬਨਵਾਰੀਲਾਲ ਪੁਰੋਹਿਤ, ਰਾਜਪਾਲ ਪੰਜਾਬ

ਇਹ ਵੀ ਪੜ੍ਹੋ- ਹੁਸ਼ਿਆਰਪੁਰ ਵਿਖੇ ਵਿਅਕਤੀ ਦੀ ਕੁੱਟਮਾਰ ਮਗਰੋਂ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri