ਲੁਧਿਆਣਾ 'ਚ ਵੱਡੀ ਵਾਰਦਾਤ, ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਰੂਹ ਕੰਬਾਊ ਮੌਤ, ਤਬੇਲੇ 'ਚ ਦਫ਼ਨਾਈ ਲਾਸ਼

12/07/2022 7:13:58 PM

ਹਲਵਾਰਾ (ਮਨਦੀਪ)- 24 ਨਵੰਬਰ ਨੂੰ ਘਰੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਲੈ ਕੇ ਭੱਜਣ ਵਾਲੀ 24 ਸਾਲਾ ਜਸਪਿੰਦਰ ਕੌਰ ਦਾ ਉਸ ਦੇ ਪ੍ਰੇਮੀ ਪਰਮਪ੍ਰੀਤ ਸਿੰਘ ਵਾਸੀ ਪਿੰਡ ਸੁਧਾਰ ਨੇ ਕਤਲ ਕਰ ਦਿੱਤਾ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਜਸਪਿੰਦਰ ਕੌਰ ਦੇ ਕਤਲ ਦੇ ਦੋਸ਼ ਵਿੱਚ ਦੋ ਸਦੇ ਭਰਾ ਪਰਮਪ੍ਰੀਤ ਸਿੰਘ ਉਰਫ਼ ਪਰਮ ਅਤੇ ਭਵਨਪ੍ਰੀਤ ਸਿੰਘ ਉਰਫ਼ ਭਾਵਨਾ ਪਿੰਡ ਸੁਧਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸੋਮਵਾਰ ਨੂੰ ਇਸ ਮਾਮਲੇ ਵਿੱਚ ਧਾਰਾ 346 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਜਸਪਿੰਦਰ ਕੌਰ ਦੇ ਕਤਲ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਇਸ ਵਿੱਚ ਧਾਰਾ 302 ਜੋੜ ਦਿੱਤੀ ਗਈ ਹੈ। ਅਜੇ ਤੱਕ ਜਸਪਿੰਦਰ ਕੌਰ ਦੀ ਲਾਸ਼ ਬਰਾਮਦ ਨਹੀਂ ਹੋਈ ਹੈ। ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਦੋਵੇਂ ਨਾਮਜ਼ਦ ਮੁਲਜ਼ਮ ਭਰਾ ਪਰਮ ਅਤੇ ਭਾਵਨਾ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। 
ਕਤਲ ਕਰਨ ਮਗਰੋਂ ਕੁੜੀ ਦੀ ਲਾਸ਼ ਨੂੰ ਤਬੇਲੇ ਵਿਚ ਦਫ਼ਨਾ ਦਿੱਤਾ। ਲਾਸ਼ ਨੂੰ ਦਫ਼ਨਾਉਣ ਤੋਂ ਪਹਿਲਾਂ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ, ਫਿਰ ਉਸ ਨੂੰ ਬਾਹਰ ਕੱਢ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਲਾਸ਼ ਨੂੰ ਅੱਗ ਨਾ ਲਗਾਈ ਜਾ ਸਕੀ। ਇਸ ਤੋਂ ਬਾਅਦ ਮੁਲਜ਼ਮ ਨੇ ਜੇ. ਸੀ. ਬੀ. ਮਸ਼ੀਨ ਚਾਲਕ ਨੂੰ ਬੁਲਾ ਕੇ ਕਿਹਾ ਕਿ ਮੇਰਾ ਇੱਕ ਘੋੜਾ ਮਰ ਗਿਆ ਹੈ, ਇਸ ਨੂੰ ਦਫ਼ਨਾਉਣਾ ਹੈ। ਡਰਾਈਵਰ ਨੂੰ ਉਸ ਦੇ ਸਟੱਡ ਫਾਰਮ ਵਿੱਚ 6 ਫੁੱਟ ਤੋਂ ਵੱਧ ਡੂੰਘਾ ਟੋਆ ਪੁੱਟਣ ਤੋਂ ਬਾਅਦ ਜੇ. ਸੀ. ਬੀ.  ਚਾਲਕ ਨੂੰ ਭੇਜ ਦਿੱਤਾ ਗਿਆ। ਮੁਲਜ਼ਮਾਂ ਨੇ ਬਾਅਦ ਵਿੱਚ ਅੱਧੀ ਸੜੀ ਹੋਈ ਲਾਸ਼ ਨੂੰ ਇਕ ਤਬੇਲੇ ਵਿਚ ਟੋਏ ਵਿੱਚ ਦੱਬ ਦਿੱਤਾ।

ਜਾਣੋ ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ 24 ਨਵੰਬਰ ਨੂੰ ਜਸਪਿੰਦਰ ਕੌਰ ਦੇ ਘਰੋਂ ਭੱਜਣ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਰਸੂਲਪੁਰ ਨਾਲ ਸਬੰਧਤ ਥਾਣਾ ਹਠੂਰ ਵਿਖੇ ਗਏ ਸਨ ਅਤੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ ਪਰ ਥਾਣਾ ਹਠੂਰ ਦੀ ਪੁਲਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਸੀ ਅਤੇ ਥਾਣੇ ਤੋਂ ਭਜਾ ਦਿੱਤਾ ਸੀ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਉਲਟਾ ਉਹ ਪੀੜਤ ਪਰਿਵਾਰ ਤੋਂ ਪੁੱਛਗਿੱਛ ਕਰਦੀ ਰਹੀ ਕਿ ਇੰਨਾ ਸੋਨਾ ਅਤੇ ਪੈਸਾ ਕਿੱਥੋਂ ਆਇਆ। ਥਾਣਾ ਇੰਚਾਰਜ ਜਗਜੀਤ ਸਿੰਘ ਦੀ ਅਸੰਵੇਦਨਸ਼ੀਲਤਾ ਵੀ ਸਵਾਲਾਂ ਦੇ ਘੇਰੇ ਵਿਚ ਹੈ। ਪੀੜਤ ਪਰਿਵਾਰ ਸਿਆਸਤਦਾਨਾਂ ਅਤੇ ਅਫ਼ਸਰਾਂ ਦੀਆਂ ਕਚਹਿਰੀਆਂ ਵਿੱਚ ਗੇੜੇ ਮਾਰਦਾ ਰਿਹਾ। ਸੋਮਵਾਰ 5 ਦਸੰਬਰ ਨੂੰ ਪਰਮ ਅਤੇ ਭਾਵਨਾ ਦੇ ਪਿਤਾ ਹਰਪਿੰਦਰ ਸਿੰਘ ਨੇ ਖ਼ੁਦ ਜਸਪਿੰਦਰ ਕੌਰ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਦੋਬਾਰਾ ਹਠੂਰ ਥਾਣੇ ਪਹੁੰਚਿਆ ਅਤੇ ਸਾਰੀ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ : ਪੰਜਾਬ ’ਚ ਪਹਿਲੀ ਵਾਰ ਬਿਜਲੀ ਦੀ ਕਮੀ ਨਹੀਂ ਹੋਈ, ਥਰਮਲ ਪਲਾਂਟਾਂ ਨੂੰ ਹੋਰ ਮਜ਼ਬੂਤ ਬਣਾਵਾਂਗੇ: ਭਗਵੰਤ ਮਾਨ

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਸ਼੍ਰੋਮਣੀ ਕਮੇਟੀ ’ਚ ਬਾਦਲਾਂ ਦੀ ਦਖ਼ਲਅੰਦਾਜ਼ੀ ਲੋਕਾਂ ਨੂੰ ਨਹੀਂ ਪਸੰਦ

ਕਤਲ ਦੀ ਸੂਚਨਾ ਮਿਲਦੇ ਹੀ ਹਠੂਰ ਪੁਲਸ ਅਤੇ ਥਾਣਾ ਇੰਚਾਰਜ ਜਗਜੀਤ ਸਿੰਘ ਨੇ ਆਪਣੇ ਆਪ ਨੂੰ ਬਚਾਉਣ ਲਈ ਧਾਰਾ 346 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ। ਇਹ ਕੇਸ ਜਸਪਿੰਦਰ ਕੌਰ ਦੇ ਭਰਾ ਕਮਲਜੀਤ ਸਿੰਘ ਪੁੱਤਰ ਸ਼ਮਿੰਦਰ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਸੀ। ਜਿਸ ਵਿੱਚ ਲਿਖਿਆ ਸੀ ਕਿ ਸ਼ਮਿੰਦਰ ਦੇ ਪਿਤਾ ਖੇਤ ਗਏ ਹੋਏ ਸਨ ਅਤੇ ਮਾਂ ਸਕੂਲ ਵਿੱਚ ਪੜ੍ਹਾਉਣ ਗਈ ਹੋਈ ਸੀ। ਇਸ ਦੌਰਾਨ ਜਸਪਿੰਦਰ ਕੌਰ ਘਰੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਲੈ ਕੇ ਪਰਮਪ੍ਰੀਤ ਸਿੰਘ ਪਰਮ ਦੇ ਨਾਲ ਭੱਜ ਗਈ। ਹਠੂਰ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਅੱਜ ਛਾਪੇਮਾਰੀ ਸ਼ੁਰੂ ਕਰ ਦਿੱਤੀ। ਅੱਜ ਹੀ ਹਠੂਰ ਪੁਲਸ ਨੇ ਧਾਰਾ ਵਿੱਚ ਵਾਧਾ ਕਰਦਿਆਂ 302 ਦੀ ਧਾਰਾ ਜੋੜ ਦਿੱਤੀ ਹੈ।  ਮੌਕੇ ਤੇ ਡੀ. ਐੱਸ. ਪੀ. ਰਾਏਕੋਟ ਰਛਪਾਲ ਸਿੰਘ ਢੀਂਡਸਾ ਥਾਣਾ ਹਠੂਰ ਦੇ ਮੁਖੀ ਜਗਜੀਤ ਸਿੰਘ ਪੁੱਜੇ ਹਨ। ਇਸ ਦੇ ਨਾਲ ਹੀ ਫੋਰੈਂਸਿਕ ਅਤੇ ਫਿੰਗਰ ਟੀਮ ਲੁਧਿਆਣਾ ਤੋਂ ਥਾਣੇਦਾਰ ਦਵਿੰਦਰ ਸਿੰਘ ਟੀਮ ਸਮੇਤ ਪੁੱਜੀ ਹੈ। 

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਠੂਰ ਪੁਲਸ ਨੇ ਦੋਸ਼ੀ ਭਰਾਵਾਂ ਦੇ ਪਿਤਾ ਹਰਪਿੰਦਰ ਸਿੰਘ, ਸੁਧਾਰ ਥਾਣਾ ਸਦਰ ਦੇ ਪਿੰਡ ਘੁਮਾਣ ਦੇ ਰਹਿਣ ਵਾਲੇ ਇਕ ਨੌਜਵਾਨ ਅਤੇ ਕੁਝ ਹੋਰ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸੁਧਾਰ ਪਿੰਡ ਵਿੱਚ ਮੁਲਜ਼ਮ ਭਰਾਵਾਂ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਹੈ। ਜਾਣਕਾਰੀ ਇਹ ਵੀ ਆ ਰਹੀ ਹੈ ਕਿ ਜਸਪਿੰਦਰ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਕਿਤੇ ਦੱਬ ਦਿੱਤਾ ਗਿਆ ਸੀ। ਇਸ ਸਨਸਨੀਖੇਜ਼ ਮਾਮਲੇ 'ਚ ਦੋਵੇਂ ਦੋਸ਼ੀ ਭਰਾਵਾਂ ਦੇ ਨਾਲ-ਨਾਲ ਉਨ੍ਹਾਂ ਦੇ ਕੁਝ ਦੋਸਤਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਜਸਪਿੰਦਰ ਕੌਰ ਦਾ ਕਤਲ 24 ਨਵੰਬਰ ਨੂੰ ਹੀ ਕਰ ਦਿੱਤਾ ਗਿਆ ਸੀ ਜਾਂ ਫਿਰ ਉਸ ਦੇ ਬਾਅਦ, ਇਸ ਦਾ ਖ਼ੁਲਾਸਾ ਵੀ ਲਾਸ਼ ਦੀ ਬਰਾਮਦਗੀ ਹੋਣ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

ਇਹ ਵੀ ਪੜ੍ਹੋ : ਐਕਸ਼ਨ 'ਚ ਜਲੰਧਰ ਦੇ ਡਿਪਟੀ ਕਮਿਸ਼ਨਰ, 12 ਮੁਲਾਜ਼ਮਾਂ ਨੂੰ ਜਾਰੀ ਕੀਤੇ ਨੋਟਿਸ, ਜਾਣੋ ਕਿਉਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri