ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਦੇ ਨਾਂ ''ਤੇ ਕੀਤੀ ਜੋੜੇ ਨੇ ਵੱਡੀ ਠੱਗੀ, ਇੰਝ ਹੋਇਆ ਖੁਲਾਸਾ

02/24/2017 6:21:08 PM

ਖਰੜ(ਸ਼ਸ਼ੀ, ਰਣਬੀਰ, ਅਮਰਦੀਪ)— ਹਿੰਦੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਅਮਿਤਾਬ ਬੱਚਨ ਦਾ ਕਈ ਸਿੱਖਿਅਕ ਅਦਾਰਿਆਂ ''ਚ ਦੌਰਾ ਕਰਵਾਉਣ ਦਾ ਲਾਰਾ ਲਗਾ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਅਧੀਨ ਖਰੜ ਪੁਲਸ ਨੇ ਇਕ ਜੋੜੇ ਸਮੇਤ ਹੋਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਚੰਡੀਗੜ੍ਹ ਦੇ ਰਹਿਣ ਵਾਲੀ ਡਾ. ਦਿਪਤੀ ਵੱਲੋਂ ਖਰੜ ਸਿਟੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਦਸੰਬਰ 2016 ''ਚ ਉਸ ਨੂੰ ਸੈਕਟਰ-35 ਦੇ ਹੋਟਲ ''ਚ ਹੈਰੀ ਭੱਟ ਉਰਫ ਹਰਨੇਕ, ਉਰਫ ਅਵਿਨਾਸ਼ ਉਰਫ ਭਾਈ ਵੈਦਿਆ ਪੁੱਤਰ ਰਜਿੰਦਰ ਵੈਦਿਆ ਆਪਣੀ ਪਤਨੀ ਡੌਲੀ ਭੱਟ, ਜੋ ਗੁਜਰਾਤ ਦੇ ਰਹਿਣ ਵਾਲੇ ਸਨ ਅਤੇ ਖਰੜ ਵਿਖੇ ਏਕਮੇ ਹਾਈਟਸ ਨੰਬਰ ''ਚ ਰਹਿੰਦੇ ਸਨ, ਮਿਲੇ ਸਨ। ਉਨ੍ਹਾਂ ਨੇ ਦਿਪਤੀ ਨੂੰ ਦੱਸਿਆ ਕਿ ਉਹ ਇਕ ਪੰਜਾਬੀ ਫਿਲਮ ''ਇਕ-ਦੂਜੇ ਕੇ ਵਾਸਤੇ'' ਬਣਾ ਰਹੇ ਹਨ, ਜਿਸ ''ਚ ਉਹ ਹੀਰੋ ਕਰਤਾਰ ਸਿੰਘ ਚੀਮਾ ਅਤੇ ਹੀਰੋਇਨ ਅਕਾਸਿਮਾ ਸਰੀਨ ਹੈ ਅਤੇ ਇਸ ਫਿਲਮ ਨੂੰ ਬਣਾਉਣ ਲਈ ਹੋਰ ਵਿਅਕਤੀ ਵੀ ਸਨ। ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ''ਚ ਪ੍ਰਸਿੱਧ ਅਦਾਕਾਰ ਅਮਿਤਾਬ ਬੱਚਨ ਮਹਿਮਾਨ ਦਾ ਰੋਲ ਅਦਾ ਕਰਨ ਵਾਲੇ ਹਨ।
ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਇਸ ਫਿਲਮ ''ਚ ਇਕ ਲੇਡੀ ਡਾਕਟਰ ਦਾ ਰੋਲ ਦੁਆਉਣ ਦਾ ਭਰੋਸਾ ਦਿੱਤਾ, ਫਿਰ ਜਨਵਰੀ 2017 ਦੇ ਪਹਿਲੇ ਹਫਤੇ ''ਚ ਉਨ੍ਹਾਂ ਨੇ ਫੋਨ ''ਤੇ ਸ਼ਿਕਾਇਤਕਰਤਾ ਨਾਲ ਗੱਲ ਕੀਤੀ ਅਤੇ ਉਸ ਦੇ ਚੰਡੀਗੜ੍ਹ ਦੇ ਘਰ ''ਚ ਹੈਰੀ ਭੱਟ ਆ ਗਿਆ। ਫਿਰ ਉਸ ਨੇ ਕਿਹਾ ਕਿ ਅਮਿਤਾਬ ਬੱਚਨ ਨੇ ਆਪਣੇ ਪਿਤਾ ਦੀਆਂ ਕਿਤਾਬਾਂ ਰਿਲੀਜ਼ ਕਰਨੀਆਂ ਹਨ, ਇਸ ਲਈ ਉਹ ਇਸ ਸੰਬੰਧੀ ਇਕ ਕਾਲਜ ਨਾਲ ਉਸ ਦੀ ਗੱਲਬਾਤ ਕਰਵਾ ਦੇਣ। ਉਸ ਨੇ ਕਿਹਾ ਕਿ ਅਮਿਤਾਬ ਬੱਚਨ ਨੇ ਕਾਲਜਾਂ ''ਚ ਆ ਕੇ ਬੱਚਿਆਂ ਨਾਲ ਗੱਲਬਾਤ ਵੀ ਕਰਨੀ ਹੈ। 
ਸ਼ਿਕਾਇਤਕਰਤਾ ਨੇ ਦੱਸਿਆ ਕਿ ਹੈਰੀ ਭੱਟ ਆਪਣੀ ਕਾਰ ''ਚ ਸਵਾਰ ਹੋ ਕੇ ਉਸ ਨਾਲ ਵੱਖ-ਵੱਖ ਤਰੀਕਾਂ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ''ਚ ਗਏ ਅਤੇ ਉਸ ਨੇ ਹੈਰੀ ਭੱਟ ਦੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਡਾਇਰੈਕਟਰਾਂ ਨਾਲ ਗੱਲਬਾਤ ਕਰਵਾ ਦਿੱਤੀ। ਇਸ ਤੋਂ ਬਾਅਦ ਹੈਰੀ ਭੱਟ ਅਤੇ ਉਸ ਦੀ ਪਤਨੀ ਡੌਲੀ ਭੱਟ ਨੇ ਮਿਲ ਕੇ ਵੱਖ-ਵੱਖ ਕਾਲਜਾਂ ਨਾਲ ਤਾਲਮੇਲ ਕਰ ਕੇ ਉਨ੍ਹਾਂ ਨੂੰ ਈ-ਮੇਲ ਰਾਹੀਂ ਪ੍ਰਪੋਜ਼ਲ ਭੇਜੇ ਅਤੇ ਉਨ੍ਹਾਂ ਕੋਲੋਂ ਆਪਣੀ ਕੰਪਨੀ ਗਲੇਮੋਨ ਇੰਡੀਆ ਫਿਲਮ ਰਾਈਟਰ ਐਂਡ ਪ੍ਰੋਡਿਊਸਰ ਦੇ ਖਾਤੇ, ਜੋ ਖਰੜ ਵਿਖੇ ਐਕਸਿਸ ਬੈਂਕ ''ਚ ਖੋਲ੍ਹਿਆ ਹੋਇਆ ਸੀ, ਉਸ ''ਚ ਪੈਸੇ ਮੰਗਵਾ ਲਏ। ਇਨ੍ਹਾਂ ਦੋਵਾਂ ਨੇ ਹਰੇਕ ਕਾਲਜ ਅਤੇ ਯੂਨੀਵਰਸਿਟੀ ਤੋਂ ਸਾਢੇ 5 ਲੱਖ ਰੁਪਏ ਲਏ ਅਤੇ ਕਿਹਾ ਕਿ ਇਹ ਅਮਿਤਾਬ ਬੱਚਨ ਦੀ ਸਕਿਓਰਿਟੀ ਲਈ ਹੈ।
ਦੋਸ਼ੀਆਂ ਨੇ ਹੋਰ ਭੋਲੇ ਭਾਲੇ ਵਿਅਕਤੀਆਂ ਨਾਲ ਵੀ ਫਿਲਮ ਇੰਡਸਟਰੀ ''ਚ ਕੰਮ ਕਰਨ ਅਤੇ ਹੀਰੋ-ਹੀਰੋਇਨ ਨੂੰ ਆਪਣੀਆਂ ਗੱਡੀਆਂ ''ਚ ਲੈ ਕੇ ਆਉਣ ਦਾ ਝਾਂਸਾ ਦੇ ਕੇ ਪੈਸਿਆਂ ਦੀ ਠੱਗੀ ਮਾਰੀ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਨੇ ਮੈਨੂੰ ਵੀ ਫੋਟੋ ਸ਼ੂਟ ਕਰਨ ਲਈ ਜੋ ਚੈੱਕ ਦਿੱਤੇ ਸਨ, ਉਹ ਬਾਊਂਸ ਹੋ ਗਏ। ਇਹ ਚੈੱਕ ਵੀ ਐਕਸਿਸ ਬੈਂਕ ਦੇ ਸਨ। ਇੰਝ ਉਨ੍ਹਾਂ ਨੇ ਉਸ ਦੇ ਅਕਸ ਨੂੰ ਵੀ ਬਦਨਾਮ ਕੀਤਾ ਹੈ।
ਉਸ ਨੇ ਦੋਸ਼ ਲਗਾਇਆ ਕਿ ਇਸ ਸਾਜ਼ਿਸ ''ਚ ਹੋਰ ਵਿਅਕਤੀ ਵੀ ਸ਼ਾਮਲ ਹਨ ਕਿਉਂਕਿ ਦੋਸ਼ੀਆਂ ਨੇ ਆਪਣੀ ਕੰਪਨੀ ਨੂੰ ਚਲਾਉਣ ਲਈ ਕਈ ਜਾਅਲੀ ਐਗਰੀਮੈਂਟ ਕੀਤੇ ਹੋਏ ਹਨ ਅਤੇ ਉਨ੍ਹਾਂ ਕਈ ਵਿਅਕਤੀਆਂ ਨੂੰ ਫਿਲਮ ਇੰਡਸਟਰੀ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਨਕਦੀ ਪੈਸੇ ਲਏ ਅਤੇ ਬਲੈਂਕ ਚੈੱਕ ਦਿੱਤੇ ਹੋਏ ਹਨ। 
ਡਾ. ਦਿਪਤੀ ਨੇ ਦੱਸਿਆ ਕਿ ਦੋਸ਼ੀਆਂ ਨੇ ਲੁਧਿਆਣਾ, ਖੰਨਾ, ਮੁਲਾਣਾ, ਬਨੂੜ, ਘੜੂੰਆਂ ਸਮੇਤ ਇਸ ਖੇਤਰ ਦੇ 8 ਪ੍ਰਸਿੱਧ ਸਿੱਖਿਅਕ ਅਦਾਰਿਆਂ ਤੋਂ ਸਾਢੇ 5 ਲੱਖ ਰੁਪਏ ਹਰੇਕ ਅਦਾਰੇ ਤੋਂ ਪ੍ਰਾਪਤ ਕੀਤੇ ਹਨ ਅਤੇ ਉਹ ਇਨ੍ਹਾਂ ਦੇ ਨਾਲ ਇਨ੍ਹਾਂ ਅਦਾਰਿਆਂ ''ਚ ਗਈ ਸੀ। ਉਨ੍ਹਾਂ ਵੱਲੋਂ ਅਮਿਤਾਬ ਬੱਚਨ ਦਾ 21 ਫਰਵਰੀ ਤੋਂ ਲੈ ਕੇ 27 ਫਰਵਰੀ ਤੱਕ ਦਾ ਦੌਰਾ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਨੇ ਨਿਊ ਸੰਨੀ ਇਨਕਲੇਵ ਵਿਖੇ ਕਲੱਬ 360 ਸਟੂਡੀਓ ਨਾਂ ਦਾ ਇਕ ਬਹੁਤ ਸ਼ਾਨਦਾਰ ਦਫਤਰ ਖੋਲ੍ਹਿਆ ਹੋਇਆ ਸੀ ਅਤੇ ਉਹ ਇਥੇ ਪਿਛਲੇ ਸਾਲ ਜੂਨ ਤੋਂ ਕੰਮ ਕਰ ਰਹੇ ਸਨ। ਖਰੜ ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਖਰੜ ਸਿਟੀ ਪੁਲਸ ਨੇ ਇਸ ਸੰਬੰਧੀ ਸ਼ਿਕਾਇਤਕਰਤਾ ਦੇ ਬਿਆਨਾਂ ''ਤੇ ਹੈਰੀ ਭੱਟ, ਉਸ ਦੀ ਪਤਨੀ ਡੌਲੀ ਭੱਟ, ਐਕਸਿਸ ਬੈਂਕ ਦੇ ਮੈਨੇਜਰ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।