ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕਰ ਦਿੱਤੇ ਹੁਕਮ

02/14/2024 6:08:31 PM

ਮਾਲੇਰਕੋਟਲਾ (ਸ਼ਹਾਬੂਦੀਨ) : ਸੂਬੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਪਹਿਲੀ ਤੋਂ ਅੱਠਵੀ ਕਲਾਸ ਦੇ ਬੱਚਿਆਂ ਲਈ ਚਲਾਈ ਜਾ ਰਹੀ ਮਿਡ-ਡੇ-ਮੀਲ ਸਕੀਮ ’ਚ ਵਿਦਿਆਰਥੀਆਂ ਨੂੰ ਜ਼ਰੂਰੀ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਸਿਹਤਮੰਦ ਖੁਰਾਕ ਮੁਹੱਈਆ ਕਰਵਾਉਣ ਨੂੰ ਮੱਦੇਨਜ਼ਰ ਰੱਖਦਿਆਂ ਵਿਭਾਗ ਵੱਲੋਂ ਨਵੀਆਂ-ਨਵੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਮਹੀਨਿਆਂ ਦੌਰਾਨ ਸਿੱਖਿਆ ਵਿਭਾਗ ਦੀ ਮਿਡ-ਡੇ-ਮੀਲ ਸੋਸਾਇਟੀ ਨੇ ਸਾਰੇ ਜ਼੍ਹਿਲਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਕੇ ਕਿਹਾ ਸੀ ਕਿ ਬੱਚਿਆਂ ਦਾ ਮਿਡ-ਡੇ-ਮੀਲ ਐਲੂਮੀਨੀਅਮ ਦੇ ਭਾਂਡਿਆਂ ’ਚ ਨਾ ਬਣਾਇਆ ਜਾਵੇ ਕਿਉਂਕਿ ਐਲੂਮੀਨੀਅਮ ਇਕ ਜ਼ਹਿਰੀਲੀ ਧਾਤੂ ਹੈ। ਲੰਬੇ ਸਮੇਂ ਤੱਕ ਇਸ ਦੇ ਸੰਪਰਕ ’ਚ ਰਹਿਣ ਨਾਲ ਸਿਹਤ ’ਤੇ ਉਲਟਾ ਅਸਰ ਪੈ ਸਕਦਾ ਹੈ। ਹੁਣ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਮਿਡ-ਡੇ-ਮੀਲ ਦੇ ਨਵੇਂ ਜਾਰੀ ਕੀਤੇ ਮੀਨੂੰ ’ਚ ਬੱਚਿਆਂ ਨੂੰ ਵੱਖ-ਵੱਖ ਦਿਨਾਂ ’ਚ ਸਥਾਨਕ ਮੌਸਮੀ ਫਲ ਦੇਣ ਤੋਂ ਇਲਾਵਾ ਹਰ ਬੁੱਧਵਾਰ ਨੂੰ ਛੋਲੇ ਪੂਰੀਆਂ ਬਣਾ ਕੇ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦਾ ਟੀਚਰਜ਼ ਯੂਨੀਅਨ ਵੱਲੋਂ ਵਿਰੋਧ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਮਹਿੰਗਾਈ ਦੇ ਯੁੱਗ ’ਚ ਸਰਕਾਰ ਵੱਲੋਂ ਸਿਰਫ 5.45 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਦਿੱਤੇ ਜਾਂਦੇ ਪੈਸਿਆਂ ’ਚ ਹੀ ਛੋਲੇ ਪੂਰੀਆਂ ਬਣਾਉਣ ਦਾ ਹੁਕਮ ਦੇ ਕੇ ਰਾਜ ਸਰਕਾਰ ਅਧਿਆਪਕਾਂ ਨਾਲ ਧੱਕਾ ਕਰ ਰਹੀ ਹੈ ਕਿਉਂਕਿ ਇਸ ਨਾਲ ਵਾਧੂ ਖਰਚ ਰਾਸ਼ੀ ਦਾ ਬੋਝ ਅਧਿਆਪਕ ਵਰਗ ’ਤੇ ਪਵੇਗਾ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ’ਚ ਦਰਦਨਾਕ ਘਟਨਾ, ਚਾਕਲੇਟ ਖਾਣ ਨਾਲ ਤਿੰਨ ਸਾਲਾ ਬੱਚੇ ਦੀ ਮੌਤ

ਅਧਿਆਪਕਾਂ ਨੇ ਸਰਕਾਰ ਦੇ ਉਕਤ ਹੁਕਮ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਬਿਨਾਂ ਪੈਸੇ ਖਰਚੇ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਇਸ ਨਵੇਂ ਮੀਨੂ ਨੂੰ ਲਾਗੂ ਕਰਨਾ ਹੈ ਤਾਂ ਸਰਕਾਰ ਕੁਕਿੰਗ ਰਾਸ਼ੀ ’ਚ ਵਾਧਾ ਕਰੇ। ਇਸੇ ਤਰ੍ਹਾਂ ਹੁਣ ਸੂਬੇ ਦੇ ਸਰਕਾਰੀ ਸਕੂਲਾਂ ’ਚ ਪਹਿਲੀ ਤੋਂ 8ਵੀਂ ਕਲਾਸ ਤੱਕ ਦੇ ਕਰੀਬ 19 ਲੱਖ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦੀ ਪੋਸ਼ਣ ਸਮੱਗਰੀ ਨੂੰ ਵਧਾਉਣ ਲਈ ਸੂਬਾ ਸਰਕਾਰ ਵੱਲੋਂ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਜਨਵਰੀ ਤੋਂ ਮਾਰਚ ਤੱਕ ਇਕ ਮਹੱਤਵਪੂਰਨ ਪਹਿਲ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਤਹਿਤ 8ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਹੁਣ ਹਫਤਾਵਾਰੀ ਆਧਾਰ ’ਤੇ ਵਿਸ਼ੇਸ਼ਕਰ ਸੋਮਵਾਰ ਨੂੰ ਮਿਡ-ਡੇ-ਮੀਲ ਦੇ ਨਾਲ ਇਕ ਮੌਸਮੀ ਫਲ ਵੀ ਮਿਲੇਗਾ। ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਲਈ ਪੰਜਾਬ ਸਰਕਾਰ ਨੂੰ 12 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ’ਚ ਵੱਡੀ ਵਾਰਦਾਤ, ਬੀੜੀ ਪੀਣ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਨੌਜਵਾਨ ਦਾ ਕਤਲ

ਜ਼ਿਕਰਯੋਗ ਹੈ ਕਿ ਪਹਿਲਾਂ ਵਿਭਾਗ ਵੱਲੋਂ ਸੋਮਵਾਰ ਵਾਲੇ ਦਿਨ ਬੱਚਿਆਂ ਨੂੰ ਮਿਡ-ਡੇ-ਮੀਲ ਦੇ ਨਾਲ ਕੇਲਾ ਦੇਣ ਦੀ ਵਿਵਸਥਾ ਰੱਖੀ ਸੀ, ਜਿਸ ਲਈ ਵਿਭਾਗ ਵੱਲੋਂ ਵੱਧੂ ਫੰਡ ਵੀ ਜਾਰੀ ਕੀਤੇ ਗਏ ਸਨ ਪਰ ਇਸ ਦੌਰਾਨ ਹੀ ਇਹ ਮੰਗ ਉੱਠਣ ਲੱਗੀ ਕਿ ਸਰਕਾਰ ਬਾਹਰੀ ਰਾਜਾਂ ਤੋਂ ਕੇਲੇ ਦੇ ਫਲ ਦੀ ਦਰਾਮਦ ਕਰਨ ਦੀ ਬਜਾਏ ਮਿਡ-ਡੇ-ਮੀਲ ਰਾਹੀਂ ਬੱਚਿਆਂ ਨੂੰ ਸਥਾਨਕ ਫਲ ਮੁਹੱਈਆ ਕਰਵਾਏ। ਸਥਾਨਕ ਉਪਜਾਂ ਦੀ ਸਰਕਾਰੀ ਖਰੀਦ ਨਾਲ ਨਾ ਸਿਰਫ ਬੱਚਿਆਂ ਨੂੰ ਸਗੋਂ ਪੰਜਾਬ ਦੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ, ਉਨ੍ਹਾਂ ਨੂੰ ਵਾਜਬ ਭਾਅ ਮਿਲੇਗਾ ਅਤੇ ਫਸਲੀ ਵਿਭਿੰਨਤਾ ’ਚ ਕਾਫੀ ਮਦਦ ਮਿਲੇਗੀ। ਇਸ ਲਈ ਹੁਣ ਸਿੱਖਿਆ ਵਿਭਾਗ ਨੇ ਪੰਜਾਬ ਅੰਦਰ ਹੀ ਪੈਦਾ ਹੋਣ ਵਾਲੇ (ਏਰੀਆ ਦੇ ਮੁਤਾਬਕ) ਮੌਸਮੀ ਫਲਾਂ ਨੂੰ ਸ਼ਾਮਲ ਕਰਨ ਲਈ ਨਿਰਦੇਸ਼ ਜਾਰੀ ਕੀਤੇ ਜਾਣ ਦਾ ਪਤਾ ਲੱਗਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨਾਂ ਵਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ

ਇਸੇ ਤਹਿਤ ਮਿਡ-ਡੇ-ਮੀਲ ’ਚ ਕੇਲਾ, ਅਮਰੂਦ, ਬੇਰ, ਲੀਚੀ, ਅੰਬ ਸਮੇਤ ਮੌਸਮੀ ਫਲਾਂ ਨੂੰ ਸ਼ਾਮਲ ਕੀਤਾ ਜਾਣਾ ਦੱਸਿਆ ਗਿਆ ਹੈ। ਸਕੂਲ ਮੁਖੀ ਨੂੰ ਮੌਸਮੀ ਫਲ ਦੀ ਚੋਣ ਕਰਨ ਦਾ ਅਧਿਕਾਰ ਹੋਵੇਗਾ। ਇਸ ਸਕੀਮ ਪਿੱਛੇ ਦੋ ਮਕਸਦ ਦੱਸੇ ਜਾਂਦੇ ਹਨ। ਪਹਿਲਾ ਤਾਂ ਪੰਜਾਬ ਅੰਦਰ ਫਲਾਂ ਦੀ ਖੇਤੀ ਨੂੰ ਹੱਲਾਸ਼ੇਰੀ ਮਿਲੇਗੀ, ਜਿਸ ਦਾ ਸਥਾਨਕ ਕਿਸਾਨਾਂ ਨੂੰ ਫਾਇਦਾ ਮਿਲੇਗਾ ਅਤੇ ਇਲਾਕੇ ਦੀ ਖੇਤੀ ਅਰਥ ਵਿਵਸਥਾ ਨੂੰ ਉਤਸ਼ਾਹ ਮਿਲੇਗਾ। ਦੂਜਾ ਸਥਾਨਕ ਤੌਰ ’ਤੇ ਪ੍ਰਾਪਤ ਮੌਸਮੀ ਫਲਾਂ ਨੂੰ ਸ਼ਾਮਲ ਕਰਕੇ ਸਰਕਾਰ ਦਾ ਨਿਸ਼ਾਨਾ ਮਿਡ-ਡੇ-ਮੀਲ ਦੀ ਕੁਆਲਿਟੀ ’ਚ ਸੁਧਾਰ ਕਰਨਾ ਹੈ ਅਤੇ ਵਿਦਿਆਰਥੀਆਂ ਨੂੰ ਜ਼ਰੂਰੀ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਸਿਹਤਮੰਦ ਖੁਰਾਕ ਪ੍ਰਦਾਨ ਕਰਨਾ ਹੈ। ਜਾਣਕਾਰੀ ਅਨੁਸਾਰ ਇਸ ਫੈਸਲੇ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਮਾਲਵਾ ਖੇਤਰ ’ਚ ਬੇਰ, ਪਠਾਨਕੋਟ ਖੇਤਰ ’ਚ ਅਮਰੂਦ ਅਤੇ ਦੱਖਣੀ ਪੰਜਾਬ ’ਚ ਕਿੰਨੂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸਮਝਿਆ ਜਾਂਦਾ ਹੈ ਕਿ ਸੀਜ਼ਨ ’ਚ ਕਿੰਨੂ ਦਾ ਉਤਪਾਦਨ ਜ਼ਿਆਦਾ ਹੋਣ ਕਾਰਨ ਅਤੇ ਮੰਗ ਘੱਟ ਹੋਣ ’ਤੇ ਕਿੰਨੂ ਸਸਤੇ ਭਾਅ ’ਤੇ ਵਿਕਦਾ ਹੈ, ਸਰਕਾਰ ਦੇ ਇਸ ਫੈਸਲੇ ਨਾਲ ਇਸ ਦੀ ਕੀਮਤ ’ਚ ਵਾਧਾ ਹੋਣ ਦੇ ਨਾਲ-ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਵੱਡਾ ਝਟਕਾ, ਬਸਪਾ ਨੇ ਤੋੜਿਆ ਗੱਠਜੋੜ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh