ਪਰਾਲੀ ਦੇ ਪੱਕੇ ਹੱਲ ਲਈ ਸੰਤ ਸੀਚੇਵਾਲ ਵੱਲੋਂ ਸਾਈਕਲ ਚੇਤਨਾ ਰੈਲੀ

11/19/2017 4:46:25 PM

ਸੁਲਤਾਨਪੁਰ ਲੋਧੀ (ਧੀਰ,ਤਿਲਕਰਾਜ)— ਪਰਾਲੀ ਦੇ ਧੂੰਏਂ ਨਾਲ ਦਿੱਲੀ, ਪੰਜਾਬ ਅਤੇ ਹਰਿਆਣਾ 'ਚ ਮਚੀ ਹਾਹਾਕਾਰ ਕਾਰਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਰਾਲੀ ਦੇ ਪੱਕੇ ਪ੍ਰਬੰਧ ਕਰਨ ਲਈ ਸਾਈਕਲ ਚੇਤਨਾ ਰੈਲੀ ਕੱਢੀ, ਜਿਸ 'ਚ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੀ ਸ਼ਾਮਲ ਹੋਏ। ਇਹ ਸਾਈਕਲ ਰੈਲੀ ਹਰ ਮੱਸਿਆ 'ਤੇ ਸੀਚੇਵਾਲ ਤੋਂ ਸੁਲਤਾਨਪੁਰ ਲੋਧੀ ਤੱਕ ਕੱਢੀ ਜਾਂਦੀ ਹੈ, ਜੋ ਵੱਖ-ਵੱਖ ਪਿੰਡਾਂ 'ਚੋਂ ਪਰਾਲੀ ਦੇ ਪੱਕੇ ਪ੍ਰਬੰਧ ਕਰਨ ਦਾ ਹੋਕਾ ਦਿੰਦੀ ਹੋਈ ਲੰਘਦੀ ਹੈ। ਇਸ ਰੈਲੀ 'ਚ 50 ਤੋਂ ਵੱਧ ਸਾਈਕਲ ਚਾਲਕ ਸ਼ਾਮਲ ਸਨ, ਜਿਨ੍ਹਾਂ 'ਚ ਨੌਜਵਾਨਾਂ ਅਤੇ ਬੱਚਿਆਂ ਨੇ ਭਾਰੀ ਉਤਸ਼ਾਹ ਦਿਖਾਇਆ। ਸੰਤ ਬਲਬੀਰ ਸਿੰਘ ਸੀਚੇਵਾਲ ਆਪ ਇਸ ਰੈਲੀ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਪਿੰਡਾਂ 'ਚੋਂ ਲੰਘਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਤੱਕ ਇਲਾਕੇ ਨੂੰ ਪਰਾਲੀ ਦੇ ਧੂੰਏਂ ਤੋਂ ਮੁਕਤ ਕਰਵਾਇਆ ਜਾਵੇਗਾ। ਕੋਈ ਵੀ ਕਿਸਾਨ ਪਰਾਲੀ ਸਾੜਨ ਦੇ ਹੱਕ 'ਚ ਨਹੀਂ ਬਸ਼ਰਤੇ ਕਿ ਉਨ੍ਹਾਂ ਨੂੰ ਢੁੱਕਵੇਂ ਪ੍ਰਬੰਧ ਕਰ ਕੇ ਦਿੱਤੇ ਜਾਣ। ਜ਼ਿਲਾ ਅਤੇ ਬਲਾਕ ਪੱਧਰ ਦੇ ਪਿੰਡਾਂ ਦੀਆਂ ਮੀਟਿੰਗਾਂ ਕਰਕੇ ਪਰਾਲੀ ਨਾ ਸਾੜੇ ਜਾਣ ਦਾ ਪ੍ਰਬੰਧ ਕੀਤਾ ਜਾਵੇਗਾ। ਸਹਿਕਾਰੀ ਸੁਸਾਇਟੀਆਂ ਰਾਹੀਂ ਤੇ ਐੱਨ. ਆਰ. ਆਈਜ਼ ਦੀ ਮਦਦ ਨਾਲ ਨਵੀਂ ਮਸ਼ੀਨਰੀ ਖਰੀਦਣ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਨਰੇਗਾ ਰਾਹੀਂ ਹਰ ਪਿੰਡ ਦੀ ਪਰਾਲੀ ਇਕੱਠੀ ਕਰਵਾਈ ਜਾ ਸਕਦੀ ਹੈ। 
ਇਸ ਪਰਾਲੀ ਨੂੰ ਬਾਇਓਮਾਸ ਪਲਾਂਟਾਂ ਅਤੇ ਗਊਸ਼ਾਲਾਵਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਸਾਈਕਲ ਰੈਲੀ ਨਿਰਮਲ ਕੁਟੀਆ ਤੋਂ ਚੱਲ ਕੇ ਚੱਕਚੇਲਾ, ਤਾਸ਼ਪੁਰ, ਡੱਲਾ ਸਾਹਿਬ, ਗੁਰਦੁਆਰਾ ਬੇਰ ਸਾਹਿਬ ਤੋਂ ਹੁੰਦੀ ਹੋਈ ਨਿਰਮਲ ਕੁਟੀਆ ਪਵਿੱਤਰ ਵੇਈਂ ਵਿਖੇ ਆ ਕੇ ਸਮਾਪਤ ਹੋਈ। ਗੁਰਦੁਆਰਾ ਬਾਉਲੀ ਸਾਹਿਬ ਡੱਲਾ ਵਿਖੇ ਸੰਤ ਸੀਚੇਵਾਲ ਜੀ ਦਾ ਗੁਰਦੁਆਰਾ ਸਾਹਿਬ ਅਤੇ ਭਾਈ ਲਾਲੋ ਜੀ ਸੰਗੀਤ ਵਿਦਿਆਲਾ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਜੋਗਾ ਸਿੰਘ, ਸੁਲੱਖਣ ਸਿੰਘ, ਤਰਲੋਕ ਸਿੰਘ, ਸਰਪੰਚ ਰਾਜਵੰਤ ਕੌਰ ਸੀਚੇਵਾਲ ਆਦਿ ਹਾਜ਼ਰ ਸਨ।