ਪੰਜਾਬ ''ਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ, ਰਾਜਪਾਲ ਸਰਕਾਰ ਨੂੰ ਤੁਰੰਤ ਕਰੇ ਭੰਗ : ਬੀਬੀ ਜਗੀਰ ਕੌਰ

07/04/2019 6:34:20 PM

ਪਟਿਆਲਾ,(ਜੋਸਨ): ਅਕਾਲੀ ਦਲ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਹੈ ਕਿ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁਕੀ ਹੈ। ਇਸ ਲਈ ਰਾਜਪਾਲ ਨੂੰ ਕਾਂਗਰਸ ਸਰਕਾਰ ਤੁਰੰਤ ਭੰਗ ਕਰ ਦੇਣੀ ਚਾਹੀਦੀ ਹੈ। ਬੀਬੀ ਜਗੀਰ ਕੌਰ ਅੱਜ ਇੱਥੇ ਪੰਜਾਬ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਦੇ ਗ੍ਰਹਿ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਦੇ ਲੋਕਾਂ ਨੂੰ ਕਾਂਗਰਸ ਸਰਕਾਰ ਦੇ ਅੱਤਿਆਚਾਰ ਤੋਂ ਬਚਾਉਣ ਲਈ ਅਕਾਲੀ ਦਲ ਹੁਣ ਪੰਜਾਬ-ਵਿਆਪੀ ਸੰਘਰਸ਼ ਵਿੱਢੇਗਾ। ਇਹ ਸੰਘਰਸ਼ ਕਾਂਗਰਸ ਦੀਆਂ ਜੜ੍ਹਾਂ ਹਿਲਾ ਦੇਵੇਗਾ। ਕਾਂਗਰਸ ਤੋਂ ਦੇਸ਼ ਦੇ ਲੋਕ ਇੰਨੇ ਅੱਕੇ ਸਨ ਕਿ ਸਾਰੇ ਦੇਸ਼ 'ਚ ਇਸ ਦਾ ਸਫਾਇਆ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵੀ ਕਾਂਗਰਸ ਦਾ ਗਰਾਫ ਹੇਠਾਂ ਆਇਆ ਹੈ। ਅਕਾਲੀ-ਭਾਜਪਾ ਨੇ 35 ਵਿਧਾਨ ਸਭਾ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਪੰਜਾਬ ਦੇ ਲੋਕ ਚੰਗੇ ਸਮੇਂ ਦੀ ਉਡੀਕ ਕਰ ਰਹੇ ਹਨ। ਮੌਕਾ ਮਿਲਦਿਆਂ ਹੀ ਕਾਂਗਰਸ ਨੂੰ ਪੰਜਾਬ ਦੀ ਰਾਜ ਤੋਂ ਲਾਂਭੇ ਕਰ ਦੇਣਗੇ।

ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਮਰਿੰਦਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਹੁਣ ਆਟਾ-ਦਾਲ ਵਰਗੀਆਂ ਸਕੀਮਾਂ ਨੂੰ ਸਮਾਰਟ ਚਿੱਪ ਵਾਲੇ ਕਾਰਡ ਦੇਣ ਦੇ ਬਹਾਨੇ ਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੱਡੇ-ਵੱਡੇ ਵਾਅਦੇ ਕਰ ਕੇ ਲੋਕਾਂ ਨਾਲ ਧੋਖਾ ਕੀਤਾ। ਰੱਖੜਾ ਨੇ ਆਖਿਆ ਕਿ ਪੰਜਾਬ ਅੱਜ ਦੇਸ਼ ਦਾ ਸਭ ਤੋਂ ਗਰੀਬ ਸੂਬਾ ਬਣ ਕੇ ਰਹਿ ਗਿਆ ਹੈ। ਇਸ ਦੌਰਾਨ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਕਿਹਾ ਕਿ ਅਕਾਲੀ ਵਰਕਰ ਅਗਲੀ ਲੜਾਈ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹਨ।

ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੁੱਬੂ, ਮਾਲਵਿੰਦਰ ਸਿੰਘ ਝਿੱਲ, ਪਰਮਜੀਤ ਸਿੰਘ ਪੰਮਾ, ਰਾਜਿੰਦਰ ਸਿੰਘ ਵਿਰਕ, ਐਡਵੋਕੇਟ ਸ਼ਿਵਰਾਜ ਸਿੰਘ ਵਿਰਕ, ਜਥੇਦਾਰ ਕਰਮ ਸਿੰਘ ਬਠੋਈ, ਜਥੇਦਾਰ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬੱਲ, ਸਾਬਕਾ ਚੇਅਰਮੈਨ ਮਲਕੀਤ ਸਿੰਘ ਡਕਾਲਾ, ਗੋਸ਼ਾ ਢੀਂਡਸਾ ਸਾਬਕਾ ਸਰਪੰਚ ਅਤੇ ਹੋਰ ਵੀ ਨੇਤਾ ਹਾਜ਼ਰ ਸਨ।