ਪਈ ਪਟੀਸ਼ਨ, ਖਹਿਰਾ ਦੀ ਖੁੱਸ ਸਕਦੀ ਹੈ ਵਿਧਾਇਕੀ (ਵੀਡੀਓ)

01/11/2019 5:28:50 PM

ਚੰਡੀਗੜ੍ਹ (ਰਮਨਜੀਤ)— ਭੁਲੱਥ ਦੇ ਇਕ ਵੋਟਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਸੁਖਪਾਲ ਸਿੰਘ ਖਹਿਰਾ ਖਿਲਾਫ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਖਹਿਰਾ 'ਆਪ' ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਅਯੋਗ ਕਰਾਰ ਦੇ ਕੇ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਖਤਮ ਕੀਤੀ ਜਾਵੇ ਅਤੇ ਵਿਧਾਇਕੀ ਤੋਂ ਫਾਰਗ ਕੀਤਾ ਜਾਵੇ।

ਜਾਣਕਾਰੀ ਅਨੁਸਾਰ ਭੁਲੱਥ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡ ਮੇਟਲਾ ਵਾਸੀ ਹਰਸਿਮਰਨ ਸਿੰਘ ਪੁੱਤਰ ਰਣਜੀਤ ਸਿੰਘ ਨੇ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ 'ਚ ਸਪੀਕਰ ਦਫ਼ਤਰ 'ਚ ਪਟੀਸ਼ਨ ਦਾਖਲ ਕਰਕੇ ਕਿਹਾ ਕਿ ਉਹ ਭੁਲੱਥ ਵਿਧਾਨ ਸਭਾ ਖੇਤਰ ਦਾ ਰਜਿਸਟਰਡ ਵੋਟਰ ਹੈ ਅਤੇ ਵੋਟਰ ਹੋਣ ਦੇ ਨਾਤੇ ਹੀ ਉਹ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਦਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ 11 ਮਾਰਚ 2017 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ 'ਚ ਭੁਲੱਥ ਤੋਂ ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਨੇ ਜਿੱਤ ਹਾਸਲ ਕੀਤੀ ਸੀ। 6 ਜਨਵਰੀ ਨੂੰ ਖਹਿਰਾ ਵੱਲੋਂ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਸ ਤੋਂ ਬਾਅਦ 8 ਜਨਵਰੀ 2019 ਨੂੰ ਪ੍ਰੈੱਸ ਕਾਨਫਰੰਸ ਕਰਕੇ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕਰ  ਦਿੱਤਾ। ਅਜਿਹਾ ਕਰਕੇ ਖਹਿਰਾ ਨੇ ਸੰਵਿਧਾਨ 'ਚ 10ਵੇਂ ਸ਼ਡਿਊਲ ਦੇ ਪੈਰਾ ਨੰਬਰ 2 ਅਨੁਸਾਰ ਅਯੋਗ ਕੀਤੇ ਜਾਣ ਦੀ ਯੋਗਤਾ ਪੂਰੀ ਕਰ ਦਿੱਤੀ ਹੈ, ਕਿਉਂਕਿ ਕੋਈ ਵੀ ਮੈਂਬਰ, ਜੋ ਕਿ ਕਿਸੇ ਰਾਜਨੀਤਕ ਪਾਰਟੀ ਦੀ ਉਮੀਦਵਾਰੀ 'ਤੇ ਚੋਣ ਜਿੱਤਦਾ ਹੈ ਅਤੇ ਆਪਣੀ ਇੱਛਾ ਨਾਲ ਉਸੇ ਪਾਰਟੀ ਤੋਂ ਬਾਅਦ 'ਚ ਅਸਤੀਫਾ ਦੇ ਦਿੰਦਾ ਹੈ ਤਾਂ ਉਹ ਅਯੋਗ ਕੀਤੇ ਜਾਣ ਦੀ ਯੋਗਤਾ ਪੂਰੀ ਕਰ ਲੈਂਦਾ ਹੈ। ਹਰਸਿਮਰਨ ਸਿੰਘ ਨੇ ਸਪੀਕਰ ਤੋਂ ਮੰਗ ਕੀਤੀ ਕਿ ਉਸ ਦੀ ਪਟੀਸ਼ਨ 'ਤੇ ਜਲਦੀ ਤੋਂ ਜਲਦੀ ਸੁਣਵਾਈ ਕੀਤੀ ਜਾਵੇ।

cherry

This news is Content Editor cherry