ਬੀਬੀ ਜਾਗੀਰ ਕੌਰ ਦੀ ਹੌਟ ਸੀਟ ''ਭੁਲੱਥ'' : ਲਾਈਨ ਤਾਂ ਵਿਛੀ ਪਰ ਚਾਲੂ ਨਹੀਂ ਹੋਇਆ ਸੀਵਰੇਜ

12/10/2016 11:25:06 AM

ਕਪੂਰਥਲਾ : ਬੀਬੀ ਜਾਗੀਰ ਕੌਰ ਪੰਜਾਬ ਦੇ ਭੁਲੱਥ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਹੈ। 2012 ਦੀਆਂ ਚੋਣਾਂ ''ਚ ਉਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ 7005 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। ਬੀਬੀ ਜਾਗੀਰ ਕੌਰ ਇੱਥੋਂ 1997, 2002 ਅਤੇ 2012 ''ਚ ਅਕਾਲੀ ਦਲ ਵਲੋਂ ਜੇਤੂ ਰਹੀ ਹੈ। 2007 ''ਚ ਕਾਂਗਰਸ ਵਲੋਂ ਜੇਤੂ ਰਹੇ ਸੁਖਪਾਲ ਸਿੰਘ ਖਹਿਰ ਦੇ ਪਿਤਾ ਵੀ ਅਕਾਲੀ ਦਲ ''ਚ 3 ਵਾਰ ਜਿੱਤ ਹਾਸਲ ਕਰ ਚੁੱਕੇ ਹਨ। 
ਜਾਤੀ ਸਮੀਕਰਨ
ਜੱਟ ਸਿੱਖ   29 ਫੀਸਦੀ
ਲੁਬਾਣਾ ਸਿੱਖ  30 ਫੀਸਦੀ
ਐੱਸ. ਸੀ.   22 ਫੀਸਦੀ
ਹੋਰ  19 ਫੀਸਦੀ
ਵਿਧਾਇਕ ਦਾ ਦਾਅਵਾ
ਹਲਕਾ ਭੁਲੱਥ ਦੀ ਵਿਧਾਇਕਾ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹਲਕੇ ਦੇ ਅਨੇਕਾਂ ਸਕੂਲ ਅਪਗ੍ਰੇਡ ਕੀਤੇ ਗਏ। ਪਿੰਡਾਂ ''ਚ ਵਿਕਾਸ ਦੇ ਕਾਰਜ ਕੀਤੇ ਗਏ। ਸਰਕਾਰੀ ਇਮਾਰਤਾਂ ਨੂੰ ਅਪਡੇਟ ਕੀਤਾ ਗਿਆ। ਬੇਗੋਵਾਲ ਵਿਚ ਪੋਲੀਟੈਕਨੀਕਲ ਕਾਲਜ ਬਣਾਇਆ ਗਿਆ ਤੇ ਭੁਲੱਥ ਵਿਚ ਸਬ-ਡਵੀਜ਼ਨ ਕੰਪਲੈਕਸ ਤੇ ਸਬ-ਡਵੀਜ਼ਨ ਹਸਪਤਾਲ ਦੀ ਉਸਾਰੀ ਕੀਤੀ ਗਈ। ਡੇਰਿਆਂ ਅਤੇ ਢਾਣੀਆਂ ਤੱਕ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਗਈ, ਇਲਾਕੇ ਵਿਚ ਸੜਕਾਂ ਬਣਾਈਆਂ ਗਈਆਂ ਅਤੇ ਕਿਸਾਨਾਂ ਨੂੰ ਮੋਟਰਾਂ ਦੇ ਕੁਨੈਕਸ਼ਨ ਸਰਕਾਰ ਵੱਲੋਂ ਦਿੱਤੇ ਗਏ। 
ਲੋਕਾਂ ਨੇ ਇੰਝ ਪ੍ਰਗਟਾਈ ਪ੍ਰਤੀਕਿਰਿਆ
ਸਮਾਜ ਅੰਦਰ ਆਮ ਆਦਮੀ ਦੀ ਤ੍ਰਾਸਦੀ ਸਾਫ ਨਜ਼ਰ ਆ ਰਹੀ ਹੈ। ਬੇਸ਼ੱਕ ਸਾਡੀਆਂ ਸਰਕਾਰਾਂ ਵਿਕਾਸ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਆਮ ਜਨਤਾ ਦਾ ਜੀਵਨ ਪੱਧਰ ਬਹੁਤਾ ਸੁਧਾਰ ਵਾਲੇ ਪਾਸੇ ਨਹੀਂ ਵਧ ਸਕਿਆ। ਸਗੋਂ ਆਰਥਿਕਤਾ ਦੀ ਚੱਕੀ ''ਚ ਪਿਸ ਰਹੇ ਆਮ ਲੋਕਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। -ਕਾਮਰੇਡ ਮੇਹਰ ਚੰਦ ਸਿੱਧੂ
ਇਲਾਕੇ ''ਚ ਖੇਡ ਸਟੇਡੀਅਮ ਦੀ ਬਹੁਤ ਸਖਤ ਜ਼ਰੂਰਤ ਹੈ, ਜਿਥੇ ਮਾਹਿਰ ਕੋਚਾਂ ਦੀ ਅਗਵਾਈ ਹੇਠ ਬੱਚਿਆਂ ਨੂੰ ਖੇਡਾਂ ਪ੍ਰਤੀ ਤਿਆਰ ਕੀਤਾ ਜਾਵੇ। ਜੇਕਰ ਸਕੂਲ ਪੱਧਰ ਤੋਂ ਹੀ ਕੋਚਿੰਗ ਦਿੱਤੀ ਜਾਵੇ ਤਾਂ ਮੁਕਾਬਲੇ ਲਈ ਬਿਹਤਰ ਖਿਡਾਰੀਆਂ ਦੀ ਆਸ ਕੀਤੀ ਜਾ ਸਕਦੀ ਹੈ-ਕੈਪਟਨ ਬਲਵੀਰ ਸਿੰਘ, ਪ੍ਰਧਾਨ ਇੰਡੀਅਨ ਐਕਸ ਸਰਵਿਸ ਲੀਗ। 
ਬੇਗੋਵਾਲ ਤੋਂ ਪਹਿਲਾਂ ਚੰਡੀਗੜ੍ਹ ਅਤੇ ਦਿੱਲੀ ਲਈ ਬੱਸ ਸਰਵਿਸ ਹੁੰਦੀ ਸੀ, ਜੋ ਹੁਣ ਬੰਦ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜਲੰਧਰ-ਅੰਮ੍ਰਿਤਸਰ ਰੋਡ ''ਤੇ ਢਿੱਲਵਾਂ ਦੇ ਅੱਡੇ ''ਤੇ ਬੱਸਾਂ ਬਹੁਤ ਘੱਟ ਰੁਕਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।-ਸੁਖਜਿੰਦਰ ਸਿੰਘ ਦਮੂਲੀਆਂ
ਪ੍ਰਦੂਸ਼ਣ ਨੂੰ ਘਟਾਉਣ ਲਈ ਪਰਾਲੀ ਨੂੰ ਅੱਗ ਨਾ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਜੇਕਰ ਸਰਕਾਰ ਇਸ ਮਸਲੇ ਸੰਬੰਧੀ ਕੁਝ ਕਰਨਾ ਚਾਹੁੰਦੀ ਹੈ ਤਾਂ ਜ਼ਮੀਨੀ ਪੱਧਰ ''ਤੇ ਕੋਈ ਬਿਹਤਰ ਉਪਰਾਲਾ ਕੀਤਾ ਜਾਵੇ। ਪਰਾਲੀ ਨੂੰ ਨਸ਼ਟ ਕਰਨ ਵਾਲੀ ਮਸ਼ੀਨਰੀ ਮਹਿੰਗੀ ਹੋਣ ਕਾਰਨ ਆਮ ਕਿਸਾਨ ਦੀ ਪਹੁੰਚ ਤੋਂ ਬਾਹਰ ਹੈ। -ਦਲਜੀਤ ਸਿੰਘ ਖਾਲਸਾ, ਕਿਸਾਨ

 

Babita Marhas

This news is News Editor Babita Marhas