ਹਾਦਸੇ 'ਚ ਜ਼ਖਮੀ ਹੋਏ ਮਾਂ-ਪੁੱਤ ਨੂੰ ਬਚਾਉਣ ਆਇਆ ਸ਼ਖਸ ਹੀ ਬਣਿਆ ਲੁਟੇਰਾ

02/06/2019 12:58:05 PM

ਭਵਾਨੀਗੜ੍ਹ(ਵਿਕਾਸ)— ਪਿੰਡ ਹਰਕਿਸ਼ਨਪੁਰਾ ਨੇੜੇ ਮੰਗਲਵਾਰ ਸ਼ਾਮ ਨੂੰ ਇਕ ਅਣਪਛਾਤੇ ਵਿਅਕਤੀ ਵੱਲੋਂ ਮੋਟਰਸਾਈਕਲ 'ਤੇ ਜਾ ਰਹੇ ਮਾਂ- ਪੁੱਤ ਕੋਲੋਂ 4 ਲੱਖ 26 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਿਚ ਜ਼ਖ਼ਮੀ ਹੋਏ ਮਾਂ-ਪੁੱਤ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜਸਵੀਰ ਕੌਰ ਵਾਸੀ ਭਿੰਡਰਾਂ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਮਾਨਵਜੋਤ ਸਿੰਘ ਨਾਲ ਪਟਿਆਲਾ ਤੋਂ ਇਕ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ਵਿਚ ਵਿਦੇਸ਼ ਜਾਣ ਲਈ ਫਾਈਲ ਜਮ੍ਹਾਂ ਕਰਵਾਉਣ ਗਏ ਸੀ ਤੇ ਉਨ੍ਹਾਂ ਕੋਲ 4 ਲੱਖ 76 ਹਜ਼ਾਰ ਰੁਪਏ ਸੀ, ਪਰ ਕਿਸੇ ਕਾਰਨ ਵੱਸ ਉਨ੍ਹਾਂ ਦੀ ਫਾਈਲ ਉੱਥੇ ਜਮ੍ਹਾ ਨਹੀਂ ਹੋ ਸਕੀ ਤੇ ਉਹ ਵਾਪਸ ਆਪਣੇ ਪਿੰਡ ਨੂੰ ਮੁੜ ਰਹੇ ਸਨ। ਵਾਪਸੀ ਦੌਰਾਨ ਜਦੋਂ ਉਹ ਪਿੰਡ ਹਰਕਿਸ਼ਨਪੁਰਾ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਧੱਕਾ ਮਾਰ ਦਿੱਤਾ ਜਿਸ ਕਰਕੇ ਉਹ ਸੜਕ 'ਤੇ ਡਿੱਗ ਗਏ। ਡਿੱਗਣ ਤੋਂ ਬਾਅਦ ਉਨ੍ਹਾਂ ਦਾ ਸਮਾਨ ਰੋਡ 'ਤੇ ਖਿੱਲਰ ਗਿਆ। ਇੰਨੇ ਨੂੰ ਓਹੀ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਸਾਮਾਨ ਇਕੱਠਾ ਕਰਨ ਲੱਗ ਗਿਆ। ਇਸ ਦੌਰਾਨ ਉਸ ਨੇ 50,000 ਦੀ ਗੱਠੀ ਉਨ੍ਹਾਂ ਨੂੰ ਦੇ ਦਿੱਤੀ ਅਤੇ ਬਾਕੀ ਦੇ 4 ਲੱਖ 26 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ. (ਡੀ)ਗੁਰਮੀਤ ਸਿੰਘ ਅਤੇ ਡੀ.ਐੱਸ.ਪੀ. ਸੰਗਰੂਰ ਸਤਪਾਲ ਸ਼ਰਮਾ ਘਟਨਾ ਸਥਾਨ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਧਰ ਪੁਲਸ ਨੇ ਅਣਪਛਾਤੇ ਲੁਟੇਰੇ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

cherry

This news is Content Editor cherry