ਕਾਲਾਝਾੜ ਟੋਲ ਪਲਾਜ਼ਾ ''ਤੇ ਜਾਅਲੀ ਕਰੰਸੀ ਦੇ ਮਾਮਲੇ ਨੂੰ ਲੈ ਕੇ ਵਰਕਰਾਂ ਵੱਲੋਂ ਧਰਨਾ

07/30/2019 3:19:31 PM

ਭਵਾਨੀਗੜ੍ਹ (ਕਾਂਸਲ,ਵਿਕਾਸ) : ਸ਼ਹਿਰ 'ਚੋਂ ਲੰਘਦੀ ਨੈਸ਼ਨਲ ਹਾਈਵੇ ਨੰਬਰ 7 ਉਪਰ ਪਿੰਡ ਕਾਲਾਝਾੜ ਵਿਖੇ ਸਥਿਤ ਟੋਲ ਪਲਾਜ਼ਾ 'ਤੇ ਟੋਲ ਪਲਾਜ਼ਾ ਮੈਨੇਜਮੈਂਟ ਵੱਲੋਂ ਕਥਿਤ ਤੌਰ 'ਤੇ ਪਲਾਜ਼ਾ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਜਾਅਲੀ ਕਰੰਸੀ ਚਲਾਉਣ ਲਈ ਮਜਬੂਰ ਕਰਨ ਦੇ ਰੋਸ ਵਜੋਂ ਕਰਮਚਾਰੀਆਂ ਨੇ ਧਰਨਾ ਦਿੰਦਿਆਂ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਜਾਣਕਾਰੀ ਦਿੰਦਿਆਂ ਟੋਲ ਪਲਾਜ਼ਾ 'ਤੇ ਕੰਮ ਕਰਦੇ ਕਰਮਚਾਰੀਆਂ ਦਰਸ਼ਨ ਸਿੰਘ ਲਾਡੀ ਸੂਬਾ ਮੀਤ ਪ੍ਰਧਾਨ ਟੋਲ ਪਲਾਜ਼ਾ ਵਰਕਰ ਯੂਨੀਅਨ, ਦਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਟੋਲ ਪਲਾਜ਼ਾ ਮੈਨੇਜਮੈਂਟ ਵੱਲੋਂ ਉਨ੍ਹਾਂ ਨੂੰ ਰੋਜ਼ਾਨਾ ਵਾਹਨ ਚਾਲਕਾਂ ਨੂੰ ਟੋਲ ਦੀ ਪਰਚੀ ਕੱਟਣ ਸਮੇਂ ਬਕਾਏ ਦੀ ਵਾਪਸੀ ਕਰਨ ਲਈ ਦਿੱਤੀ ਜਾਂਦੀ ਨਕਦੀ 'ਚ ਕਥਿਤ ਤੌਰ 'ਤੇ ਜਾਅਲੀ ਕਰੰਸੀ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਜਾਂਦੀ ਹੈ ਕਿ ਇਹ ਜਾਅਲੀ ਕਰੰਸੀ ਇਕ ਸਾਈਡ ਦੀ ਪਰਚੀ ਕਟਵਾਉਣ ਵਾਲੇ ਵਾਹਨ ਚਾਲਕਾਂ ਨੂੰ ਹੀ ਬਕਾਏ ਦੇ ਰੂਪ 'ਚ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਰੋਜ਼ਾਨਾ ਨੋਟਾਂ ਦੀਆਂ ਕਾਪੀਆਂ 'ਚ ਅਸਲੀ ਨੋਟ ਕੱਢ ਕੇ ਵਿਚ ਜਾਅਲੀ ਨੋਟ ਪਾ ਦਿੱਤੇ ਜਾਂਦੇ ਹਨ ਪਰ ਉਨ੍ਹਾਂ ਦੀ ਆਤਮਾ ਅਜਿਹਾ ਕਰਨ ਤੋਂ ਨਹੀਂ ਮੰਨਦੀ, ਕਿਉਂਕਿ ਇਹ ਲੋਕਾਂ ਨਾਲ ਧੋਖਾ ਕਰਨ ਦੇ ਨਾਲ-ਨਾਲ ਦੇਸ਼ ਨਾਲ ਵੀ ਗਦਾਰੀ ਕਰਨ ਵਾਲਾ ਕੰਮ ਹੈ, ਜਿਸ ਕਰਕੇ ਉਨ੍ਹਾਂ ਇਥੇ ਮੈਨੇਜਮੈਂਟ ਨੂੰ ਇਹ ਜਾਅਲੀ ਕਰੰਸੀ ਨਾ ਚਲਾਉਣ ਦਾ ਕੋਰਾ ਜਵਾਬ ਦੇ ਦਿੱਤਾ।

ਵਰਕਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਮੈਨੇਜਮੈਂਟ ਨੂੰ ਜਾਅਲੀ ਕਰੰਸੀ ਚਲਾਉਣ ਤੋਂ ਜਵਾਬ ਦੇ ਦੇਣ ਤੋਂ ਬਾਅਦ ਮੈਨੇਜਮੈਂਟ ਨੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਜਾਅਲੀ ਕਰੰਸੀ ਚਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੈਨੇਜਮੈਂਟ ਵੱਲੋਂ ਦਿੱਤੀ ਗਈ ਜਾਅਲੀ ਕਰੰਸੀ ਦੀ ਵੀਡੀਓ ਬਣਾ ਕੇ ਪੁਲਸ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਪਰ ਪੁਲਸ ਵੱਲੋਂ ਜਦੋਂ ਮੈਨੇਜਮੈਂਟ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਨ੍ਹਾਂ ਨੂੰ ਮਜਬੂਰਨ ਇਹ ਧਰਨਾ ਲਾਉਣਾ ਪਿਆ।

ਇਸ ਮੌਕੇ ਵਰਕਰਾਂ ਦੀ ਸਹਾਇਤਾ ਲਈ ਆਏ ਸਥਾਨਕ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇੜੀ ਨੇ ਕਿਹਾ ਕਿ ਇਸ ਟੋਲ ਪਲਾਜ਼ਾ 'ਤੇ ਮੈਨੇਜਮੈਂਟ ਵੱਲੋਂ ਕਥਿਤ ਤੌਰ 'ਤੇ ਪੁਲਸ ਦੀ ਮਿਲੀ-ਭੁਗਤ ਨਾਲ ਜਾਅਲੀ ਕਰੰਸੀ ਦਾ ਗੋਰਖ ਧੰਦਾ ਕੀਤਾ ਜਾ ਰਿਹਾ ਹੈ। ਇਸ ਲਈ ਟੋਲ ਪਲਾਜ਼ਾ ਮੈਨੇਜਮੈਂਟ ਵਿਰੁੱਧ ਤੁਰੰਤ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਪਹੁੰਚੀ ਪੁਲਸ ਪਾਰਟੀ ਨੇ ਜਦੋਂ ਟੋਲ ਪਲਾਜ਼ਾ ਦੇ ਬੂਥਾਂ ਦੀ ਤਲਾਸ਼ੀ ਲਈ ਤਾਂ ਕਥਿਤ ਤੌਰ 'ਤੇ 5-5 ਦੇ ਸ਼ੱਕੀ ਸਿੱਕੇ ਬਰਾਮਦ ਵੀ ਹੋਏ, ਜਿਨ੍ਹਾਂ ਦੇ ਜਾਅਲੀ ਹੋਣ ਦਾ ਸ਼ੱਕ ਸੀ, ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ।

ਕੀ ਕਹਿਣੈ ਟੋਲ ਪਲਾਜ਼ਾ ਦੇ ਮੈਨੇਜਰ ਦਾ
ਟੋਲ ਪਲਾਜ਼ਾ ਦੇ ਮੈਨੇਜਰ ਉਮੇਸ਼ ਗਟਕਰ ਨੇ ਵਰਕਰਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਮੈਨੇਜਮੈਂਟ ਵੱਲੋਂ ਵਰਕਰਾਂ ਨੂੰ ਨਾ ਹੀ ਕੋਈ ਜਾਅਲੀ ਕਰੰਸੀ ਦਿੱਤੀ ਜਾਂਦੀ ਹੈ ਅਤੇ ਨਾ ਹੀ ਵਰਕਰਾਂ ਨੂੰ ਜਾਅਲੀ ਕਰੰਸੀ ਚਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹ ਇਹ ਸਿੱਕੇ ਐੱਸ. ਬੀ. ਆਈ. ਦੀ ਬ੍ਰਾਂਚ 'ਚੋਂ ਜਾਂ ਗੁਰੂਘਰ ਵਿਚੋਂ ਹੀ ਲੈ ਕੇ ਆਉਂਦੇ ਹਨ ਅਤੇ ਹੋ ਸਕਦਾ ਹੈ ਕਿ ਪਰਚੀ ਕਟਵਾਉਣ ਸਮੇਂ ਕੋਈ ਵਾਹਨ ਚਾਲਕ ਹੀ ਕਿਸੇ ਬੂਥ ਉਪਰ ਕੋਈ ਜਾਅਲੀ ਨੋਟ ਦੇ ਗਿਆ ਹੋਵੇ, ਜਿਸ ਦੀ ਇਨ੍ਹਾਂ ਵਰਕਰਾਂ ਵੱਲੋਂ ਵੀਡੀਓ ਬਣਾਈ ਗਈ ਹੈ ਅਤੇ ਹੁਣ ਇਸ ਮੁੱਦੇ ਨੂੰ ਉਛਾਲ ਕੇ ਮੈਨੇਜਮੈਂਟ ਨੂੰ ਬਲੈਕਮੇਲ ਅਤੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਸਬੰਧੀ ਪੁਲਸ ਚੈੱਕ ਪੋਸਟ ਕਾਲਾਝਾੜ ਦੇ ਇੰਚਾਰਜ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਰਕਰਾਂ ਵੱਲੋਂ ਦਿੱਤੇ ਗਏ ਜਾਅਲੀ ਨੋਟ ਅਤੇ ਬੂਥਾਂ ਉਪਰੋਂ ਮਿਲੇ ਸਿੱਕਿਆਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ, ਜਿਸ ਤੋਂ ਬਾਅਦ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

cherry

This news is Content Editor cherry