ਮੀਂਹ ਕਾਰਨ ਡਿੱਗੀਆਂ ਦਲਿਤ ਭਾਈਚਾਰੇ ਨਾਲ ਸੰਬੰਧਤ 2 ਘਰਾਂ ਦੀਆਂ ਛੱਤਾਂ, 1 ਜ਼ਖਮੀ

08/18/2019 2:18:34 PM

ਭਵਾਨੀਗੜ੍ਹ (ਕਾਂਸਲ) - ਬੀਤੇ ਦਿਨ ਦੇਰ ਰਾਤ ਤੱਕ ਹੋਈ ਤੇਜ਼ ਬਰਸਾਤ ਕਾਰਨ ਪਿੰਡ ਘਰਾਚੋਂ ਵਿਖੇ ਦਲਿਤ ਭਾਈਚਾਰੇ ਨਾਲ ਸੰਬੰਧਤ ਦੋ ਘਰਾਂ ਦੀਆਂ ਛੱਤਾਂ ਡਿੱਗ ਜਾਣ ਕਾਰਨ 1 ਵਿਅਕਤੀ ਦੇ ਜ਼ਖਮੀ ਹੋ ਗਿਆ। ਹਾਦਸੇ ਕਾਰਨ ਦੋਵੇਂ ਪਰਿਵਾਰਾਂ ਦਾ ਬਹੁਤ ਸਾਰਾ ਘਰੇਲੂ ਸਾਮਾਨ ਬੂਰੀ ਤਰ੍ਹਾਂ ਨਾਲ ਨੁਕਸਾਨੇ ਜਾਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨ ਹੋਈ ਤੇਜ਼ ਬਰਸਾਤ ਕਾਰਨ ਪਿੰਡ ਘਰਾਚੋਂ ਵਿਖੇ ਨਗਾਰੇ ਨੂੰ ਜਾਂਦੀ ਸੜਕ 'ਤੇ ਦਲਿਤ ਭਾਈਚਾਰੇ ਨਾਲ ਸੰਬੰਧਤ ਦੋ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ। ਕਰਮ ਸਿੰਘ ਪੁੱਤਰ ਸੁਰਜਨ ਸਿੰਘ ਨੇ ਦੱਸਿਆ ਕਿ ਬਰਸਾਤ ਦੌਰਾਨ ਜਦੋਂ ਉਹ ਆਪਣੇ ਪਰਿਵਾਰ ਨਾਲ ਘਰ ਦੇ ਇਕ ਕਮਰੇ 'ਚ ਸੁੱਤੇ ਪਏ ਸਨ ਤਾਂ ਅਸਮਾਨੀ ਬਿਜਲੀ ਡਿੱਗਣ ਦੇ ਖੜਕੇ ਨਾਲ ਉਨ੍ਹਾਂ ਦੀ ਅੱਖ ਖੁੱਲ ਗਈ।

ਆਪਣੀ ਪਤਨੀ ਅਤੇ ਚਾਰ ਬੱਚਿਆਂ ਸਮੇਤ ਜਦੋਂ ਉਹ ਕਮਰੇ 'ਚ ਸੁੱਤਾ ਸੀ ਤਾਂ ਉਸ ਨੂੰ ਗਾਡਰ ਬਾਲਿਆਂ ਵਾਲੀ ਛੱਤ ਦੇ ਡਿੱਗਣ ਦਾ ਸੰਕੇਤ ਹੋਇਆ, ਉਸ ਨੇ ਤੁਰੰਤ ਆਪਣੀ ਪਤਨੀ ਤੇ ਬੱਚਿਆਂ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ। ਉਸ 'ਤੇ ਕਮਰੇ ਦੀ ਛੱਤ ਡਿੱਗਣ ਕਾਰਨ ਉਸ ਨੂੰ ਗੁੱਝੀਆਂ ਸੱਟਾਂ ਲੱਗ ਗਈਆਂ ਅਤੇ ਕਮਰੇ 'ਚ ਪਿਆ ਬੈੱਡ, ਪੇਟੀ, ਫਰੀਜ਼, ਕੂਲਰ, ਛੱਤ ਵਾਲਾ ਪੱਖਾ ਅਤੇ ਹੋਰ ਸਾਮਾਨ ਮਲਵੇ ਹੇਠ ਗਿਆ।

ਉਨ੍ਹਾਂ ਦੇ ਗੁਆਂਢੀ ਅਵਤਾਰ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਵੀ ਇਕ ਕਮਰੇ ਦੀ ਡਾਂਟਾਂ ਵਾਲੀ ਛੱਤ ਡਿੱਗ ਗਈ ਅਤੇ ਮਲਵੇ ਹੇਠ ਦਬ ਜਾਣ ਕਰਨ ਕਮਰੇ 'ਚ ਪਿਆ ਸਾਰਾ ਸਾਮਾਨ ਚਕਨਾਚੂਰ ਹੋ ਗਿਆ। ਇਸ ਹਾਦਸੇ ਕਾਰਨ ਉਨ੍ਹਾਂ ਦੇ ਬਾਕੀ ਦੇ ਕਮਰਿਆਂ 'ਚ ਤਰੇੜਾ ਆ ਗਈਆਂ ਹਨ, ਜਿਸ ਕਾਰਨ ਉਨ੍ਹਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

rajwinder kaur

This news is Content Editor rajwinder kaur