ਵਿਦਿਆਰਥਣਾਂ ਦੇ ਬੌਧਿਕ ਵਿਕਾਸ ਲਈ ਕਰਵਾਏ ਵੱਖ-ਵੱਖ ਮੁਕਾਬਲੇ

04/22/2019 4:19:00 AM

ਬਠਿੰਡਾ (ਨਾਗਪਾਲ)-ਸਥਾਨਕ ਸਰਕਾਰੀ ਕੰਨਿਆ ਹਾਈ ਸਕੂਲ ’ਚ ਵਿਦਿਆਰਥਣਾਂ ਦੇ ਬੌਧਿਕ ਵਿਕਾਸ ਲਈ ਪੋਸਟਰ ਮੇਂਕਿੰਗ, ਭਾਸ਼ਣ, ਕਵਿਤਾ, ਸਾਇੰਸ ਅਤੇ ਗਣਿਤ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ। ਸਕੂਲ ਦੀ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ ਦੀ ਅਗਵਾਈ ’ਚ ਸਕੂਲ ਨੂੰ ਅੰਦਰ ਅਤੇ ਬਾਹਰ ਤੋਂ ਪੇਂਟ ਕਰਵਾ ਕੇ ਇਥੇ ਸਿੱਖਿਆਦਾਇਕ ਮਾਟੋ ਲਿਖ ਕੇ ਸਕੂਲ ਦੀ ਦਿੱਖ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੇਰੇ ਆਕਰਸ਼ਕ ਬਣਾ ਦਿੱਤੀ ਹੈ। ਮੁੱਖ ਅਧਿਆਪਕਾ ਨੇ ਦੱਸਿਆ ਕਿ ਇਸ ਵਾਰ ਸਕੂਲ ’ਚ ਵਿਦਿਆਰਥਣਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਅਤੇ ਮੰਡੀ ਦੇ ਪ੍ਰਾਈਵੇਟ ਸਕੂਲਾਂ ’ਚੋਂ 40 ਤੋਂ ਵੱਧ ਵਿਦਿਆਰਥਣਾਂ ਨੇ ਸਰਕਾਰੀ ਸਕੂਲ ’ਚ ਦਾਖਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ’ਚ ਜਲਦੀ ਹੀ ਸਮਾਰਟ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।