ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ

04/03/2019 4:17:53 AM

ਬਠਿੰਡਾ (ਸੰਦੀਪ ਮਿੱਤਲ)-ਸਾਉਣੀ ਦੀਆਂ ਫਸਲਾਂ ਮੁੱਖ ਤੌਰ ’ਤੇ ਨਰਮੇ ਤੇ ਝੋਨੇ ਦੀ ਕਾਸ਼ਤ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਅੱਜ ਨਵੀਂ ਅਨਾਜ ਮੰਡੀ ਸਿਰਸਾ ਰੋਡ ਵਿਖੇ ਲਾਇਆ ਗਿਆ। ਇਸ ਕੈਂਪ ਵਿਚ ਪੂਰੇ ਜ਼ਿਲੇ ਦੇ ਲਗਭਗ 1900 ਕਿਸਾਨਾਂ ਨੇ ਭਾਗ ਲਿਆ।ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਵਲੋਂ ਕੀਤਾ ਗਿਆ। ਇਸ ਕੈਂਪ ਦੀ ਪ੍ਰਧਾਨਗੀ ਡਾ. ਰਾਜੇਸ਼ ਵਸ਼ਿਸ਼ਟ ਸੰਯੁਕਤ ਡਾਇਰੈਕਟਰ ਖੇਤੀਬਾਡ਼ੀ ਪੰਜਾਬ (ਹਾਈਡ੍ਰੋਲਾਜੀ) ਵਲੋਂ ਕੀਤੀ ਗਈ। ਇਸ ਮੌਕੇ ਡਾ. ਵਸ਼ਿਸ਼ਟ ਨੇ ਦੱਸਿਆ ਕਿ ਪੰਜਾਬ ’ਚ ਪਿਛਲੇ ਸਾਲ ਦੇ ਮੁਕਾਬਲੇ 1 ਲੱਖ ਟਨ ਯੂਰੀਆ ਦੀ ਖਪਤ ਘੱਟ ਹੋਈ ਹੈ, ਜਿਸ ਨਾਲ ਕਿਸਾਨਾਂ ਨੂੰ ਲਗਭਗ 200 ਕਰੋਡ਼ ਰੁਪਏ ਦੀ ਬੱਚਤ ਹੋਈ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਾਹਿਰਾਂ ਦੀਆਂ ਸਿਫਾਰਸ਼ਾਂ ਮੰਨ ਕੇ ਖੇਤੀ ਖਰਚੇ ਘਟਾ ਕੇ ਖੇਤੀ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਕਣਕ ਦੇ ਨਾਡ਼ ਨੂੰ ਅੱਗ ਨਾ ਲਾਉਣ ਅਤੇ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਖੇਤੀਬਾਡ਼ੀ ਵਿਭਾਗ ਨੂੰ ਜ਼ਿਲੇ ਦਾ ਮੋਹਰੀ ਵਿਭਾਗ ਐਲਾਨਦੇ ਹੋਏ ਕਿਹਾ ਕਿ ਖੇਤੀਬਾਡ਼ੀ ਵਿਭਾਗ ਦੀ ਪੂਰੀ ਟੀਮ ਕਿਸਾਨਾਂ ਦੇ ਹਿੱਤ ’ਚ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੀ ਹੈ।ਐੱਸ. ਡੀ. ਐੱਮ. ਸਰਦੂਲਗਡ਼੍ਹ ਲਤੀਫ ਅਹਿਮਦ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾ ਕੇ ਖੇਤੀ ਸਾਹਿਤ ਤੋਂ ਅਗਵਾਈ ਲੈ ਕੇ ਆਪਣੀ ਆਮਦਨ ’ਚ ਰੋਜ਼ਾਨਾ ਵਾਧਾ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਆਪਣੀ ਪੈਦਾਵਾਰ ਗਰੁੱਪ ਬਣਾ ਕੇ ਆਪ ਮੰਡੀਕਰਨ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਸਹਾਇਕ ਕਮਿਸ਼ਨਰ ਨਵਦੀਪ ਕੁਮਾਰ ਨੇ ਵੀ ਵਿਸ਼ੇਸ਼ ਤੌਰ ’ਤੇ ਖੇਤੀ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ।ਇਸ ਕੈਂਪ ’ਚ ਡਾ. ਜਤਿੰਦਰ ਸਿੰਘ ਬਰਾਡ਼ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਅਤੇ ਡਾ. ਜੀ. ਪੀ. ਐੱਸ. ਸੋਢੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੀ ਅਗਵਾਈ ਹੇਠ ਤਕਨੀਕੀ ਮਹਿਰਾਂ ਦੀ ਟੀਮ ਨੇ ਕਿਸਾਨਾਂ ਨੂੰ ਖੇਤੀ ਤਕਨੀਕਾਂ ਦੀ ਭਰਪੂਰ ਜਾਣਕਾਰੀ ਦਿੱਤੀ। ਡਾ. ਗੁਰਪ੍ਰੀਤ ਸਿੰਘ ਮੱਕਡ਼, ਡਾ. ਅਰੋਡ਼ਾ ਅਤੇ ਡਾ. ਸੁਭਾਸ਼ ਨੇ ਨਰਮੇ ਤੇ ਝੋਨੇ ਦੀਆਂ ਬੀਮਾਰੀਆਂ ਬਾਰੇ ਵਿਸਥਾਰਪੂਰਵਕ ਤਕਨੀਕੀ ਜਾਣਕਾਰੀ ਦਿੱਤੀ। ਇਸ ਕੈਂਪ ’ਚ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਡਾ. ਡੂੰਗਰ ਸਿੰਘ ਬਰਾਡ਼, ਡਾ. ਭੀਮ ਅਵਤਾਰ, ਡਾ. ਮੰਗਲਦਾਸ, ਡਾ. ਜਸਵਿੰਦਰ ਸਿੰਘ ਅਤੇ ਡਾ. ਜਸਲੀਨ ਕੌਰ ਧਾਲੀਵਾਲ ਦੀ ਟੀਮ ਵਲੋਂ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਖੇਤੀ ਅਤੇ ਸਹਾਇਕ ਧੰਦਿਆਂ ਲਈ ਪ੍ਰਦਰਸ਼ਨੀਆਂ ਲਾਈਆਂ ਗਈਆਂ। ਮੁੱਖ ਖੇਤੀਬਾਡ਼ੀ ਅਫਸਰ ਬਠਿੰਡਾ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਨਰਮੇ ਅਤੇ ਝੋਨੇ ਦੀ ਫਸਲ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਇਸ ਕੈਂਪ ਦਾ ਸਟੇਜ ਸੰਚਾਲਨ ਡਾ. ਹਰਵਿੰਦਰ ਸਿੰਘ ਸਿੱਧੂ ਖੇਤੀਬਾਡ਼ੀ ਵਿਕਾਸ ਅਫਸਰ ਵਲੋਂ ਕੀਤਾ ਗਿਆ। ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾਡ਼੍ਹਨ ਲਈ ਡਾ. ਚਮਨਦੀਪ ਸਿੰਘ ਡਿਪਟੀ ਪ੍ਰਾਜੈਕਟ ਡਾਇਰੈਕਟਰ, ਡਾ. ਮਨੋਜ ਕੁਮਾਰ, ਡਾ. ਪ੍ਰਦੀਪ ਸਿੰਘ, ਡਾ. ਸੁਖਜਿੰਦਰ ਸਿੰਘ, ਫਕੀਰ ਚੰਦ ਤਕਨੀਕੀ ਸਹਾਇਕ ਖੇਤੀਬਾਡ਼ੀ ਉਪ ਨਿਰੀਖਕ ਤੇ ਸਮੂਹ ਸਟਾਫ ਵਲੋਂ ਯੋਗਦਾਨ ਪਾਇਆ ਗਿਆ।

Related News