‘ਤਮੰਨਾ’ ਮੈਗਜ਼ੀਨ ਦਾ ਨਵਾਂ ਅੰਕ ਰਿਲੀਜ਼

02/17/2019 3:36:25 AM

ਬਠਿੰਡਾ (ਸਿੰਗਲਾ)-ਪਿੰਡ ਕੁਲਰੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਸਾਲਾਨਾ ਮੈਗਜ਼ੀਨ ‘ਤਮੰਨਾ’ ਦਾ ਨਵਾਂ ਅੰਕ ਇਕ ਸਾਹਿਤਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਿਦਵਾਨ ਆਲੋਚਕ ਨਿਰੰਜਨ ਬੋਹਾ, ਸੇਵਾ ਮੁਕਤ ਪ੍ਰਿੰਸੀਪਲ ਬਾਲ ਕ੍ਰਿਸ਼ਨ ਕਟੌਦੀਆ ਤੇ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਵਲੋਂ ਕੀਤੀ ਗਈ। ®ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਨਿਰੰਜਣ ਬੋਹਾ ਨੇ ਕਿਹਾ ਕਿ ਸਕੂਲ ਦੇ ਇਸ ਮੈਗਜ਼ੀਨ ਬਾਰੇ ਇਹ ਗੱਲ ਦਾਅਵੇ ਨਾਲ ਆਖੀ ਜਾ ਸਕਦੀ ਹੈ ਕਿ ਇਸ ’ਚ ਸ਼ਾਮਲ ਰਚਨਾਵਾਂ ਸਾਹਿਤਕ ਮਾਪਦੰਡਾਂ ’ਤੇ ਖਰੀਆਂ ਉੱਤਰਦੀਆਂ ਹਨ। ਮੈਗਜ਼ੀਨ ਦੇ ਮੁੱਖ ਸੰਪਾਦਕ ਦਰਸ਼ਨ ਸਿੰਘ ਬਰੇਟਾ ਨੇ ਕਿਹਾ ਕਿ ਇਹ ਮੈਗਜ਼ੀਨ ਪ੍ਰਕਾਸ਼ਿਤ ਕਰਨ ਦਾ ਮਕਸਦ ਵਿਦਿਆਰਥੀਆਂ ’ਚ ਸਾਹਿਤਕ ਚੇਤਨਾ ਪੈਦਾ ਕਰਨਾ ਹੈ। ਸੇਵਾ ਮੁਕਤ ਪ੍ਰਿੰਸੀਪਲ ਬਾਲ ਕ੍ਰਿਸ਼ਨ ਕਟੌਦੀਆ ਨੇ ਇਸ ਸਕੂਲ ’ਚ ਲਗਾਤਾਰ ਚੱਲਦੀਆਂ ਸਾਹਿਤਕ ਗਤੀਵਿਧੀਆਂ ’ਤੇ ਸੰਤੁਸ਼ਟੀ ਪ੍ਰਗਟਾਈ। ‘ਤਮੰਨਾ’ ਦੇ ਸੰਪਾਦਕ ਅਜ਼ੀਜ਼ ਸਰੋਏ ਅਤੇ ਸਹਿ-ਸੰਪਾਦਕ ਕੇਵਲ ਸਿੰਘ ਧਰਮਪੁਰਾ ਨੇ ਮੈਗਜ਼ੀਨ ਲਈ ਵਿਦਿਆਰਥੀਆਂ ਦੀਆਂ ਸਾਹਿਤਕ ਰਚਨਾਵਾਂ ਦੀ ਚੋਣ ਕਰਨ ਸਬੰਧੀ ਅਪਣਾਏ ਮਾਪਦੰਡਾਂ ਦੀ ਗੱਲ ਰੱਖੀ। ਇਸ ਮੌਕੇ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ, ਅਸ਼ਵਨੀ ਖੁਡਾਲ, ਲੈਕਚਰਾਰ ਭੋਜ ਰਾਜ ਸਿੰਗਲਾ, ਸਰਪੰਚ ਰਾਜਵੀਰ ਗਰੇਵਾਲ, ਜ਼ਿਲਾ ਪ੍ਰੀਸ਼ਦ ਨੁਮਾਇੰਦੇ ਸਿਮਰਨਜੀਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

Related News