ਮੈਗਜੀਨ ‘ਤਮੰਨਾ’ ਦਾ ਨਵਾਂ ਅੰਕ ਰਿਲੀਜ਼

02/16/2019 4:01:25 AM

ਬਠਿੰਡਾ (ਸਿੰਗਲਾ)-ਪਿੰਡ ਕੁਲਰੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਸਾਲਾਨਾ ਮੈਗਜੀਨ ‘ਤਮੰਨਾ’ ਦਾ ਨਵਾਂ ਅੰਕ ਇੱਕ ਸਾਹਿਤਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਿਦਵਾਨ ਆਲੋਚਕ ਨਿਰੰਜਨ ਬੋਹਾ, ਸੇਵਾ ਮੁਕਤ ਪ੍ਰਿੰਸੀਪਲ ਬਾਲ ਕ੍ਰਿਸ਼ਨ ਕਟੌਦੀਆ ਤੇ ਸਕੂਲ ਦੇ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਵੱਲੋਂ ਕੀਤੀ ਗਈ । ®ਇਸ ਮੌਕੇ ’ਤੇ ਆਪਣੇ ਵਿਚਾਰ ਰੱਖਦਿਆਂ ਨਿਰੰਜਣ ਬੋਹਾ ਨੇ ਕਿਹਾ ਕਿ ਸਕੂਲ ਦੇ ਮੈਗਜੀਨ ਬਾਰੇ ਇਹ ਗੱਲ ਦਾਅਵੇ ਨਾਲ ਆਖੀ ਜਾ ਸਕਦੀ ਹੈ ਕਿ ਇਸ ’ਚ ਸ਼ਾਮਲ ਰਚਨਾਵਾਂ ਸਾਹਿਤਕ ਮਾਪਦੰਡਾਂ ’ਤੇ ਖਰੀਆਂ ਉੱਤਰਦੀਆਂ ਹਨ। ਮੈਗਜੀਨ ਦੇ ਮੁੱਖ ਸੰਪਾਦਕ ਦਰਸ਼ਨ ਸਿੰਘ ਬਰੇਟਾ ਨੇ ਕਿਹਾ ਕਿ ਇਹ ਮੈਗਜੀਨ ਪ੍ਰਕਾਸ਼ਿਤ ਕਰਨ ਦਾ ਮਕਸਦ ਵਿਦਿਆਰਥੀਆਂ ’ਚ ਸਾਹਿਤਕ ਚੇਤਨਾ ਪੈਦਾ ਕਰਨਾ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਵਾਹ ਕਰਨਾ ਹੈ। ਸੇਵਾ ਮੁਕਤ ਪ੍ਰਿੰਸੀਪਲ ਬਾਲ ਕ੍ਰਿਸ਼ਨ ਕਟੌਦੀਆ ਨੇ ਇਸ ਸਕੂਲ ’ਚ ਲਗਾਤਾਰ ਚੱਲਦੀਆਂ ਸਾਹਿਤਕ ਗਤੀਵਿਧੀਆਂ ’ਤੇ ਸੰਤੁਸ਼ਟੀ ਪ੍ਰਗਟਾਈ। ਤਮੰਨਾ ਦੇ ਸੰਪਾਦਕ ਅਜੀਜ ਸਰੋਏ ਅਤੇ ਸਹਿ ਸੰਪਾਦਕ ਕੇਵਲ ਸਿੰਘ ਧਰਮਪੁਰਾ ਨੇ ਮੈਗਜੀਨ ਲਈ ਵਿਦਿਆਰਥੀਆਂ ਦੀਆਂ ਸਾਹਿਤਕ ਰਚਨਾਵਾਂ ਦੀ ਚੋਣ ਕਰਨ ਸਬੰਧੀ ਅਪਣਾਏ ਮਾਪਦੰਡਾਂ ਦੀ ਗੱਲ ਰੱਖੀ। ਕੰਧ ਪੱਤ੍ਰਿਕਾ ‘ਅੰਬਰ ਵੱਲ ਪਰਵਾਜ’ ਦੀ ਗੱਲ ਕਰਦਿਆਂ ਕੰਧ ਪੱਤ੍ਰਿਕਾ ਦੇ ਸੰਪਾਦਕ ਦੇਸ਼ਰਾਜ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ ਇੱਕ ਆਲੋਚਕ ਅਤੇ ਚੰਗੇ ਸਾਹਿਤਕਾਰ ਬਣਨ ਲਈ ਇਹ ਇੱਕ ਢੁੱਕਵਾਂ ਮੰਚ ਸਾਬਿਤ ਹੋ ਰਿਹਾ ਹੈ। ਇਸ ਮੌਕੇ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ, ਅਸ਼ਵਨੀ ਖੁਡਾਲ, ਲੈਕਚਰਾਰ ਭੋਜ ਰਾਜ ਸਿੰਗਲਾ, ਸਰਪੰਚ ਰਾਜਵੀਰ ਗਰੇਵਾਲ, ਜ਼ਿਲਾ ਪ੍ਰੀਸ਼ਦ ਨੁਮਾਇੰਦੇ ਸਿਮਰਨਜੀਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ।