ਪੰਜਾਬ ਕਿਸਾਨ ਯੂਨੀਅਨ ਦਾ ਪੱਕਾ ਮੋਰਚਾ ਜਾਰੀ

01/24/2019 9:59:38 AM

ਬਠਿੰਡਾ (ਮਿੱਤਲ)-ਪੰਜਾਬ ਕਿਸਾਨ ਯੂਨੀਅਨ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਲਾਏ ਪੱਕੇ ਮੋਰਚੇ ਦੇ ਅੱਜ ਦੂਸਰੇ ਦਿਨ ਕਿਸਾਨਾਂ ਵਲੋਂ ਖੁਦਕੁਸ਼ੀ ਪੀਡ਼ਤ ਪਰਿਵਾਰਾਂ ਦੀ ਦਾਸਤਾਨ ਨਾਮ ਹੇਠ 31 ਜਨਵਰੀ ਨੂੰ ਪ੍ਰੈਸ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ। ਪੱਕੇ ਮੋਰਚੇ ਦੌਰਾਨ ਅੱਜ ਯੂਨੀਅਨ ਵਲੋਂ ਜ਼ਿਲਾ ਪ੍ਰਧਾਨ ਭੋਲਾ ਸਿੰਘ ਸਮਾਉਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ’ਚ ਫੈਸਲਾ ਕੀਤਾ ਗਿਆ ਕਿ 31 ਜਨਵਰੀ ਨੂੰ ਖੁਦਕੁਸ਼ੀ ਪੀਡ਼ਤ ਪਰਿਵਾਰਾਂ ਦੀਆਂ ਔਰਤਾਂ ਨੂੰ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਾਇਆ ਜਾਵੇਗਾ ਅਤੇ ਉਸ ਤੋਂ ਬਾਅਦ 2 ਵਜੇ ਖੁਦਕੁਸ਼ੀ ਪੀਡ਼ਤ ਪਰਿਵਾਰਾਂ ਦੀ ਦਾਸਤਾਨ ਦੇ ਨਾਮ ਹੇਠ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਜਿਸ ’ਚ ਉਨ੍ਹਾਂ ਪਰਿਵਾਰਾਂ ਦੀ ਅਸਲ ਜਿੰਦਗੀ ਬਾਰੇ ਪ੍ਰੈਸ ਰਾਹੀਂ ਲੋਕਾਂ ’ਚ ਲਿਜਾਇਆ ਜਾਵੇਗਾ ਕਿ ਉਨ੍ਹਾਂ ਦੇ ਪਰਿਵਾਰ ਦੇ ਕੀਮਤੀ ਜੀਅ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ’ਤੇ ਕੀ ਅਸਰ ਪੈ ਰਿਹਾ ਹੈ ਅਤੇ ਕਿੰਨ੍ਹਾਂ ਦੁੱਖਾਂ ਦਾ ਸਾਹਮਣਾ ਕਰਦੇ ਹੋਏ ਉਹ ਲੋਕ ਆਪਣੀਆਂ ਗਲ ਪਈਆਂ ਜਿੰਮੇਵਾਰੀਆਂ ਨਿਭਾ ਰਹੇ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਖ਼ੁਦਕੁਸ਼ੀ ਪੀਡ਼ਤ ਪਰਿਵਾਰ ਬਹੁਤ ਹੀ ਮੁਸ਼ਕਿਲ ਸਮੇਂ ’ਚੋਂ ਗੁਜ਼ਰ ਰਹੇ ਹਨ। ਭਾਵੇਂ ਸਰਕਾਰ ਵੱਲੋਂ ਕੁਝ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਨੂੰ ਜਾਣਕਾਰੀ ਨਾ ਹੋਣ ਕਰਕੇ ਉਹ ਨਿਗੂਣੀਆਂ ਸਹੂਲਤਾਂ ਦਾ ਵੀ ਉਨ੍ਹਾਂ ਨੂੰ ਲਾਭ ਨਹੀਂ ਮਿਲ ਰਿਹਾ ਤੇ ਵੱਡੀ ਗਿਣਤੀ ’ਚ ਸਰਕਾਰ ਤੇ ਅਧਿਕਾਰੀ ਤਰ੍ਹਾਂ-ਤਰ੍ਹਾਂ ਦੀਆਂ ਸ਼ਰਤਾਂ ਲਾ ਕੇ ਉਨ੍ਹਾਂ ਨੂੰ ਖ਼ੁਦਕੁਸ਼ੀ ਪੀਡ਼ਤ ਪਰਿਵਾਰ ਮੰਨਣ ਤੋਂ ਇਨਕਾਰੀ ਹਨ। ਮੀਟਿੰਗ ’ਚ ਮੰਗ ਕੀਤੀ ਗਈ ਕਿ ਮੀਂਹ ਤੇ ਗਡ਼ੇਮਾਰੀ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਵਾਈ ਕੀਤੀ ਜਾਵੇ। ਮੀਟਿੰਗ ’ਚ ਸੀ. ਪੀ. ਆਈ.(ਐੱਮ. ਐੱਲ.) ਲਿਬਰੇਸ਼ਨ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ, ਗੁਰਨਾਮ ਸਿੰਘ ਭੀਖੀ, ਐਡਵੋਕੇਟ ਬਲਕਰਨ ਸਿੰਘ ਬੱਲੀ, ਕਾਮਰੇਡ ਨਛੱਤਰ ਸਿੰਘ ਖੀਵਾ, ਸੁਰਜੀਤ ਸਿੰਘ ਕੋਟਧਰਮੂੰ, ਹਾਕਮ ਸਿੰਘ ਝੁਨੀਰ, ਰਣਜੀਤ ਸਿੰਘ ਤਾਮਕੋਟ, ਪੰਜਾਬ ਸਿੰਘ ਅਕਲੀਆ ਤਲਵੰਡੀ, ਸਵਰਨ ਸਿੰਘ ਬੋਡ਼ਾਵਾਲ , ਸਾਧੂ ਸਿੰਘ ਬੁਰਜ, ਕਰਨੈਲ ਸਿੰਘ ਮਾਨਸਾ, ਮੇਜਰ ਸਿੰਘ ਨੰਗਲ ਕਲਾਂ, ਦਰਸ਼ਨ ਸਿੰਘ ਸਾਹਨੇਵਾਲੀ, ਬਲਦੇਵ ਸਿੰਘ ਸਮਾਉਂ, ਰੂਪ ਸਿੰਘ ਬੁਰਜ ਹਰੀ, ਗੁਰਜੰਟ ਸਿੰਘ ਅਲੀਸ਼ੇਰ ਆਦਿ ਆਗੂ ਹਾਜ਼ਰ ਸਨ।