ਕਰਜਾ ਮੁਆਫੀ ਦੇ ਨਾਂ ''ਤੇ ਡਰਾਮੇਬਾਜੀ ਕਰ ਰਹੀ ਕੈਪਟਨ ਸਰਕਾਰ : ਕਿਸਾਨ ਆਗੂ

03/16/2018 4:37:37 PM

ਭਵਾਨੀਗੜ੍ਹ (ਵਿਕਾਸ) — ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ 22 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਕੀਤੇ ਜਾ ਰਹੇ ਘਿਰਾਓ ਸਬੰਧੀ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਅੱਜ ਇਲਾਕੇ ਦੇ ਦਰਜਨ ਭਰ ਪਿੰਡਾਂ 'ਚ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਵਿਰੁੱਧ ਜੰੰਮ ਕੇ ਨਾਅਰੇਬਾਜੀ ਕੀਤੀ ਗਈ । ਝੰਡਾ ਮਾਰਚ ਤੋਂ ਪਹਿਲਾਂ ਸਥਾਨਕ ਅਨਾਜ ਮੰਡੀ 'ਚ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਇਕੱਤਰ ਹੋਏ। ਕਿਸਾਨਾਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਕਿਸਾਨਾਂ ਨਾਲ ਪੂਰਨ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਸੱਤਾ 'ਚ ਆਉਣ 'ਤੇ ਪੂਰਾ ਕਰਨ ਦੀ ਥਾਂ ਕੈਪਟਨ ਸਰਕਾਰ ਡਰਾਮੇਬਾਜੀ ਕਰ ਰਹੀ ਹੈ । ਕਿਸਾਨ ਆਗੂ ਕਪਿਆਲ ਨੇ ਕਿਹਾ ਕਿ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ 'ਚ ਕਿਸਾਨਾਂ ਵਲੋਂ ਸੰਘਰਸ਼ ਕਰਨ 'ਤੇ ਵੀ ਸਰਕਾਰ ਦੇ ਕੰਨ ਤੇ ਕੋਈ ਜੂੰ ਨਾ ਸਰਕੀ, ਜਿਸ ਕਾਰਨ ਯੂਨੀਅਨ ਨੇ 22 ਤੋਂ 28 ਮਾਰਚ ਤੱਕ ਬਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਘੇਰਨ ਦਾ ਫੈਸਲਾ ਕੀਤਾ ਹੈ । ਯੂਨੀਅਨ ਵਲੋਂ ਇਲਾਕੇ ਦੇ ਕਿਸਾਨਾਂ ਨੂੰ ਇਸ ਸਘੰਰਸ਼ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕਰਨ ਦੇ ਤਹਿਤ ਅੱਜ ਮੋਟਰਸਾਇਕਲਾਂ 'ਤੇ ਹੋਰ ਵਾਹਨਾਂ ਤੇ 12 ਪਿਡਾਂ 'ਚ ਝੰਡਾ ਮਾਰਚ ਕੀਤਾ ਗਿਆ ਹੈ । ਇਸ ਮੌਕੇ ਦਰਬਾਰਾ ਸਿੰਘ ਬਲਾਕ ਪ੍ਰਧਾਨ, ਨਰਿੰਦਰ ਸਿੰਘ ਆਦਿ ਸਮੇਤ ਭਾਰੀ ਗਿਣਤੀ 'ਚ ਕਿਸਾਨ ਹਾਜ਼ਰ ਸਨ ।