ਮਾਮਲਾ ਮੰਗਾਂ ਨਾ ਮੰਨਣ ਦਾ : ਭਾਰਤੀ ਕਿਸਾਨ ਯੂਨੀਅਨ ਵਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਵਿਸ਼ਾਲ ਧਰਨਾ ਦੇਣ ਦਾ ਐਲਾਨ

12/11/2017 1:23:46 PM

ਮਾਨਸਾ (ਮਨਜੀਤ ਕੌਰ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਕਾਦੀਆਂ ਜ਼ਿਲਾ ਮਾਨਸਾ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲਾ ਪ੍ਰਧਾਨ ਜਰਨੈਲ ਸਿੰਘ ਸਤੀਕੇ ਦੀ ਪ੍ਰਧਾਨਗੀ ਹੇਠ ਹੋਈ। 
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਸਕੱਤਰ ਜਨਰਲ ਹਰਦੇਵ ਸਿੰਘ ਕੋਟ ਧਰਮੂ ਨੇ ਦੱਸਿਆ ਕਿ ਕਿਸਾਨਾਂ ਦੀਆਂ ਭਖਵੀਆਂ ਮੰਗਾਂ ਬਾਰੇ 18 ਦਸੰਬਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਵਿਸ਼ਾਲ ਧਰਨਾ ਦੇ ਕੇ ਡੀ. ਸੀ. ਮਾਨਸਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਦਿੱਤਾ ਜਾਵੇਗਾ, ਜਿਸ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਸੂਬਾ ਸਕੱਤਰ ਜਨਰਲ ਗੁਰਮੀਤ ਸਿੰਘ ਗੋਲੇਵਾਲ ਪਹੁੰਚਣਗੇ। ਕਿਸਾਨੀ ਮੰਗਾਂ ਬਾਰੇ ਸੂਬਾ ਪ੍ਰਚਾਰ ਸਕੱਤਰ ਗੁਰਦੀਪ ਸਿੰਘ ਚੱਕ ਭਾਈਕੇ ਨੇ ਦੱਸਿਆ ਕਿ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਅਤੇ ਪੰਜਾਬ ਵਾਸੀਆਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਜਿਨ੍ਹਾਂ 'ਚ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਦਾ ਵਾਅਦਾ ਵੀ ਸ਼ਾਮਲ ਸੀ ਪਰ ਸਰਕਾਰ ਵੱਲੋਂ 10 ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕਰਜ਼ਾ ਮੁਆਫੀ ਬਾਰੇ ਕੋਈ ਅਮਲ ਨਹੀਂ ਕੀਤਾ ਗਿਆ, ਬਲਕਿ ਜੋ ਕਰਜ਼ਾ ਮੁਆਫੀ ਦੀ ਲੰਗੜੀ ਨੀਤੀ ਅਪਣਾਈ ਜਾ ਰਹੀ ਹੈ ਉਸ ਨੂੰ ਵੀ ਲਮਕਾਇਆ ਜਾ ਰਿਹਾ ਹੈ। 
ਇਸ ਲਈ ਜਥੇਬੰਦੀ ਮੰਗ ਕਰਦੀ ਹੈ ਕਿ ਸਮੁੱਚੇ ਕਿਸਾਨਾਂ ਦਾ ਬਿਨਾਂ ਵਿਤਕਰੇ ਅਤੇ ਬਿਨਾਂ ਕਿਸੇ ਹੱਦਬੰਦੀ ਦੇ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਫਸਲਾਂ ਪੈਦਾ ਕਰਨ ਲਈ ਵਰਤੀਆਂ ਜਾਣ ਵਾਲੀਆਂ  ਖਾਦਾਂ, ਕੀੜੇਮਾਰ ਦਵਾਈਆਂ, ਮਸ਼ੀਨਰੀ ਵਗੈਰਾ ਨੂੰ ਜੀ. ਐੱਸ. ਟੀ. ਤੋਂ ਮੁਕਤ ਕੀਤਾ ਜਾਵੇ। ਖਾਦਾਂ ਦੀ ਖਰੀਦ ਸਮੇਂ ਕਿਸਾਨਾਂ ਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ, ਟਰੈਕਟਰਾਂ ਨੂੰ ਟੈਕਸ ਤੋਂ ਮੁਕਤ ਕੀਤਾ ਜਾਵੇ, ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ, ਗੰਨੇ ਦਾ ਭਾਅ 350 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਕਿਸਾਨੀ ਜਿਣਸਾਂ ਦੇ ਭਾਅ ਡਾਕਟਰੀ ਸੁਆਮੀਨਾਥਨ ਦੀ ਸਿਫਾਰਸ਼ ਅਨੁਸਾਰ ਦਿੱਤੇ ਜਾਣ, ਫਸਲਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦੀ ਸਪਲਾਈ ਨਿਰਵਿਘਨ ਜਾਰੀ ਰੱਖੀ ਜਾਵੇ, ਫਸਲਾਂ ਦੀ ਸਿੰਚਾਈ ਲਈ ਕਿਸਾਨਾਂ ਨੂੰ ਬਿਜਲੀ ਸਪਲਾਈ ਦਿਨ ਸਮੇਂ ਦਿੱਤੀ ਜਾਵੇ। 
ਮੀਟਿੰਗ ਦੌਰਾਨ ਗਰਦੌਰ ਸਿੰਘ ਫਤਿਹਪੁਰ, ਗੁਰਨਾਮ ਸਿੰਘ ਭੀਖੀ, ਸਾਧੂ ਸਿੰਘ ਕੋਟਲੀ, ਪਰਮਪ੍ਰੀਤ ਸਿੰਘ ਮਾਖੇਵਾਲਾ, ਸ਼ਿੰਗਾਰਾ ਸਿੰਘ ਦੋਦੜਾ, ਬਾਬੂ ਸਿੰਘ ਧਿੰਗੜ੍ਹ, ਹਰਨੇਕ ਸਿੰਘ ਫਰਵਾਹੀ, ਜਸਪਾਲ ਸਿੰਘ ਗੁੜੱਦੀ, ਗੁਰਜੰਟ ਸਿੰਘ ਸਤੀਕੇ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਹਾਜ਼ਰ ਸਨ।