2014 ਦੇ ਮੈਨੀਫੈਸਟੋ ਨੂੰ ਖੰਗਾਲਣ ''ਚ ਜੁੱਟੀ ਭਾਜਪਾ

02/23/2018 3:10:43 PM

ਜਲੰਧਰ (ਪਾਹਵਾ) — ਭਾਰਤੀ ਜਨਤਾ ਪਾਰਟੀ ਨੇ ਵੱਡੇ ਪੱਧਰ 'ਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੇਸ਼ ਆਪਣੇ ਘੋਸ਼ਣਾ ਪੱਤਰ ਦੇ ਵਾਅਦਿਆਂ ਨੂੰ ਖੰਗਾਲਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਕਵਾਇਦ ਦੌਰਾਨ ਇਹ ਖਾਸ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿ ਜੋ ਵਾਅਦੇ ਚੋਣਾਂ ਦੌਰਾਨ ਕੀਤੇ ਗਏ ਸਨ, ਉਨ੍ਹਾਂ 'ਚੋਂ ਕਿੰਨੇ ਵਾਅਦੇ ਕਿਸ ਪੱਧਰ ਤਕ ਪੂਰੇ ਹੋਏ ਤੇ ਕਿਹੜੇ-ਕਿਹੜੇ ਅਧੂਰੇ ਰਹਿ ਗਏ।
ਜਾਣਕਾਰੀ ਮੁਤਾਬਕ ਇਹ ਕਵਾਇਦ ਪਾਰਟੀ ਤੇ ਸਰਕਾਰ ਦੋਨਾਂ ਪੱਧਰਾਂ 'ਤੇ ਕੀਤੀ ਜਾ ਰਹੀ ਹੈ ਤੇ ਇਸ ਦੀ ਨਿਗਰਾਨੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਹਾਲ ਹੀ 'ਚ ਕੈਬਨਿਟ ਮੰਤਰੀ ਨੂੰ ਹੁਕਮ ਦਿੱਤੇ ਹਨ ਕਿ ਉਹ ਆਪਣੇ-ਆਪਣੇ ਵਿਭਾਗਾਂ ਦੀਆਂ ਉਪਲਬੱਧੀਆਂ ਦੀ ਸੂਚੀ ਬਣਾ ਕੇ ਪੇਸ਼ ਕਰਨ। ਇਸ 'ਚ ਖਾਸ ਤੌਰ 'ਤੇ ਧਿਆਨ ਰੱਖਿਆ ਜਾਵੇਗਾ ਕਿ 2014 'ਚ ਪਾਰਟੀ ਨੇ ਆਪਣੇ ਐਲਾਨ ਪੱਤਰ 'ਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਦੀ ਕੀ ਸਥਿਤੀ ਹੈ। ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਦੇ ਹੁਕਮਾਂ ਤੋਂ ਬਾਅਦ ਪਿਛਲੇ ਮਹੀਨੇ ਹੀ ਸਾਰੇ ਮੰਤਰੀਆਂ ਨੇ ਆਪਣਾ ਲਿਖਤੀ ਜਵਾਬ ਪੇਸ਼ ਕਰ ਦਿੱਤਾ ਹੈ। ਭਾਜਪਾ ਦੇ ਇਕ ਨੇਤਾ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਕੁਝ ਮੰਤਰੀਆਂ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਉਹ ਆਉਣ ਵਾਲੇ ਕੁਝ ਮਹੀਨਿਆਂ 'ਚ ਹੋਰ ਕਿਹੜੀ-ਕਿਹੜੀ ਯੋਜਨਾ ਸ਼ੁਰੂ ਕਰਨ ਵਾਲੇ ਹਨ। ਨਾਲ ਹੀ ਪੈਂਡਿੰਗ ਪ੍ਰਾਜੈਕਟਾਂ ਦੀ ਵੀ ਉਨ੍ਹਾਂ ਦੇ ਕਾਰਨਾਂ ਸਮੇਤ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਬਾਅਦ ਅਗਲੇ ਪੜਾਅ ਦੀ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਨੇ ਇਕ ਸੀਨੀਅਰ ਮੰਤਰੀ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਸਾਰੇ ਮੰਤਰੀਆਂ ਵਲੋਂ ਪੇਸ਼ ਸੂਚੀਆਂ ਨੂੰ ਇਕੱਠਾ ਕਰਕੇ ਉਸ ਦਾ ਅੰਤਿਮ ਦਸਤਾਵੇਜ ਤਿਆਰ ਕਰੇ। ਇਸ 'ਤੇ ਪ੍ਰਧਾਨ ਮੰਤਰੀ ਅੰਤਿਮ ਪੜ੍ਹਾਅ 'ਚ ਸਮੀਖਿਆ ਕਰਨਗੇ। ਫਿਰ ਇਸ ਨੂੰ ਆਮ ਜਨਤਾ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਭਾਜਪਾ ਸੂਤਰਾਂ ਮੁਤਾਬਕ ਜਿਵੇਂ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਹੈ, ਉਸ ਦੇ ਮੁਤਾਬਕ 2019 ਦੀਆਂ ਚੋਣਾਂ ਤੋਂ ਪਹਿਲਾਂ ਉਹ ਆਮ ਲੋਕਾਂ ਨੂੰ ਇਸ ਦੀ ਸੰਖੇਪ 'ਚ ਜਾਣਕਾਰੀ ਦੇਣਗੇ ਕਿ ਸਰਕਾਰ ਨੇ 2014 'ਚ ਜੋ ਵਾਅਦੇ ਕੀਤੇ ਸਨ, ਉਨ੍ਹਾਂ 'ਚੋਂ ਇਕ-ਇਕ ਨੂੰ ਕਿੰਨੀ ਗੰਭੀਰਤਾ ਨਾਲ ਪੂਰਾ ਕੀਤਾ ਹੈ। ਇਸ ਦੇ ਆਧਾਰ 'ਤੇ ਅਗਲੀ ਵਾਰ ਲਈ ਜਨਸਮਰਥਨ ਮੰਗੇ ਜਾਣ ਦੀ ਯੋਜਨਾ ਹੈ।
ਸ਼ਾਹ ਨੇ ਬੁਲਾਈ ਭਾਜਪਾ ਮੁੱਖ ਮੰਤਰੀਆਂ ਦੀ ਬੈਠਕ
ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ 2019 ਦੀਆਂ ਚੋਣਾਂ ਦੀ ਤਿਆਰੀ 'ਚ ਜੁੱਟ ਗਏ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਬਾਕੀ ਆਗੂਆਂ ਦੇ ਨਾਲ ਸਾਰੇ ਭਾਜਪਾ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਨਾਲ 28 ਫਰਵਰੀ ਨੂੰ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਹੈ। ਸ਼ਾਹ ਇਸ ਬੈਠਕ ਦੌਰਾਨ ਸਾਰੇ ਸੂਬਿਆਂ 'ਚ ਚਲ ਰਹੇ ਜਨ ਕਲਿਆਣ ਯੋਜਨਾਵਾਂ ਦਾ ਨਿਰੀਖਣ ਕਰਨਗੇ। ਇਹ ਬੈਠਕ ਭਾਜਪਾ ਪਾਰਟੀ ਦੇ ਨਵੇਂ ਦਫਤਰ 'ਚ ਬੁਲਾਈ ਗਈ ਹੈ। 2019 ਦੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਬੈਠਕ ਕਾਫੀ ਮੱਹਤਵਪੂਰਨ ਮੰਨੀ ਜਾ ਰਹੀ ਹੈ। ਇਸ ਮੁਲਾਕਾਤ 'ਚ ਕੇਂਦਰ ਦੀ ਦੇਸ਼ ਦੇ 10 ਕਰੋੜ ਗਰੀਬ ਪਰਿਵਾਰਾਂ ਨੂੰ ਸਿਹਤ ਬੀਮਾ ਦੇਣ ਦੀ ਅਭਿਲਾਸ਼ੀ ਸਕੀਮ ਤੇ ਦਿਹਾਤੀ ਖੇਤਰ ਤੇ ਖੇਤੀ ਸੰਬੰਧੀ ਗੱਲਬਾਤ 'ਤੇ ਖਾਸ ਜ਼ੋਰ ਹੋਵੇਗਾ। ਇਸ ਬੈਠਕ ਦਾ ਸਮਾਪਨ ਮੋਦੀ ਦੇ ਸੰਬੋਧਨ ਦੇ ਨਾਲ ਹੋਵੇਗਾ। ਭਾਜਪਾ ਦੇ 14 ਸੂਬਿਆਂ 'ਚ ਮੁੱਖ ਮੰਤਰੀ ਤੇ ਕਈ ਸੂਬਿਆਂ 'ਚ ਜਿਥੇ ਗਠਬੰਧਨ ਸਰਕਾਰ ਹੈ, ਉਥੇ ਉਪ ਮੁੱਖ ਮੰਤਰੀ ਹਨ।