ਭੰਡਾਰੀ-ਰਵੀ ਦਾ ਝਗੜਾ ਪਹੁੰਚਿਆ ਸੰਘ ਦੇ ਦਰਬਾਰ

12/28/2017 8:55:33 AM

ਜਲੰਧਰ (ਪਾਹਵਾ)—ਭਾਰਤੀ ਜਨਤਾ ਪਾਰਟੀ ਜ਼ਿਲਾ ਜਲੰਧਰ ਵਿਚ ਪੈਦਾ ਹੋਇਆ ਤੂਫਾਨ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਤਰ੍ਹਾਂ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਅਤੇ ਰਵੀ ਮਹਿੰਦਰੂ ਅਤੇ ਨਿਗਮ ਚੋਣਾਂ ਵਿਚ ਹਾਰਨ ਵਾਲੇ ਹੋਰਨਾਂ ਨੇਤਾਵਾਂ ਵਿਚਕਾਰ ਖਿੱਚੋਤਾਣ ਦਾ ਮਾਮਲਾ ਹੁਣ ਸੰਘ ਦੇ ਦਰਬਾਰ ਵਿਚ ਪਹੁੰਚ ਗਿਆ ਹੈ, ਤੋਂ ਬਾਅਦ ਇਸ ਮਾਮਲੇ ਵਿਚ ਭਾਜਪਾ ਵੀ ਗੰਭੀਰ ਹੋਣ ਲੱਗੀ ਹੈ। ਮੰਗਲਵਾਰ ਨੂੰ ਦੇਰ ਰਾਤ ਤੱਕ ਭਾਜਪਾ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਨਾਲ ਰਵੀ ਮਹਿੰਦਰੂ ਅਤੇ ਹੋਰਨਾਂ ਨੇਤਾਵਾਂ ਦੀ ਮੀਟਿੰਗ ਤੋਂ ਬਾਅਦ ਅੱਜ ਮਾਮਲੇ ਨੂੰ ਲੈ ਕੇ ਨਵਾਂ ਮੋੜ ਆਇਆ ਹੈ। ਜ਼ਿਲਾ ਪ੍ਰਧਾਨ ਨੂੰ ਸ਼ਿਕਾਇਤ ਸੌਂਪਣ 'ਤੇ ਸੰਤੁਸ਼ਟ ਹੋ ਕੇ ਰਵੀ ਮਹਿੰਦਰੂ ਨੇ ਅੱਜ ਸੰਘ ਦੇ ਕੁੱਝ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਅੱਗੇ ਵੀ ਇਹ ਮਾਮਲਾ ਉਠਾਇਆ ਹੈ। ਸੂਤਰਾਂ ਮੁਤਾਬਕ ਦੇਰ ਸ਼ਾਮ ਰਵੀ ਮਹਿੰਦਰੂ ਅੰਮ੍ਰਿਤਸਰ ਵਿਚ ਕੁਝ ਸੰਘ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਹਨ ਅਤੇ ਉਨ੍ਹਾਂ ਨੂੰ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਖਿਲਾਫ ਸਬੂਤ ਸੌਂਪੇ ਹਨ। ਮਹਿੰਦਰੂ ਨੇ ਦੋਸ਼ ਲਾਇਆ ਹੈ ਕਿ ਨਿਗਮ ਚੋਣਾਂ ਵਿਚ ਉਨ੍ਹਾਂ ਨੂੰ ਹਰਾਉਣ ਲਈ ਭੰਡਾਰੀ ਨੇ ਗੇਮ ਪਲਾਨ ਬਣਾਇਆ ਸੀ ਅਤੇ ਉਨ੍ਹਾਂ ਦੇ ਨਾਲ-ਨਾਲ ਮਿੰਟਾ ਕੋਛੜ ਅਤੇ ਗੋਪਾਲ ਗੁਪਤਾ ਨੂੰ ਹਰਾਉਣ ਲਈ ਹਰ ਤਰ੍ਹਾਂ ਦੇ ਹੱਥਕੰਢੇ ਅਪਣਾਉਣ ਨੂੰ ਕਿਹਾ ਹੈ। ਇਸ ਸਬੰਧ ਵਿਚ ਭੰਡਾਰੀ ਦੀ ਕੁੱਝ ਰਿਕਾਰਡਿੰਗ ਵੀ ਇਨ੍ਹਾਂ ਲੋਕਾਂ ਕੋਲ ਪਹੁੰਚੀ ਹੈ, ਜਿਨ੍ਹਾਂ ਵਿਚ ਕਥਿਤ ਤੌਰ 'ਤੇ ਵਰਕਰਾਂ ਨੂੰ ਧਮਕਾਏ ਜਾਣ ਦਾ ਦੋਸ਼ ਹੈ।
ਰਵੀ ਮਹਿੰਦਰੂ ਨੇ ਇਹ ਰਿਕਾਰਡਿੰਗ ਅਤੇ ਕੁੱਝ ਹੋਰ ਸਬੂਤ ਸੰਘ ਦੇ ਅਧਿਕਾਰੀਆਂ ਨੂੰ ਸੌਂਪੇ ਹਨ। ਇਸ ਸਬੰਧ ਵਿਚ ਰਵੀ ਮਹਿੰਦਰੂ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਇਸ ਬਾਰੇ ਵਿਚ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਭੰਡਾਰੀ ਅਤੇ ਰਵੀ ਵਿਚਕਾਰ ਕਾਲੀਆ : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਦੇ ਮੌਕੇ ਤੋਂ ਪਹਿਲਾਂ ਤੱਕ ਸ਼ਹਿਰ ਵਿਚ ਕੇਂਦਰੀ ਅਤੇ ਨਾਰਥ ਵਿਧਾਨ ਸਭਾ ਹਲਕਾ ਸਦਾ ਹੀ ਇਕ ਦੂਸਰੇ ਨੂੰ ਲੈ ਕੇ ਸੁਰਖੀਆਂ ਵਿਚ ਰਹੇ ਹਨ। ਨਾਰਥ ਹਲਕੇ ਵਿਚ ਵਿਧਾਇਕ ਰਹੇ ਕੇ. ਡੀ. ਭੰਡਾਰੀ ਅਤੇ ਕੇਂਦਰੀ ਹਲਕੇ ਦੇ ਵਿਧਾਇਕ ਰਹੇ ਮਨੋਰੰਜਨ ਕਾਲੀਆ ਵਿਚ ਅਕਸਰ ਛੱਤੀ ਦਾ ਅੰਕੜਾ ਰਿਹਾ ਹੈ। ਬੇਸ਼ੱਕ ਦੋਵਾਂ ਨੇਤਾਵਾਂ ਵਿਚਕਾਰ ਜਾਇਦਾਦ ਨੂੰ ਲੈ ਕੇ ਕੋਈ ਝਗੜਾ ਨਹੀਂ ਹੈ ਪਰ ਇਨ੍ਹਾਂ ਨੇਤਾਵਾਂ ਦੇ ਚੇਲਿਆਂ ਨੂੰ ਲੈ ਕੇ ਅਕਸਰ ਆਪਸੀ ਝਗੜਾ ਵੱਧਦਾ ਰਿਹਾ ਹੈ। 
ਕਾਲੀਆ ਦੇ ਖਾਸ ਰਵੀ ਮਹਿੰਦਰੂ ਅਤੇ ਭੰਡਾਰੀ 'ਚ ਛੱਤੀ ਦਾ ਅੰਕੜਾ ਹੈ। ਰਵੀ ਮਹਿੰਦਰੂ ਜਿੱਥੇ ਭੰਡਾਰੀ ਦੇ ਖੇਤਰ ਤੋਂ ਟਿਕਟ ਦੀ ਦਾਅਵੇਦਾਰੀ ਜਤਾਉਂਦੇ ਹਨ, ਉਥੇ ਭੰਡਾਰੀ ਤੇ ਰਵੀ ਮਹਿੰਦਰੂ ਨੂੰ ਮਿਲਣ ਵਾਲੀ ਮੇਅਰ ਦੀ ਕੁਰਸੀ ਖੋਹਣ ਦਾ ਦੋਸ਼ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਰਵੀ ਮਹਿੰਦਰੂ ਦਾ ਨਾਂ ਲੈ ਕੇ ਕਿਹਾ ਕਿ ਉਹ ਮੇਅਰ ਨਾ ਬਣ ਸਕਣ ਦੀ ਖੁੰਦਕ ਕੱਢ ਰਹੇ ਹਨ। ਭੰਡਾਰੀ ਦਾ ਇਹ ਸਿੱਧਾ ਦੋਸ਼ ਰਵੀ ਦੇ ਨਾਲ ਮਿੰਟਾ ਕੋਛੜ ਅਤੇ ਰਾਮ ਗੋਪਾਲ ਗੁਪਤਾ 'ਤੇ ਵੀ ਸੀ। ਹੁਣ ਚਰਚਾ ਇਹ ਹੈ ਕਿ ਰਵੀ ਜੋ ਕਿ ਕਾਲੀਆ ਦੇ ਖਾਸ ਹਨ, ਦੇ ਨਾਲ ਭੰਡਾਰੀ ਦਾ ਚੱਲ ਰਿਹਾ ਝਗੜਾ ਕੀ ਕਰਵਟ ਬਦਲੇਗਾ।  ਕੁਝ ਲੋਕ ਕਹਿ ਰਹੇ ਹਨ ਕਿ ਭੰਡਾਰੀ ਅਤੇ ਰਵੀ ਦੇ ਵਿਚਕਾਰ ਕਾਲੀਆ ਸਮਝੌਤਾ ਕਰਵਾ ਸਕਦੇ ਹਨ ਪਰ ਰਾਜਨੀਤੀ ਦੇ ਮਾਹਿਰ ਅਜਿਹਾ ਹੋਣ ਦੀ ਸੰਭਾਵਨਾ ਤੋਂ ਇਹ ਕਹਿ ਕੇ ਇਨਕਾਰ ਕਰ ਰਹੇ ਹਨ ਕਿ ਭੰਡਾਰੀ ਅਤੇ ਕਾਲੀਆ ਵਿਚਕਾਰ ਅਸਥਾਈ ਸਮਝੌਤਾ ਕਿਸੇ ਤੀਸਰੇ ਦੀ ਖਾਤਿਰ ਹੈ। 
ਨਾਰਾਜ਼-ਨਾਰਾਜ਼ ਜਿਹੇ ਹਜ਼ੂਰ ਨਜ਼ਰ ਆਉਂਦੇ ਹਨ! : ਸ਼ਹਿਰ ਵਿਚ ਇਕ ਪਾਸੇ ਤਾਂ ਠੰਡ ਦਾ ਪ੍ਰਕੋਪ ਵਧ ਰਿਹਾ ਹੈ ਪਰ ਦੂਸਰੇ ਪਾਸੇ ਜਲੰਧਰ ਭਾਜਪਾ ਦੀ ਰਾਜਨੀਤੀ ਖੂਬ ਗਰਮਾ ਰਹੀ ਹੈ। ਇਸ ਸਰਦੀ ਵਿਚ ਗਰਮੀ ਦਾ ਅਹਿਸਾਸ ਕਰਵਾ ਰਹੀ ਭਾਜਪਾ ਦੀ ਰਾਜਨੀਤੀ ਵਿਚ ਇਕ ਹੋਰ ਘਟਨਾ ਅੱਜਕਲ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਰਚਾ ਹੈ ਕਿ ਭਾਜਪਾ ਦੇ ਇਕ ਸੂਬਾ ਪੱਧਰ ਦੇ ਨੇਤਾ ਆਪਣੇ ਕਰੀਬੀ ਸਾਬਕਾ ਵਿਧਾਇਕ ਦੋਸਤ ਤੋਂ ਨਾਰਾਜ਼ ਹੋ ਗਏ ਹਨ। ਨਾਰਾਜ਼ਗੀ ਵੀ ਅਜਿਹੀ ਕਿ ਸਾਬਕਾ ਵਿਧਾਇਕ ਦੋਸਤ ਦੇ ਬੁਲਾਉਣ 'ਤੇ ਵੀ ਉਹ ਹੁਣ ਉਨ੍ਹਾਂ ਦੇ ਨਿਵਾਸ 'ਤੇ ਨਹੀਂ ਜਾਂਦਾ। ਉਪਰੋਂ ਇਸ ਦੋਸਤੀ ਵਿਚ ਅੱਗ ਲਾਉਣ ਦਾ ਕੰਮ ਸੂਬਾ ਪ੍ਰਧਾਨ ਨੇ ਪੂਰਾ ਕਰ ਦਿੱਤਾ ਹੈ। ਅਸੀਂ ਗੱਲ ਕਰ ਰਹੇ ਹਾਂ ਕੇਂਦਰੀ ਵਿਧਾਨ ਸਭਾ ਹਲਕੇ ਦੀ ਜਿੱਥੇ ਸਾਬਕਾ ਵਿਧਾਇਕ ਰਹੇ ਮਨੋਰੰਜਨ ਕਾਲੀਆ ਅਤੇ ਉਨ੍ਹਾਂ ਦੇ ਕਰੀਬੀ ਕਹੇ ਜਾਂਦੇ ਅਨਿਲ ਸੱਚਰ ਵਿਚ ਕੰਧ ਖੜ੍ਹੀ ਹੋ ਗਈ ਹੈ। ਬੇਸ਼ੱਕ ਇਹ ਦੋਸਤੀ ਪੁਰਾਣੀ ਨਹੀਂ ਸੀ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਦੋਵੇਂ ਕਰੀਬ ਆਏ ਸਨ ਪਰ ਇਹ ਨੇੜਤਾ ਜ਼ਿਆਦਾ ਦੇਰ ਤੱਕ ਨਹੀਂ ਚੱਲੀ ਹੈ। 
ਸੱਚਰ ਨੂੰ ਮਿਲੀ ਜ਼ਿੰਮੇਵਾਰੀ ਤਾਂ ਨਹੀਂ ਦਰਾੜ ਦਾ ਕਾਰਨ? : ਸੂਤਰਾਂ ਮੁਤਾਬਕ ਨਿਗਮ ਚੋਣਾਂ ਵਿਚ ਕਾਲੀਆ ਅਤੇ ਸੱਚਰ ਦੇ ਵਿਚਕਾਰ ਕੁੱਝ ਝਗੜਾ ਹੋਇਆ ਹੈ। ਜਿਸ ਤੋਂ ਬਾਅਦ ਸੱਚਰ ਨੇ 'ਪੰਕਜ ਨਿਵਾਸ' 'ਤੇ ਜਾਣਾ ਬੰਦ ਕਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਮਾਮੰਡੀ ਦੇ ਕਿਸੇ ਭਾਜਪਾ ਵਰਕਰ ਨੂੰ ਲੈ ਕੇ ਕਾਲੀਆ ਅਤੇ ਸੱਚਰ ਵਿਚ ਝਗੜਾ ਹੋਇਆ ਹੈ। ਸੂਤਰ ਇਹ ਵੀ ਦੱਸ ਰਹੇ ਹਨ ਕਿ ਕੇਂਦਰੀ ਹਲਕੇ ਵਿਚ 5 ਵਾਰਡਾਂ ਦੀ ਜ਼ਿੰਮੇਵਾਰੀ ਵੀ ਸੱਚਰ ਨੂੰ ਸੌਂਪੀ ਗਈ ਸੀ, ਜਿਸ ਬਾਰੇ ਸੱਚਰ ਨੇ ਕਾਲੀਆ ਨੂੰ ਜਾਣਕਾਰੀ ਨਹੀਂ ਦਿੱਤੀ ਅਤੇ ਆਪਣੇ ਵਾਰਡ ਵਿਚ ਕੰਮ ਕਰਦੇ ਰਹੇ, ਜਿਸ ਦੇ ਕਾਰਨ ਦੋਵਾਂ ਵਿਚ ਕੜਵਾਹਟ ਪੈਦਾ ਹੋ ਗਈ। ਕਾਲੀਆ ਅਤੇ ਸੱਚਰ ਦੇ ਵਿਚਕਾਰ ਕੜਵਾਹਟ ਦੀ ਗੱਲ ਉਸ ਸਮੇਂ ਬਾਹਰ ਆਈ ਜਦੋਂ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ 'ਤੇ ਆਯੋਜਿਤ ਪ੍ਰੋਗਰਾਮ ਵਿਚ ਸੱਚਰ ਕਾਲੀਆ ਦੇ ਘਰ ਜਾਣ ਦੀ ਬਜਾਏ ਪਾਰਟੀ ਵਲੋਂ ਆਯੋਜਿਤ ਪ੍ਰੋਗਰਾਮ ਵਿਚ ਸ਼ਾਮਲ ਹੋ ਗਏ। 
ਸਾਂਪਲਾ ਨੇ ਪਾਇਆ ਅੱਗ ਵਿਚ ਘਿਉ : ਸ਼ਹਿਰ ਦੀ ਰਾਜਨੀਤੀ ਵਿਚ ਮਨੋਰੰਜਨ ਕਾਲੀਆ ਦਾ ਕਾਫੀ ਦਬਦਬਾ ਹੈ ਪਰ ਇਸ ਵਾਰ ਸੱਚਰ ਦੇ ਨਾਲ ਝਗੜੇ ਦੀ ਸੁਲਗ ਰਹੀ ਅੱਗ ਵਿਚ ਘਿਉ ਪਾਉਣ ਦਾ ਕੰਮ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਾਂਪਲਾ 25 ਦਸੰਬਰ ਦੀ ਸ਼ਾਮ ਸੱਚਰ ਦੇ ਘਰ ਗਏ ਪਰ ਨਾ ਤਾਂ ਇਸ ਦੌਰਾਨ ਕਾਲੀਆ ਨੂੰ ਮਿਲੇ ਅਤੇ ਨਾ ਹੀ ਉਨ੍ਹਾਂ ਨੂੰ ਸੱਚਰ ਦੇ ਘਰ ਬੁਲਾਇਆ ਗਿਆ। ਸੱਚਰ ਦੇ ਘਰ ਸਾਂਪਲਾ ਕਰੀਬ 1 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਰਹੇ। ਕਾਲੀਆ ਅਤੇ ਸਾਂਪਲਾ ਦੇ ਵਿਚਕਾਰ ਸ਼ਾਮ ਫੋਨ 'ਤੇ ਗੱਲ ਵੀ ਹੋਈ ਅਤੇ ਕਾਲੀਆ ਨੇ ਸਾਂਪਲਾ ਨੂੰ ਘਰ ਆਉਣ ਦਾ ਸੱਦਾ ਵੀ ਦਿੱਤਾ ਪਰ ਸਾਂਪਲਾ ਸੱਚਰ ਦੇ ਘਰ ਜਾਣ ਤੋਂ ਬਾਅਦ  ਬਿਨਾਂ ਕਾਲੀਆ ਨੂੰ ਮਿਲੇ ਵਾਪਸ ਪਰਤ ਗਏ।