ਬਠਿੰਡਾ: ਭਾਰਤ ਬੰਦ ਨੂੰ ਵਪਾਰੀ ਵਰਗ ਵਲੋਂ ਵੱਡਾ ਸਮਰਥਨ, ਕਿਹਾ ਰੱਦ ਹੋਣੇ ਚਾਹੀਦੇ ਨੇ ਖੇਤੀਬਾੜੀ ਕਾਨੂੰਨ

12/08/2020 6:02:48 PM

ਬਠਿੰਡਾ (ਕੁਨਾਲ ਬਾਂਸਲ): ਭਾਰਤ ਬੰਦ ਨੂੰ ਲੈ ਕੇ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਬਠਿੰਡਾ 'ਚ ਵੀ ਵਪਾਰੀ ਵਰਗ ਵਲੋਂ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ। ਹਰ ਛੋਟੀ ਤੋਂ ਲੈ ਕੇ ਵੱਡੀਆਂ ਦੁਕਾਨਾਂ ਤੱਕ ਅਤੇ ਪੈਟਰੋਲ ਪੰਪ ਵੀ ਬਠਿੰਡਾ 'ਚ ਬੰਦ ਰੱਖੇ ਗਏ। ਕਿਸਾਨਾਂ ਦੇ ਨਾਲ ਅਗਲੇ ਸੰਘਰਸ਼ 'ਚ ਸ਼ਾਮਲ ਹੋਣ ਲਈ ਵਪਾਰੀ ਤਿਆਰ ਹੈ। ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵਪਾਰੀ ਵਰਗ ਹਮੇਸ਼ਾ ਖੜ੍ਹਾ ਹੈ ਅਤੇ ਅੱਗੇ ਵੀ ਕਿਸਾਨਾਂ ਦੇ ਨਾਲ ਇਸੇ ਤਰ੍ਹਾਂ ਖੜ੍ਹਾ ਰਹੇਗਾ, ਕਿਉਂਕਿ ਜੋ ਕੇਂਦਰ ਸਰਕਾਰ 3 ਕਾਨੂੰਨ ਲੈ ਕੇ ਆਈ ਹੈ ਉਹ ਸਿਰਫ਼ ਕਿਸਾਨਾਂ ਦੇ ਵਿਰੁੱਧ ਹੀ ਨਹੀਂ ਬਲਕਿ ਹਰ ਵਿਅਕਤੀ ਦੇ ਵਿਰੁੱਧ ਹਨ। ਇਸ ਲਈ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਖੇਤੀ ਬਾੜੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਦਿੱਲੀ ਦੀਆਂ ਸਰੱਹਦਾਂ 'ਤੇ ਡੇਰੇ ਲਾਏ ਹੋਏ ਹਨ। ਜਿੱਥੇ ਇਕ ਪਾਸੇ ਕਿਸਾਨ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ 'ਤੇ ਅੜ੍ਹੇ ਹਨ, ਉੱਥੇ ਦੂਜੇ ਪਾਸੇ ਕੇਂਦਰ ਸਰਕਾਰ ਇਸ ਮੁੱਦੇ 'ਤੇ ਕੋਈ ਵਿਚਲਾ ਰਸਤਾ ਕੱਢਣ ਅਤੇ ਕਿਸਾਨਾਂ ਨੂੰ ਖੇਤੀਬਾੜੀ ਬਿੱਲਾਂ ਦੇ ਲਾਭ ਸਮਝਾਉਣ 'ਤੇ ਕਾਇਮ ਹੈ। ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ 5 ਵਾਰ ਬੈਠਕ ਹੋ ਚੁੱਕੀ ਹੈ ਪਰ ਅਜੇ ਤੱਕ ਗੱਲ ਕਿਸੇ ਵੀ ਤਣ ਪੱਤਣ ਨਹੀਂ ਲੱਗੀ। ਕੱਲ੍ਹ ਯਾਨੀ ਕੇ 9 ਦਸੰਬਰ ਨੂੰ ਕੇਂਦਰ ਤੇ ਕਿਸਾਨ ਆਗੂਆਂ ਦਰਮਿਆਨ ਮੁੜ ਬੈਠਕ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬੈਠਕ 'ਚ ਇਸ ਮੁੱਦੇ ਦਾ ਕੋਈ ਨਾ ਕੋਈ ਹੱਲ ਨਿਕਲ ਆਵੇਗਾ।

Shyna

This news is Content Editor Shyna