ਵਿਭਾਗ ਵੱਲੋਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਲਈ ਤਿਆਰ ਕੀਤੀਆਂ ਜਾ ਰਹੀਆਂ ਕਈ ਯੋਜਨਾਵਾਂ : ਆਸ਼ੂ
Saturday, Apr 28, 2018 - 04:31 AM (IST)

ਲੁਧਿਆਣਾ(ਖੁਰਾਣਾ)-ਰਾਜ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਨੂੰ ਉਦਯੋਗਿਕ ਖੇਤਰ ਨੂੰ ਨਵੀਂ ਦਿਸ਼ਾ ਦੇਣ ਲਈ ਵਿਭਾਗ ਨੂੰ ਉਦਯੋਗ ਪੱਖੀ ਬਣਾਉਣ ਲਈ ਟਾਰਗੈੱਟ ਫਿਕਸ ਕੀਤਾ ਹੈ। ਉਕਤ ਵਿਚਾਰ ਅੱਜ ਮੰਤਰੀ ਆਸ਼ੂ ਨੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਚ ਰਾਈਸ ਮਿੱਲਰਜ਼ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਹੋਈ ਇਕ ਵਿਸ਼ੇਸ਼ ਬੈਠਕ ਦੌਰਾਨ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਰਾਜ ਭਰ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਕਈ ਨਵੀਆਂ ਯੋਜਨਾਵਾਂ ਸ਼ੁਰੂ ਕਰਨ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਮੰਤਰੀ ਆਸ਼ੂ ਨੇ ਕਿਹਾ ਕਿ ਵਿਭਾਗੀ ਕੰਮ-ਕਾਜ ਵਿਚ ਪੂਰੀ ਤਰ੍ਹਾਂ ਪਾਰਦਰਸ਼ਤਾ ਲਿਆਂਦੀ ਜਾਵੇਗੀ। ਆਮ ਜਨਤਾ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਖਤਮ ਕਰਨ ਲਈ ਵਿਭਾਗੀ ਪਾਵਰ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨਾਲ ਸਬੰਧਤ ਹਰ ਸਰਕਾਰੀ ਦਫਤਰ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੇ ਵਿਭਾਗੀ ਕੰਮਾਂ ਸਬੰਧੀ ਮੁੱਖ ਦਫਤਰ ਨਾ ਆਉਣਾ ਪਵੇ। ਉਨ੍ਹਾਂ ਦੱਸਿਆ ਕਿ ਰਾਜ ਭਰ ਦੀਆਂ ਮੰਡੀਆਂ ਵਿਚ ਕਣਕ ਦੀ ਫਸਲ ਦੀ 95 ਫੀਸਦੀ ਖਰੀਦ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ, ਜਿਸ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਸਿਰਫ 2 ਦਿਨਾਂ ਵਿਚ ਹੀ ਅਦਾਇਗੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 30 ਅਪ੍ਰੈਲ ਤੱਕ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਸਰਕਾਰ ਵੱਲੋਂ ਖਰੀਦ ਕੇ ਸਬੰਧਤ ਖਰੀਦ ਏਜੰਸੀਆਂ ਦੇ ਸਰਕਾਰੀ ਅਨਾਜ ਗੋਦਾਮਾਂ ਤਕ ਪਹੁੰਚਾ ਦਿੱਤਾ ਜਾਵੇਗਾ। ਇਸ ਮੌਕੇ ਰਾਇਸ ਮਿਲਰਜ਼ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਗਿਆਨ ਚੰਦ ਭਾਰਦਵਾਜ, ਸਕੱਤਰ ਅਸ਼ਵਨੀ ਕੁਮਾਰ ਸੰਗਰੂਰ ਅਤੇ ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸਨਮਾਨਤ ਕੀਤਾ। ਆਨਲਾਈਨ ਸਿਸਟਮ ਨੂੰ ਪੂਰੀ ਤਰ੍ਹਾਂ ਕੀਤਾ ਜਾਵੇਗਾ ਦਰੁਸਤ : ਮੰਤਰੀ ਆਸ਼ੂ ਨੇ ਕਿਹਾ ਕਿ ਆਟਾ-ਦਾਲ ਯੋਜਨਾ ਤਹਿਤ ਮਿਲਣ ਵਾਲੀ ਸਰਕਾਰ ਕਣਕ ਵੰਡ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਆਨਲਾਈਨ ਸਿਸਟਮ ਨਾਲ ਜੋੜਿਆ ਜਾਵੇਗਾ। ਉਨ੍ਹਾਂ ਸਾਫ ਕੀਤਾ ਕਿ ਜਿਨ੍ਹਾਂ ਲਾਭਪਾਤਰ ਪਰਿਵਾਰਾਂ ਦੇ ਕਾਰਡ ਹੁਣ ਤੱਕ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤੇ ਗਏ ਹਨ, ਜਲਦ ਹੀ ਸਾਰੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇ ਕੇ ਵਿਭਾਗੀ ਰਿਕਾਰਡ ਦੇ ਨਾਲ ਜੋੜਿਆ ਜਾਵੇਗਾ ਤਾਂ ਕਿ ਗਰੀਬਾਂ ਦੇ ਹਿੱਸੇ ਦੀ ਕਣਕ ਦਾ ਇਕ-ਇਕ ਦਾਣਾ ਉਸ ਦੀ ਥਾਲੀ ਵਿਚ ਪੂਰੀ ਈਮਾਨਦਾਰੀ ਨਾਲ ਪਹੁੰਚਾਇਆ ਜਾ ਸਕੇ।