ਸੁਖਬੀਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ''ਤੇ ਆਸ਼ੂ ਦਾ ਗੈਰ-ਜ਼ਿੰਮੇਵਾਰਾਨਾ ਬਿਆਨ

10/07/2019 6:41:20 PM

ਖੰਨਾ (ਬਿਪਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਰੇ ਬਿਆਨ ਦਿੰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਕਿਸੇ ਨੇ ਸੁਖਬੀਰ ਬਾਦਲ ਨੂੰ ਉਡਾ ਕੇ ਕੀ ਲੈਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਬਾਦਲ ਟੱਬਰ ਵੱਲ ਹੁਣ ਕੋਈ ਦੇਖਦਾ ਵੀ ਹੈ ਅਤੇ ਸਿਰਫ ਆਪਣੀ ਹੋਂਦ ਬਚਾਉਣ ਲਈ ਇਹ ਟੱਬਰ ਅਜਿਹਾ ਕਰ ਰਿਹਾ ਹੈ।

ਭਾਰਤ ਭੂਸ਼ਣ ਨੇ ਕਿਹਾ ਕਿ ਪੰਜਾਬ 'ਚ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸ਼ਾਂਤੀ ਵਿਵਸਥਾ ਕਾਇਮ ਰੱਖੀ ਜਾਵੇਗੀ। ਕਰਤਾਰਪੁਰ ਲਾਂਘੇ 'ਚ ਸ਼ਰਧਾਲੂਆਂ 'ਤੇ ਪਾਕਿਸਤਾਨ ਵਲੋਂ ਆਰਥਿਕ ਬੋਝ ਪਾਉਣ 'ਤੇ ਬੋਲਦਿਆਂ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਬਾਰੇ ਲਿਖ ਚੁੱਕੀ ਹੈ ਕਿ ਜੇਕਰ ਕੇਂਦਰ ਸਰਕਾਰ ਪਾਕਿਸਤਾਨ ਤੋਂ ਇਸ ਨੂੰ ਬੰਦ ਨਹੀਂ ਕਰਵਾ ਸਕਦੀ ਤਾਂ ਐੱਸ. ਜੀ. ਪੀ. ਸੀ. ਨੂੰ ਦਖਲ ਦੇਣਾ ਚਾਹੀਦਾ ਹੈ।

ਭਾਰਤ ਭੂਸ਼ਣ ਆਸ਼ੂ ਇੱਥੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਪੁੱਜੇ ਸਨ। ਇਸ ਦੌਰਾਨ ਆਸ਼ੂ ਨੇ ਆੜ੍ਹਤੀਆਂ ਨਾਲ ਇਕ ਬੈਠਕ ਕੀਤੀ। ਭਾਰਤ ਭੂਸ਼ਣ ਨੇ ਅਨਾਜ ਮੰਡੀਆਂ 'ਚ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

Babita

This news is Content Editor Babita