''ਭਾਰਤ ਬੰਦ'' ਦਾ ਅਸਰ, ਧਰਨੇ ''ਚ ਗੱਡੀ ਦੇ ਫਸਣ ਕਰਕੇ ਸਰਪੰਚ ਦੀ ਦਾਦੀ ਦਾ ਦਿਹਾਂਤ

02/23/2020 6:24:14 PM

ਜਲੰਧਰ/ਭੋਗਪੁਰ (ਰਾਣਾ) — ਭੀਮ ਆਰਮੀ ਚੀਫ ਚੰਦਰਸ਼ੇਖਰ ਆਜ਼ਾਦ ਦੀ ਕਾਲ 'ਤੇ ਬੁਲਾਏ ਗਏ ਭਾਰਤ ਬੰਦ ਦਾ ਅਸਰ ਪੰਜਾਬ ਦੇ ਕਈ ਹਿੱਸਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਭੋਗਪੁਰ ਵਿਚਲੇ ਆਦਮਪੁਰ ਟੀ-ਪੁਆਇੰਟ ਚੌਕ 'ਚ ਭੀਮਾ ਆਰਮੀ ਦੇ ਆਗੂਆਂ ਵੱਲੋਂ ਨੀਲੇ ਝੰਡੇ ਲੈ ਕੇ ਦੋਵੇਂ ਪਾਸਿਓਂ ਸੜਕ ਨੂੰ ਬੰਦ ਕੀਤਾ ਗਿਆ, ਜਿਸ ਕਾਰਨ ਇਸ ਕੌਮੀ ਮਾਰਗ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਇਹ ਰੋਸ ਪ੍ਰਦਰਸ਼ਨ ਭੋਗਪੁਰ ਦੇ ਪਿੰਡ ਡੱਲਾ ਦੇ ਸਰਪੰਚ ਨੂੰ ਉਸ ਸਮੇਂ ਭਾਰੀ ਪੈ ਗਿਆ ਜਦੋਂ ਜਾਮ 'ਚ ਗੱਡੀ ਫੱਸਣ ਦੇ ਕਾਰਨ ਇਲਾਜ 'ਚ ਦੇਰੀ ਹੋਣ ਕਰਕੇ ਉਨ੍ਹਾਂ ਦੀ ਬੀਮਾਰ ਮਾਤਾ ਦਾ ਦਿਹਾਂਤ ਹੋ ਗਿਆ।  

ਮਿਲੀ ਜਾਣਕਾਰੀ ਮੁਤਾਬਕ ਪਿੰਡ ਡੱਲਾ ਦੀ ਸਰਪੰਚ ਹਰਦੀਪ ਕੌਰ ਦੇ ਪਤੀ ਚਰਨਜੀਤ ਸਿੰਘ ਆਪਣੀ ਗੱਡੀ 'ਚ ਆਪਣੀ ਦਾਦੀ ਗੁਰਮੀਤ ਕੌਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਭੋਗਪੁਰ ਦੇ ਨਿੱਜੀ ਹਸਪਤਾਲ ਲੈ ਕੇ ਜਾ ਰਹੇ ਸਨ ਅਤੇ ਆਦਮਪੁਰ ਟੀ-ਪੁਆਇੰਟ ਸੜਕ 'ਤੇ ਪ੍ਰਦਰਸ਼ਨ ਹੋਣ ਕਰਕੇ ਉਨ੍ਹਾਂ ਦੀ ਗੱਡੀ ਜਾਮ 'ਚ ਫਸ ਗਈ। ਮੌਕੇ 'ਤੇ ਪੁਲਸ ਪ੍ਰਸ਼ਾਸਨ ਵੱਲੋਂ ਬੜੀ ਮੁਸ਼ਕਿਲ ਦੇ ਨਾਲ ਗੱਡੀ ਨੂੰ ਜਾਮ 'ਚੋਂ ਬਾਹਰ ਕੱਢਵਾਇਆ ਅਜੇ ਜਿਵੇਂ ਹੀ ਉਹ ਮਰੀਜ਼ ਨੂੰ ਦਸ਼ਮੇਸ਼ ਹਸਪਤਾਲ ਲੈ ਕੇ ਪਹੁੰਚੇ ਤਾਂ ਉਥੋਂ ਰੈਫਰ ਕਰ ਦਿੱਤਾ ਗਿਆ। ਬਾਅਦ ਜਲੰਧਰ ਲਿਜਾਂਦੇ ਸਮੇਂ ਜਦੋਂ ਗੱਡੀ ਨੈਸ਼ਨਲ ਹਾਈਵੇਅ 'ਤੇ ਪਹੁੰਚੀ ਤਾਂ ਫਿਰ ਇਥੇ ਜਾਮ 'ਚ ਫਸ ਗਈ।

ਪ੍ਰਸ਼ਾਸਨ ਵੱਲੋਂ ਇਥੋਂ ਵੀ ਗੱਡੀ ਨੂੰ ਜਾਮ 'ਚੋਂ ਕੱਢਵਾਇਆ ਤਾਂ ਗਿਆ ਪਰ ਜਿਵੇਂ ਹੀ ਗੱਡੀ ਜਾਮ 'ਚੋਂ ਨਿਕਲ ਕੇ ਥੋੜ੍ਹੀ ਦੂਰ ਤੱਕ ਗਈ ਤਾਂ ਸਰਪੰਚ ਦੀ ਦਾਦੀ ਦਾ ਰਸਤੇ 'ਚ ਹੀ ਦਿਹਾਂਤ ਹੋ ਗਿਆ। ਜੇਕਰ ਸਮਾਂ ਰਹਿੰਦੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦੀ ਜਾਨ ਬਚ ਜਾਂਦੀ। ਚਰਨਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਨੈਸ਼ਨਲ ਹਾਈਵੇਅ 'ਤੇ ਨਹੀਂ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਦੁੱਖ ਸਾਡੇ ਪਰਿਵਾਰ ਨੂੰ ਝੱਲਣਾ ਪਿਆ ਹੈ, ਉਸੇ ਤਰ੍ਹਾਂ ਦਾ ਦੁੱਖ ਕਿਸੇ ਹੋਰ ਨੂੰ ਨਾ ਝੱਲਣਾ ਪਵੇ।

shivani attri

This news is Content Editor shivani attri