ਭਾਖੜਾ ਡੈਮ ਦਾ ਵਧਿਆ ਜਲ ਪੱਧਰ, ਖਤਰੇ ਦੇ ਨਿਸ਼ਾਨ ਤੋਂ ਸਿਰਫ 58 ਫੁੱਟ ਹੇਠਾਂ

07/16/2019 2:12:02 PM

ਨੰਗਲ — ਭਾਖੜਾ ਡੈਮ ਦਾ ਜਲ ਪੱਧਰ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਭਾਖੜਾ ਡੈਮ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 58 ਫੁੱਟ ਹੇਠਾਂ ਹੈ। ਡੈਮ ਦਾ ਜਲ ਪੱਧਰ ਵੱਧ ਤੋਂ ਵੱਧ 1680 ਤੱਕ ਪਹੁੰਚ ਸਕਦਾ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਸਾਲ 15 ਜੁਲਾਈ ਨੂੰ ਡੈਮ ਦਾ ਜਲ ਪੱਧਰ 1506.70 ਸੀ। ਇਸ ਵਾਰ 15 ਜੁਲਾਈ ਨੂੰ ਡੈਮ ਦਾ ਜਲ ਪੱਧਰ 1622.67 ਤੱਕ ਪਹੁੰਚ ਗਿਆ ਹੈ। ਡੈਮ 'ਚ ਇਕ ਦਿਨ ਵਿੱਚ 54770 ਕਿਊਸਿਕ ਪਾਣੀ ਆਇਆ। ਦੂਜੇ ਪਾਸੇ ਬੰਨ੍ਹ ਤੋਂ 26750 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ 'ਚ ਨਹਿਰਾਂ 'ਚ 22500 ਕਿਊਸਿਕ ਪਾਣੀ ਛੱਡਿਆ ਗਿਆ ਅਤੇ ਸਤਲੁਜ ਦਰਿਆ 'ਚ 4250 ਕਿਊਸਿਕ ਪਾਣੀ ਛੱਡਿਆ ਗਿਆ। ਅਜੇ ਬਰਸਾਤ ਦਾ ਮੌਸਮ ਸ਼ੁਰੂ ਹੋਇਆ ਹੈ। ਭਾਖੜਾ ਨਹਿਰ ਦੇ ਜਲ ਪੱਧਰ 'ਚ ਵਾਧੇ ਦੇ ਮੁੱਖ ਕਾਰਨ ਇਥੇ ਹਿਮਾਚਲ ਦੇ ਪਹਾੜੀ ਖੇਤਰਾਂ 'ਚ ਹੋ ਰਹੀ ਭਾਰੀ ਬਰਸਾਤ ਹੈ। 

20 ਸਤੰਬਰ ਤੱਕ ਰਹੇਗਾ ਬਰਸਾਤ ਦਾ ਮੌਸਮ 
ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਡੈਮ 'ਚ ਪਿਛਲੇ ਸਾਲ ਦੇ ਮੁਕਾਬਲੇ 100 ਫੁੱਟ ਜ਼ਿਆਦਾ ਪਾਣੀ ਸੀ। ਇਸੇ ਕਾਰਨ ਬਰਸਾਤ ਤੋਂ ਪਹਿਲਾਂ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਸਤਲੁਜ 'ਚ ਪਾਣੀ ਛੱਡਿਆ ਗਿਆ। ਇਸ ਕਾਰਨ ਸਤਲੁਜ ਦਰਿਆ ਨਾਲ ਲੱਗਦੇ ਇਲਾਕਿਆਂ ਦੇ ਖੇਤਾਂ 'ਚ ਪਾਣੀ ਭਰ ਗਿਆ ਸੀ। ਪਾਣੀ ਦੇ ਤੇਜ਼ ਵਹਾਅ 'ਚ 81 ਮੱਝਾਂ ਵਹਿ ਗਈਆਂ ਸਨ। ਭਾਖੜਾ ਮੈਨੇਜਮੈਂਟ ਵੱਲੋਂ ਬਰਸਾਤ ਤੋਂ ਪਹਿਲਾਂ ਪਾਣੀ ਛੱਡਣ ਦੇ ਬਾਵਜੂਦ ਡੈਮ ਦੇ ਜਲ ਪੱਧਰ 'ਚ ਜ਼ਿਆਦਾ ਕਮੀ ਨਹੀਂ ਆਈ। ਮਾਹਿਰਾਂ ਦਾ ਮੰਨਣਾ ਹੈ ਕਿ ਬਰਸਾਤ ਦਾ ਮੌਸਮ 20 ਸਤੰਬਰ ਤੱਕ ਰਹੇਗਾ। ਪਹਾੜੀ ਖੇਤਰਾਂ 'ਚ ਭਾਰੀ ਬਰਸਾਤ ਤੋਂ ਬਾਅਦ ਭਾਖੜਾ ਡੈਮ ਦੇ ਜਲ ਪੱਧਰ 'ਚ ਵਾਧਾ ਖਤਰਨਾਕ ਹੋ ਸਕਦਾ ਹੈ।