ਗਾਰ ਨਾਲ ਨੱਕੋ-ਨੱਕ ਭਰੇ ਨੇ ਭਾਖੜਾ ਨਹਿਰ ਦੇ ਸਾਈਫਨ

06/24/2018 1:02:10 AM

ਸ੍ਰੀ ਕੀਰਤਪੁਰ ਸਾਹਿਬ,  (ਬਾਲੀ)- ਧਾਰਮਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਚੋਂ ਲੰਘਦੇ ਦੋ ਬਰਸਾਤੀ ਨਾਲੇ ਜਿਨ੍ਹਾਂ ਵਿਚ ਪਿੱਛੋਂ ਹਿਮਾਚਲ ਪ੍ਰਦੇਸ਼ ਦੇ ਪਹਾਡ਼ੀ ਇਲਾਕੇ ਦਾ ਬਰਸਾਤੀ ਪਾਣੀ ਵੀ ਆਉਂਦਾ ਹੈ, ਦੀ ਸਾਫ-ਸਫਾਈ ਨਾ ਹੋਣ ਕਾਰਨ ਭਾਖਡ਼ਾ ਨਹਿਰ ਦੇ ਸਾਈਫਨ ਮਿੱਟੀ ਨਾਲ ਭਰੇ ਪਏ ਹਨ। ਪਿਛਲੇ ਦਿਨੀਂ ਪਏ ਤੇਜ਼ ਮੀਂਹ ਕਾਰਨ ਦੋਵੇਂ ਬਰਸਾਤੀ ਨਾਲਿਆਂ ਦਾ ਪਾਣੀ ਬੈਕ ਆ ਚੁੱਕਾ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਕੁਝ ਸਾਲ ਪਹਿਲਾਂ ਵੀ ਇਨ੍ਹਾਂ ਬਰਸਾਤੀ ਨਾਲਿਆਂ ਦਾ ਪਾਣੀ ਬਾਜ਼ਾਰ ਦੀਆਂ ਦੁਕਾਨਾਂ ਅਤੇ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ ਸੀ ਤੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀ।
 ਜਾਣਕਾਰੀ ਅਨੁਸਾਰ ਚਰਨ ਕੰਵਲ ਸਾਹਿਬ ਸਾਈਫਨ ਅਤੇ ਸ੍ਰੀ ਕੀਰਤਪੁਰ ਸਾਹਿਬ ਸਾਈਫਨ ਇਸ ਸਮੇਂ ਮਿੱਟੀ-ਗਾਰੇ ਤੇ ਘਾਹ-ਬੂਟੀ ਨਾਲ ਨੱਕੋ-ਨੱਕ ਭਰੇ ਪਏ ਹਨ। ਜਿਨ੍ਹਾਂ ਵਿਚੋਂ ਇਸ ਵਾਰ ਬਰਸਾਤੀ ਪਾਣੀ ਲੰਘਣਾ ਅੌਖਾ ਹੋ ਜਾਵੇਗਾ। 
ਸਮੇਂ-ਸਮੇਂ ’ਤੇ ਬੀ. ਬੀ. ਐੱਮ. ਬੀ. ਵੱਲੋਂ ਭਾਖਡ਼ਾ ਨਹਿਰ ਦੇ ਨਾਲ ਦੋਵੇਂ ਪਾਸੇ ਸਾਈਫਨਾਂ ਦੀ ਸਫਾਈ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਪਿਛਲੀ ਵਾਰ ਬਰਸਾਤੀ ਨਿਕਾਸੀ ਨਾਲਿਆਂ ਦੀ ਸਫਾਈ ਨਗਰ ਪੰਚਾਇਤ ਨੇ ਆਪਣੇ ਪੱਧਰ ’ਤੇ ਕਰਾਈ ਸੀ। ਪਰ ਕਈ ਸਾਲਾਂ ਤੋਂ ਭਾਖਡ਼ਾ ਨਹਿਰ ਹੇਠਾਂ ਬਣੇ ਸਾਈਫਨਾਂ ਦੀ ਸਾਫ-ਸਫਾਈ ਨਹੀਂ ਹੋਈ। ਸ੍ਰੀ ਕੀਰਤਪੁਰ ਸਾਹਿਬ ਦੇ ਸਾਬਕਾ ਸਰਪੰਚ ਮਨੋਹਰ ਲਾਲ ਬੇਦੀ ਨੇ ਦੱਸਿਆ ਕਿ ਇਹ ਸਾਈਫਨ 7 ਤੋਂ 8 ਫੁੱਟ ਤੱਕ ਡੂੰਘੇ ਤੇ ਇੰਨੇ ਹੀ ਚੌਡ਼ੇ ਹਨ ਜਿਹਡ਼ੇ ਇਸ ਸਮੇਂ ਬੰਦ ਪਏ ਹਨ। ਕਈ ਸਾਲ ਪਹਿਲਾਂ ਬੀ. ਬੀ. ਐੱਮ. ਬੀ. ਮਹਿਕਮੇ ਨੇ ਇਨ੍ਹਾਂ ਬੰਦ ਨਿਕਾਸੀ ਸਾਈਫਨਾਂ ਦੀ ਸਫਾਈ ਜੇ.ਸੀ.ਬੀ. ਤੇ ਖੱਚਰਾਂ ਦੀ ਮਦਦ ਨਾਲ ਕਰਾਈ ਸੀ, ਜਿਸ ਮਗਰੋਂ ਸਾਈਫਨ ਦੇ ਆਰ-ਪਾਰ ਦਿਸਣ ਲੱਗ ਪਿਆ ਸੀ ਜਿਹਡ਼ਾ ਇਸ ਸਮੇਂ ਨੱਕੋ-ਨੱਕ ਭਰੇ ਪਏ ਹਨ।
ਮਸ਼ੀਨਰੀ ਖਰਾਬ ਹੋਣ ਕਾਰਨ ਨਹੀਂ ਹੋਈ ਸਫਾਈ
 ਪਤਾ ਲੱਗਾ ਹੈ ਕਿ ਇਸ ਵਾਰ ਸਾਈਫਨਾਂ ਦੀ ਸਾਫ-ਸਫਾਈ ਮਸ਼ੀਨਰੀ ਵਿਚ ਨੁਕਸ ਪੈਣ ਕਾਰਨ ਤੇ ਉਸ ਦੀ ਮੁਰੰਮਤ ਵਿਚ ਦੇਰੀ ਹੋਣ ਕਾਰਨ ਨਹੀਂ ਹੋ ਸਕੀ ਹੈ। ਬੀ.ਬੀ.ਐੱਮ.ਬੀ. ਕੋਲ ਆਪਣੀਆਂ ਤਿੰਨ ਜੇ.ਸੀ.ਬੀਜ਼, ਪੋਕਲੇਨ ਮਸ਼ੀਨਾਂ ਤੇ ਟਿੱਪਰ ਹਨ ਜਿਨ੍ਹਾਂ ਵਿਚ ਸਿਰਫ਼ ਇਕ ਜੇ.ਸੀ.ਬੀ. ਕੰਮ ਕਰਦੀ ਹੈ। ਮਹਿਕਮਾ ਇਸ ਸਾਫ-ਸਫਾਈ ਦੇ ਕੰਮ ਦਾ ਕਿਸੇ ਨੂੰ ਠੇਕਾ ਨਹੀਂ ਦਿੰਦਾ ਬਲਕਿ ਆਪਣੀ ਲੇਬਰ, ਮੁਲਾਜ਼ਮ ਤੇ ਮਸ਼ੀਨਰੀ ਲਾ ਕੇ ਸਾਫ-ਸਫਾਈ ਕਰਾਉਂਦਾ ਹੈ। ਮਹਿਕਮੇ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਹਰ ਸਾਲ ਸਾਈਫਨਾਂ ਦੀ ਸਾਫ-ਸਫਾਈ ਕਰਾਈ ਜਾਂਦੀ ਹੈ। ਜਦ ਕਿ ਸ੍ਰੀ ਕੀਰਤਪੁਰ ਸਾਹਿਬ ਦੇ ਬੰਦ ਪਏ ਦੋ ਸਾਈਫਨਾਂ ਨੂੰ ਵੇਖ ਕੇ ਮਹਿਕਮੇ ਦੇ ਦਾਅਵੇ ਝੂਠੇ ਸਾਬਤ ਹੁੰਦੇ ਹਨ।
ਮੀਂਹ ਦੇ ਪਾਣੀ ਨਾਲ ਸ਼ਹਿਰ ਹੋ ਸਕਦੈ ਜਲ-ਥਲ
 ਦੋਵੇਂ ਬਰਸਾਤੀ ਨਾਲਿਆਂ ਤੇ ਸਾਈਫਨਾਂ ਦੀ ਸਾਫ-ਸਫਾਈ ਨਾ ਹੋਣ ਕਾਰਨ ਇਸ ਵਾਰ ਪਾਣੀ ਬੈਕ ਵੱਜਣ ’ਤੇ ਪਿੰਡ ਭਟੋਲੀ, ਜਿਊਵਾਲ, ਸ੍ਰੀ ਕੀਰਤਪੁਰ ਸਾਹਿਬ ਅਤੇ ਕਲਿਆਣਪੁਰ ਦੇ ਵਸਨੀਕਾਂ ਸਮੇਤ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਿਲ ਪੇਸ਼ ਆ ਸਕਦੀ ਹੈ ਸਾਰਾ ਸ਼ਹਿਰ ਜਲ-ਥਲ ਹੋ ਸਕਦਾ ਹੈ।
ਕੀ ਕਹਿੰਦੇ ਹਨ ਚੀਫ਼ ਇੰਜੀਨੀਅਰ
ਬੀ.ਬੀ.ਐੱਮ.ਬੀ. ਦੇ ਚੀਫ਼ ਇੰਜੀਨੀਅਰ ਸੰਜੀਵ ਸੂਰੀ ਨੇ ਦੱਸਿਆ ਕਿ ਮਹਿਕਮੇ ਵੱਲੋਂ ਸਾਰੇ ਸਾਈਫਨਾਂ ਦੀ ਸਾਫ-ਸਫਾਈ ਬਕਾਇਦਾ ਮਹਿਕਮੇ ਦੇ ਮੁਲਾਜ਼ਮ, ਲੋਡ਼ੀਂਦੀ ਮਸ਼ੀਨਰੀ ਲਾ ਕੇ ਕਰਾਈ ਜਾਂਦੀ ਹੈ। ਸ੍ਰੀ ਕੀਰਤਪੁਰ ਸਾਹਿਬ ਦੇ ਦੋਵੇਂ ਸਾਈਫਨਾਂ ਦੀ ਸਾਫ-ਸਫਾਈ ਜਲਦ ਕਰਾ ਦਿੱਤੀ ਜਾਵੇਗੀ।