ਨਿਗਮ ਨੂੰ ਭੈਣੀ ਸਾਹਿਬ ਤੋਂ ਮਿਲ ਰਹੀ ਸਫਾਈ ਸੇਵਾ ਨਹੀਂ ਆਈ ਰਾਸ

03/25/2019 10:51:07 AM

ਲੁਧਿਆਣਾ (ਧੀਮਾਨ) - ਜਦ ਤਕ ਭ੍ਰਿਸ਼ਟ ਅਧਿਕਾਰੀ ਕੁਰਸੀਆਂ 'ਤੇ ਬੈਠੇ ਹਨ ਤਦ ਤੱਕ ਬੁੱਢਾ ਨਾਲਾ ਸਾਫ ਨਹੀਂ ਹੋ ਸਕਦਾ। ਭੈਣੀ ਸਾਹਿਬ ਦੀ ਸੰਗਤ ਨੇ ਲਗਭਗ ਢਾਈ ਮਹੀਨੇ ਪਹਿਲਾਂ ਤਾਜਪੁਰ ਰੋਡ ਤੋਂ ਬੁੱਢੇ ਨਾਲ ਦੀ ਸਫਾਈ ਸ਼ੁਰੂ ਕੀਤੀ ਅਤੇ ਅੰਤ 'ਚ ਸਾਰੀ ਸੰਗਤ ਨੇ ਮਾਯੂਸ ਹੋ ਕੇ ਸਫਾਈ ਨਾ ਕਰਨ ਦੇ ਲਈ ਹੱਥ ਖੜ੍ਹੇ ਕਰ ਦਿੱਤੇ। ਢਾਈ ਮਹੀਨੇ ਬਾਅਦ ਸੰਗਤ ਨੇ ਬੁੱਢੇ ਨਾਲੇ 'ਚੋਂ ਗੰਦ ਕੱਢਣ ਲਈ ਜਿੰਨੇ ਇਲਾਕੇ ਤੋਂ ਸਫਾਈ ਦੀ ਸ਼ੁਰੂਆਤ ਕੀਤੀ ਸੀ ਅੱਜ ਵੀ ਉਹ ਉਨੇ ਹੀ ਇਲਾਕੇ 'ਚ ਖੜ੍ਹੇ ਹਨ। ਵਜ੍ਹਾ ਸੰਗਤ ਦਿਨ ਭਰ ਜੇ. ਸੀ. ਬੀ. ਮਸ਼ੀਨਾਂ ਨਾਲ ਸਫਾਈ ਕਰਦੀ ਹੈ ਅਤੇ ਰਾਤ ਨੂੰ ਡੇਅਰੀ ਮਾਲਕ ਅਤੇ ਡਾਇੰਗ ਇੰਡਸਟਰੀ ਵਾਲੇ ਚੋਰੀ ਛੁਪੇ ਨਾਲੇ ਵਿਚ ਪਾਣੀ ਛੱਡ ਦਿੰਦੇ ਹਨ, ਜਿਸ ਕਾਰਨ ਸਫਾਈ ਵਾਲੇ ਤਾਂ 'ਤੇ ਗੰਦ ਜਮ੍ਹਾ ਹੁੰਦਾ ਜਾ ਰਿਹਾ ਹੈ। ਢਾਈ ਮਹੀਨੇ ਦੀ ਸਖਤ ਮਿਹਨਤ ਤੋਂ ਬਾਅਦ ਸੰਗਤ ਨੇ ਭੈਣੀ ਸਾਹਿਬ ਵਲੋਂ ਸਫਾਈ ਲਈ ਖਰਚੇ ਗਏ ਲਗਭਗ 15 ਲੱਖ ਰੁਪਏ ਦੇ ਬਾਵਜੂਦ ਕੰਮ ਬੰਦ ਕਰ ਦਿੱਤਾ ਹੈ।

ਭੈਣੀ ਸਾਹਿਬ ਦੇ ਪ੍ਰਮੁੱਖ ਬੁਲਾਰੇ ਸੁਖਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੂੰ ਇਸ ਦੀ ਰਿਪੋਰਟ ਦੇਣ ਲਈ ਯੋਜਨਾ ਬਣਾਈ ਹੈ। ਮਤਲਬ ਸਰਕਾਰੀ ਵਿਭਾਗ ਮੁਫਤ 'ਚ ਮਿਲ ਰਹੀ ਸੇਵਾ ਨਾਲ ਵੀ ਬੁੱਢੇ ਨਾਲੇ ਨੂੰ ਸਾਫ ਕਰਵਾਉਣ ਨੂੰ ਰਾਜ਼ੀ ਨਹੀਂ ਹੈ। ਅਮਰਿੰਦਰ ਸਿੰਘ ਨੇ ਬੁੱਢੇ ਨਾਲੇ ਦੀ ਸਫਾਈ ਲਈ ਟਾਸਕ ਫੋਰਸ ਬਣਾਈ ਸੀ, ਜਿਸ ਦੀ ਜ਼ਿੰਮੇਵਾਰੀ ਭੈਣੀ ਸਾਹਿਬ ਦੇ ਸਤਿਗੁਰੂ ਉਦੇ ਸਿੰਘ ਜੀ ਨੂੰ ਦਿੱਤੀ। ਇਨ੍ਹਾਂ ਨੇ ਵੀ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਸੰਗਤ ਦੇ ਸਹਿਯੋਗ ਨਾਲ ਬੁੱਢੇ ਨਾਲੇ ਨੂੰ ਸਾਫ ਕਰ ਦੇਣਗੇ ਪਰ ਨਗਰ ਨਿਗਮ ਅਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਤੋਂ ਸਹਿਯੋਗ ਨਾ ਮਿਲਣ ਕਾਰਨ ਸਾਰੀ ਯੋਜਨਾ ਫੇਲ ਹੋ ਗਈ। ਸੰਗਤ ਨੇ ਸੈਂਕੜੇ ਟਨ ਬੁੱਢੇ ਨਾਲੇ 'ਚੋਂ ਗਾਰ ਕੱਢੀ ਪਰ ਨਗਰ ਨਿਗਮ ਡੇਅਰੀਆਂ 'ਚੋਂ ਨਿਕਲਣ ਵਾਲੇ ਗੋਬਰ ਵਾਲੇ ਪਾਣੀ ਨੂੰ ਰੋਕਣ 'ਚ ਨਾਕਾਮ ਰਹੀ। ਉਥੇ ਡਾਇੰਗ ਇੰਡਸਟਰੀ ਵੀ ਬਿਨਾਂ ਟ੍ਰੀਟ ਕੀਤਾ ਪਾਣੀ ਬੁੱਢੇ ਨਾਲੇ 'ਚ ਦੇਰ ਰਾਤ ਨੂੰ ਛੱਡ ਦਿੰਦੀ ਹੈ, ਜਿਸ ਨਾਲ ਨਾਲਾ ਫਿਰ ਪ੍ਰਦੂਸ਼ਿਤ ਹੁੰਦਾ ਹੈ। ਇਸ 'ਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੇ ਵੀ ਭੈਣੀ ਸਾਹਿਬ ਦੀ ਸੰਗਤ ਦੀ ਕੋਈ ਮਦਦ ਨਹੀਂ ਕੀਤੀ। ਮਤਲਬ ਸਾਫ ਹੋ ਗਿਆ ਹੈ ਕਿ ਅਧਿਕਾਰੀਆਂ ਨੂੰ ਸਿਰਫ ਆਪਣੀਆਂ ਜੇਬਾਂ ਭਰਨ ਤਕ ਮਤਲਬ ਹੈ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਮੁਫਤ 'ਚ ਸਫਾਈ ਕਰਵਾਉਣ ਲਈ ਨਗਰ ਨਿਗਮ ਅਤੇ ਪ੍ਰਦੂਸ਼ਣ ਬੋਰਡ ਤਿਆਰ ਨਹੀਂ।

ਡਾਇੰਗਾਂ ਦੇ ਜ਼ਹਿਰੀਲੇ ਪਾਣੀ ਤੋਂ ਸਭ ਤੋਂ ਜ਼ਿਆਦਾ ਖਤਰਾ
ਮਹਾਨਗਰ 'ਚ ਪ੍ਰਦੂਸ਼ਣ ਬੋਰਡ ਦੇ ਕੋਲ 271 ਡਾਇੰਗ ਯੂਨਿਟ ਰਜਿਸਟਰਡ ਹਨ, ਜਦਕਿ ਇਨ੍ਹਾਂ ਦੀ ਗਿਣਤੀ 400 ਦੇ ਨੇੜੇ ਤੇੜੇ ਹੈ। ਡਾਇੰਗ 'ਚ ਹੀ ਪਾਣੀ ਦੀ ਸਭ ਤੋਂ ਜ਼ਿਆਦਾ ਵਰਤੋਂ ਹੁੰਦੀ ਹੈ ਅਤੇ ਇਸ ਨਿਯਮ ਮੁਤਾਬਕ ਪਾਣੀ ਨੂੰ ਟ੍ਰੀਟ ਮਤਲਬ ਸਾਫ ਕਰ ਕੇ ਸੀਵਰੇਜ 'ਚ ਛੱਡਣਾ ਹੁੰਦਾ ਹੈ ਪਰ ਜ਼ਿਆਦਾਤਰ ਡਾਇੰਗ ਇੰਡਸਟਰੀ ਬਿਨਾਂ ਟ੍ਰੀਟ ਕੀਤੇ ਹੀ ਪਾਣੀ ਨੂੰ ਸੀਵਰੇਜ ਦੇ ਜ਼ਰੀਏ ਬੁੱਢੇ ਨਾਲੇ ਵਿਚ ਛੱਡ ਰਹੀ ਹੈ, ਜਿਸ ਨਾਲ ਲੋਕ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਇਸ ਪਾਣੀ ਦੇ ਬਾਰੇ ਡਾਕਟਰ ਵੀ ਕਹਿ ਚੁੱਕੇ ਹਨ ਕਿ ਜੇਕਰ ਜਲਦ ਹੀ ਹਾਲਾਤ ਨਾ ਸੁਧਰੇ ਤਾਂ ਆਉਣ ਵਾਲੀ ਪੀੜ੍ਹੀ ਬਿਨਾਂ ਔਲਾਦ ਰਹੇਗੀ। ਇੰਨੀ ਖਤਰਨਾਕ ਚਿਤਾਵਨੀ ਦੇ ਬਾਵਜੂਦ ਨਾ ਤਾਂ ਡਾਇੰਗ ਕਾਰੋਬਾਰੀ ਜ਼ਹਿਰੀਲਾ ਪਾਣੀ ਸੁੱਟਣ ਤੋਂ ਬਾਜ ਆ ਰਹੇ ਹਨ ਅਤੇ ਨਾ ਹੀ ਡੇਅਰੀ ਮਾਲਕ ਬੁੱਢੇ ਨਾਲੇ ਨੂੰ ਜਾਮ ਕਰਨ 'ਚ ਗੁਰੇਜ ਕਰ ਰਹੇ ਹਨ। ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।
ਜ਼ਹਿਰੀਲੇ ਪਾਣੀ ਨੂੰ ਰੋਕਣ ਦਾ ਇਕ ਹੀ ਉਪਾਅ ਜ਼ੈੱਡ. ਐੱਲ. ਡੀ.
ਡਾਇੰਗਾਂ ਦੇ ਜ਼ਹਿਰੀਲੇ ਪਾਣੀ ਨੂੰ ਰੋਕਣ ਲਈ ਕੇਵਲ ਇਕ ਹੀ ਉਪਾਅ ਹੈ ਜ਼ੀਰੋ ਲਿਕੂਏਡ ਡਿਸਚਾਰਜ ਟੈਕਨਾਲੋਜੀ (ਜ਼ੈੱਡ. ਐੱਲ. ਡੀ.)। ਇਸ ਨਾਲ ਪਾਣੀ ਦੀ ਇਕ ਬੂੰਦ ਵੀ ਬੁੱਢੇ ਨਾਲੇ ਵਿਚ ਨਹੀਂ ਆਵੇਗੀ ਸਗੋਂ ਗਰਾਊਂਡ ਵਾਟਰ ਦੀ ਵੀ ਬੱਚਤ ਹੋਵੇਗੀ ਪਰ ਡਾਇੰਗ ਇੰਡਸਟਰੀ ਇਸ ਟੈਕਨਾਲੋਜੀ ਨੂੰ ਵਰਤਣ ਤੋਂ ਘਬਰਾਉਂਦੀ ਹੈ। ਕਾਰੋਬਾਰੀਆਂ ਨੂੰ ਡਰ ਲੱਗਦਾ ਹੈ ਕਿ ਇਸ ਤੋਂ ਉਨ੍ਹਾਂ ਦੇ ਡਾਇੰਗ ਕਰਨ ਦਾ ਖਰਚਾ ਵਧ ਜਾਵੇਗਾ, ਜਦਕਿ ਵਧਿਆ ਹੋਇਆ ਖਰਚਾ ਡਾਇੰਗ ਮਾਲਕਾਂ ਨੇ ਉਪਭੋਗਤਾ ਦੀ ਜੇਬ 'ਚੋਂ ਲੈਣਾ ਹੈ। ਅਸਲੀਅਤ ਇਹ ਹੈ ਕਿ ਹੁਣ ਤੱਕ ਡਾਇੰਗ ਇੰਡਸਟਰੀ ਆਪਣੇ ਨਿੱਜੀ ਐਫੂਲੈਂਟ ਟ੍ਰੀਟਮੈਂਟ ਪਲਾਂਟ ਨਾ ਚਲਾ ਕੇ ਕਰੋੜਾਂ ਰੁਪਏ ਦਾ ਮੁਨਾਫਾ ਕਮਾ ਰਹੇ ਹਨ। ਇਸ 'ਤੇ ਰੋਕ ਲੱਗਣ ਦਾ ਡਰ ਸਤਾ ਰਿਹਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਜ਼ੈੱਡ. ਐੱਲ. ਡੀ. ਦੇ ਲਈ ਕਹਿ ਚੁੱਕੀ ਹੈ। ਇਸ ਦੇ ਬਾਵਜੂਦ ਸ਼ਹਿਰ 'ਚ ਡਾਇੰਗਾਂ ਲਈ ਬਣਨ ਵਾਲੇ ਤਿੰਨ ਸੀ. ਈ. ਟੀ. ਪੀ. ਮਤਲਬ ਕਾਮਨ ਐਫੂਲੈਂਟ ਟ੍ਰੀਟਮੈਂਟ ਪਲਾਂਟ ਬਿਨਾਂ ਜ਼ੈੱਡ. ਐੱਲ. ਡੀ. ਤਕਨੀਕ ਦੇ ਹੀ ਬਣ ਰਹੇ ਹਨ।
ਡੇਅਰੀ ਵਾਲਿਆਂ ਦੀ ਵੀ ਸਮੱਸਿਆ, ਗੋਬਰ ਕਿੱਥੇ ਸੁੱਟੀਏ
ਡੇਅਰੀ ਮਾਲਕਾਂ ਨੂੰ ਸਰਕਾਰ ਵਲੋਂ ਕੋਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਉਪਲੱਬਧ ਕਰਵਾਈ ਗਈ, ਜਿੱਥੇ ਉਹ ਇਕ ਜਗ੍ਹਾ 'ਤੇ ਹੀ ਗੋਬਰ ਇਕੱਠਾ ਕਰ ਦੇਣ। ਇਸ ਦੇ ਲਈ ਇਕ ਡੰਪ ਦਾ ਹੋਣਾ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਸਰਕਾਰ ਨੂੰ ਇਸ ਤਰ੍ਹਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਕਿ ਡੰਪ ਤੋਂ ਗੋਬਰ ਸਿੱਧਾ ਬਿਜਲੀ ਪੈਦਾ ਕਰਨ ਵਾਲੇ ਪਲਾਂਟ 'ਚ ਜਾਵੇ। ਗੋਬਰ ਅੱਜ ਕਾਫੀ ਵੱਡੀ ਸਮੱਸਿਆ ਹੈ। ਸਰਕਾਰ ਚਾਹੇ ਤਾਂ ਕੁੱਝ ਕਰੋੜ ਰੁਪਏ ਨਿਵੇਸ਼ ਕਰ ਕੇ ਗੋਬਰ ਤੋਂ ਬਣਨ ਵਾਲੀ ਬਿਜਲੀ ਅਤੇ ਗੈਸ ਪਲਾਂਟ ਲਾ ਸਕਦੀ ਹੈ। ਇਸ ਨਾਲ ਇਧਰ-ਉਧਰ ਗੋਬਰ ਸੁੱਟਣ ਵਾਲੀ ਸਮੱਸਿਆ ਖਤਮ ਹੋ ਜਾਵੇਗੀ।

ਭੈਣੀ ਸਾਹਿਬ ਵਲੋਂ ਜੋ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਸ 'ਚ ਨਗਰ ਨਿਗਮ ਵਲੋਂ ਗੱਡੀਆਂ ਅਤੇ ਜੇ. ਸੀ. ਬੀ. 'ਚ ਇਸਤੇਮਾਲ ਹੋਣ ਵਾਲਾ ਡੀਜ਼ਲ ਮੁਹੱਈਆ ਕਰਵਾਇਆ ਗਿਆ, ਜਿਥੋਂ ਤੱਕ ਗੋਬਰ ਅਤੇ ਜ਼ਹਿਰੀਲੇ ਪਾਣੀ ਨੂੰ ਰੋਕਣ ਦੀ ਗੱਲ ਹੈ, ਉਸ 'ਤੇ ਇਕ ਰਿਪੋਰਟ ਤਿਆਰ ਕਰ ਲਈ ਗਈ ਹੈ, ਜਿਸ ਨੂੰ ਸੋਮਵਾਰ ਮੁੱਖ ਮੰਤਰੀ ਨੂੰ ਸੌਂਪਿਆ ਜਾਵੇਗਾ। ਅਪੂਰਵਲ ਮਿਲਦੇ ਹੀ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਨਵੀਂ ਯੋਜਨਾ ਤਹਿਤ ਪਾਣੀ ਅਤੇ ਗੋਬਰ ਬੁੱਢੇ ਨਾਲੇ ਵਿਚ ਨਹੀਂ ਜਾਵੇਗਾ।
-ਬਲਕਾਰ ਸਿੰਘ ਸੰਧੂ, ਮੇਅਰ ਲੁਧਿਆਣਾ

rajwinder kaur

This news is Content Editor rajwinder kaur