ਢੱਡਰੀਆਂ ਵਾਲਿਆਂ ਦਾ ਅੰਮ੍ਰਿਤਸਰ ਦੀਵਾਨ ਰੱਦ, ਸੜਕਾਂ ''ਤੇ ਉਤਰੀਆਂ ਸੰਗਤਾਂ

11/11/2017 7:04:38 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਮਾਗਮ ਰੱਦ ਹੋਣ ਤੋਂ ਸਿੱਖ ਸੰਗਤਾਂ ਸੜਕਾਂ 'ਤੇ ਉਤਰ ਆਈਆਂ ਅਤੇ ਸਤਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਹੱਥਾਂ 'ਚ ਤਖਤੀਆਂ ਫੜ ਕੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਦਮਦਮੀ ਟਕਸਾਲ ਅਤੇ ਸਿੱਖ ਜਥੇਬੰਦੀਆਂ ਦੇ ਵਿਰੋਧ ਨੂੰ ਵੇਖਦੇ ਹੋਏ ਢੱਡਰੀਆਂ ਵਾਲਿਆਂ ਨੇ ਆਪ ਹੀ ਅੰਮ੍ਰਿਤਸਰ ਦੇ ਦੀਵਾਨ ਰੱਦ ਕਰ ਦਿੱਤੇ ਸਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਗੁਰੂ ਕੀ ਨਗਰੀ ਦਾ ਮਾਹੌਲ ਖਰਾਬ ਹੋਵੇ ਜਿਸ ਦੇ ਚੱਲਦਿਆਂ ਉਹ ਆਪ ਹੀ ਅੰਮ੍ਰਿਤਸਰ ਦਾ ਸਮਾਗਮ ਰੱਦ ਕਰ ਰਹੇ ਹਨ।
ਦੱਸ ਦਈਏ ਕਿ ਗੁਰੂ ਕੀ ਨਗਰੀ 'ਚ ਢੱਡਰੀਆਂ ਵਾਲਿਆਂ ਵਲੋਂ 14 ਨਵੰਬਰ ਤੋਂ 3 ਰੋਜ਼ਾ ਦੀਵਾਨ ਸਜਾਏ ਜਾਣੇ ਸਨ ਪਰ ਇਸ ਤੋਂ ਪਹਿਲਾਂ ਹੀ ਦਮਦਮੀ ਟਕਸਾਲ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਰਣਜੀਤ ਸਿੰਘ 'ਤੇ ਗੁਰਮਤਿ ਵਿਰੋਧੀ ਪ੍ਰਚਾਰ ਦਾ ਇਲਜ਼ਾਮ ਲਾਉਂਦੇ ਹੋਏ ਸਮਾਗਮ ਰੋਕਣ ਲਈ ਨਾ ਸਿਰਫ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਭਾਈ ਰਣਜੀਤ ਸਿੰਘ ਨੇ ਆਪ ਹੀ ਇਹ ਸਮਾਗਮ ਰੱਦ ਕਰ ਦਿੱਤਾ। ਸਿੱਖ ਜਥੇਬੰਦੀਆਂ ਦੀ ਇਸ ਕਾਰਗੁਜ਼ਾਰੀ ਤੋਂ ਬਾਅਦ ਸਿੱਖ ਸੰਗਤਾਂ ਸੜਕਾਂ 'ਤੇ ਉਤਰ ਆਈਆਂ ਅਤੇ ਸਮਾਗਮ ਵਾਲੀ ਥਾਂ 'ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ।