ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ 'ਤੇ ਮਜੀਠਿਆ ਨੇ ਘੇਰੀ ਸੂਬਾ ਸਰਕਾਰ (ਵੀਡੀਓ)

04/04/2020 1:50:12 AM

ਜਲੰਧਰ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਵਿਵਾਦ ਭਖਣ ਤੋਂ ਬਾਅਦ ਪਰਿਵਾਰ ਦੀ ਇਕ ਆਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਬਿਕਰਮ ਸਿੰਘ ਮਜੀਠਿਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਮੰਗਿਆ ਹੈ।  ਸ਼੍ਰੋਮਣੀ ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ਨੇ ਸ਼ੁੱਕਰਵਾਰ ਦੇਰ ਰਾਤ ਫੇਸਬੁੱਕ 'ਤੇ ਲਾਈਵ ਹੋ ਕੇ ਸੂਬਾ ਸਰਕਾਰ ਨੂੰ ਘੇਰਿਆ ਅਤੇ ਮੰਗ ਕੀਤੀ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਨਾ ਹੋਣ ਦੇਣ ਵਾਲੇ ਕੌਂਸਲਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਮਜੀਠਿਆ ਨੇ ਭਾਈ ਨਿਰਮਲ ਸਿੰਘ ਦੀ ਮੌਤ ਲਈ ਸਿਹਤ ਮੰਤਰੀ ਨੂੰ ਵੀ ਜ਼ਿੰਮੇਵਾਰ ਦੱਸਿਆ ਅਤੇ ਉਨ੍ਹਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ  ਉਨ੍ਹਾਂ ਕਿਹਾ ਕਿ ਹਸਪਤਾਲਾਂ 'ਚ ਮਰੀਜ਼ਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਫੇਸਬੁੱਕ ਪੋਸਟ 'ਤੇ ਲਿਖਿਆ ਹੈ, ''11 ਵਜੇ ਦੇ ਕਰੀਬ ਜਦੋਂ ਮੇਰੇ ਕੋਲ ਸਤਿਕਾਰਯੋਗ ਪਦਮ ਸ਼੍ਰੀ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਆਡੀਓ ਪਹੁੰਚੀ ਸੁਣ ਕੇ ਮਨ ਪਸੀਜਿਆ ਗਿਆ। ਇਸ ਆਡੀਓ 'ਚ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨਾਲ ਕੀਤੀ ਗੱਲਬਾਤ ਨੇ ਸੂਬਾ ਸਰਕਾਰ ਅਤੇ ਸਿਹਤ ਮੰਤਰੀ ਦੇ ਘਟੀਆ ਪ੍ਰਬੰਧ ਦੀ ਪੋਲ ਖੋਲ ਕੇ ਰੱਖ ਦਿੱਤੀ। ਜਿਸ ਕਦਰ ਖਾਲਸਾ ਜੀ ਦੀ ਦੇਹ ਦਾ ਨਿਰਾਦਰ ਹੋਇਆ ਉਹ ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਹੈ ਪਰ ਸਰਕਾਰ ਇਸ 'ਤੇ ਵੀ ਚੁੱਪ ਰਹੀ। ਆਡੀਓ 'ਚ ਸਾਫ਼ ਝਲਕਦਾ ਹੈ ਕਿ ਸਿਹਤ ਮੰਤਰੀ ਵੱਲੋਂ ਮਹਿਜ਼ ਝੂਠੇ ਦਾਅਵਿਆਂ ਦੇ ਗੇੜ 'ਚ ਉਲਝਾਇਆ ਜਾ ਰਿਹਾ ਹੈ ਜਦਕਿ ਸਰਕਾਰੀ ਹਸਪਤਾਲਾਂ 'ਚ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਨਿਰਮਲ ਸਿੰਘ ਖਾਲਸਾ ਜੀ ਦੇਹ ਦਾ ਨਿਰਾਦਰ ਕਰਨ ਵਾਲੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਬੇਇਨਸਾਫ਼ੀ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।''

Deepak Kumar

This news is Content Editor Deepak Kumar