ਇੰਗਲੈਂਡ ਵਿਖੇ ਗੁਰਦੁਆਰਾ ਸਾਹਿਬ ''ਤੇ ਹੋਏ ਹਮਲੇ ਦੀ ਭਾਈ ਲੌਂਗੋਵਾਲ ਵਲੋਂ ਨਿੰਦਾ

05/26/2020 2:38:31 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਇੰਗਲੈਂਡ ਦੇ ਸ਼ਹਿਰ ਡਰਬੀ ਵਿਖੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ 'ਚ ਦਾਖ਼ਲ ਹੋ ਕੇ ਇਕ ਪਾਕਿਸਤਾਨੀ ਵਿਅਕਤੀ ਵੱਲੋਂ ਕੀਤੀ ਭੰਨਤੋੜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਥੋਂ ਜਾਰੀ ਪ੍ਰੈੱਸ ਬਿਆਨ 'ਚ ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਸਿਰਫਿਰੇ ਵਿਅਕਤੀ ਵੱਲੋਂ ਉਸ ਸਮੇਂ ਗੁਰੂ ਘਰ ਦੀ ਭੰਨਤੋੜ ਕੀਤੀ ਗਈ, ਜਦੋਂ ਸਮੁੱਚੇ ਸੰਸਾਰ ਭਰ 'ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਸ਼ਵ ਭਰ 'ਚ ਚਲਦੀ ਕੋਰੋਨਾ ਮਹਾਮਾਰੀ ਕਰਕੇ ਡਰਬੀ ਵਿਖੇ ਸਥਿਤ ਇਸ ਗੁਰੂ ਘਰ ਵੱਲੋਂ ਹੋਰ ਗੁਰੂ ਘਰਾਂ ਵਾਂਗ ਲੋੜਵੰਦਾਂ ਦੀ ਰੋਜ਼ਾਨਾ ਵੱਡੇ ਪੱਧਰ 'ਤੇ ਮਦਦ ਕੀਤੀ ਜਾ ਰਹੀ ਹੈ ਤਾਂ ਉਸ ਸਮੇਂ ਸਿਰਫਿਰੇ ਵਿਅਕਤੀ ਨੇ ਗੁਰੂ ਘਰ 'ਚ ਭੰਨਤੋੜ ਕਰਕੇ ਨੁਕਸਾਨ ਕੀਤਾ ਹੈ, ਜੋ ਬਹੁਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਸ ਘਿਨੌਣੀ ਕਾਰਵਾਈ ਪਿੱਛੇ ਅਸਲ ਕਾਰਨ ਦੀ ਤਹਿ ਤੱਕ ਜਾਣਾ ਬਹੁਤ ਜ਼ਰੂਰੀ ਹੈ ਅਤੇ ਇਸ ਸਾਜਿਸ਼ 'ਚ ਸ਼ਾਮਲ ਸਾਰੇ ਵਿਅਕਤੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣੇ ਚਾਹੀਦੇ ਹਨ। ਉਨ੍ਹਾਂ ਇੰਗਲੈਂਡ ਸਰਕਾਰ ਨੂੰ ਅਪੀਲ ਕੀਤੀ ਕਿ ਘਟਨਾ ਦੀ ਸਚਾਈ ਬਾਰੇ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ ਅਤੇ ਗੁਰੂ ਘਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

PunjabKesari

ਇਹ ਵੀ ਪੜ੍ਹੋ ► ਗੁਰਦੁਆਰਾ ਗੁਰੂ ਅਰਜਨ ਦੇਵ ਜੀ 'ਤੇ ਹਮਲੇ ਦੀ ਜਥੇਦਾਰ ਵੱਲੋਂ ਨਿੰਦਾ, ਗੁ. ਕਮੇਟੀਆਂ ਨੂੰ ਦਿੱਤੇ ਇਹ ਹੁਕਮ

ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਬ੍ਰਿਟੇਨ ਦੇ ਡਰਬੀ ਵਿਚ ਸੋਮਵਾਰ ਸਵੇਰੇ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ 'ਤੇ ਸਿਰਫਿਰੇ ਵਿਅਕਤੀ ਵਲੋਂ ਹਮਲਾ ਕਰ ਦਿੱਤਾ ਗਿਆ ਅਤੇ ਭੰਨ-ਤੋੜ ਕੀਤੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਦੌਰਾਨ ਕਿਸੇ ਨੂੰ ਸੱਟ ਤਾਂ ਨਹੀਂ ਲੱਗੀ ਪਰ ਸ਼ਖਸ ਵਲੋਂ ਗੁਰਦੁਆਰਾ ਸਾਹਿਬ 'ਚ ਲੱਗੇ ਸ਼ੀਸ਼ਿਆਂ ਨੂੰ ਤੋੜ ਦਿੱਤਾ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਤਾਲਾਬੰਦੀ ਕਾਰਨ ਗੁਰਦੁਆਰਾ ਸਾਹਿਬ ਕੁਝ ਸਮੇਂ ਲਈ ਬੰਦ ਕੀਤਾ ਗਿਆ ਹੈ ਪਰ ਰੋਜ਼ਾਨਾ ਅਰਦਾਸ ਲਾਈਵ ਸਟ੍ਰੀਮਿੰਗ ਜ਼ਰੀਏ ਕੀਤੀ ਜਾ ਰਹੀ ਹੈ। ਡਰਬੀ ਦਾ ਗੁਰੂ ਅਰਜਨ ਦੇਵ ਗੁਰਦੁਆਰਾ ਲੋੜਵੰਦਾਂ ਦੀ ਮਦਦ ਲਈ ਵੀ ਹਮੇਸ਼ਾ ਅੱਗੇ ਰਹਿੰਦਾ ਹੈ। ਘਟਨਾ ਤੋਂ ਬਾਅਦ ਗੁਰਦੁਆਰੇ ਵੱਲੋਂ ਬਿਆਨ ਜਾਰੀ ਕਰ ਕੇ ਦੱਸਿਆ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਉਨ੍ਹਾਂ ਦੀ ਸੇਵਾ-ਭਾਵਨਾ ਵਿਚ ਕਮੀ ਨਹੀਂ ਆਵੇਗੀ ਅਤੇ ਮਦਦ ਦਾ ਕੰਮ ਜਾਰੀ ਰਹੇਗਾ।

ਇਹ ਵੀ ਪੜ੍ਹੋ ► ਭਾਈ ਲੌਂਗੋਵਾਲ ਵਲੋਂ ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ 


Anuradha

Content Editor

Related News