ਸ਼੍ਰੋਮਣੀ ਕਮੇਟੀ ਸਿੱਖ ਪੰਥ ਦੇ ਹਰ ਖੇਤਰ ’ਚ ਕਾਰਜ ਕਰਨ ਵਾਲੀ ਮਹਾਨ ਸੰਸਥਾ : ਲੌਂਗੋਵਾਲ

02/19/2020 1:29:07 PM

ਸ੍ਰੀ ਫਤਹਿਗੜ੍ਹ ਸਾਹਿਬ (ਜਗਦੇਵ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੇ ਹਰ ਖੇਤਰ ’ਚ ਕਾਰਜ ਕਰਨ ਵਾਲੀ ਇਕ ਮਹਾਨ ਸੰਸਥਾ ਹੈ। ਇਸ ਸੰਸਥਾ ਦਾ ਸਾਰਾ ਪ੍ਰਬੰਧ ਸੰਗਤੀ ਰੂਪ ਹੈ, ਜਿਸ ਦੇ ਸਾਰੇ ਕਾਰਜ ਗੁਰੂ ਰੂਪ ਸਾਧ ਸੰਗਤ ਰਾਹੀਂ ਚਲਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਮੋਤੀ ਰਾਮ ਮਹਿਰਾ ਨਿਵਾਸ ਦਾ ਨੀਂਹ-ਪੱਥਰ ਰੱਖਣ ਉਪਰੰਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਜਗ੍ਹਾ ਦੀ ਘਾਟ ਹੋਣ ਕਾਰਣ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਲਈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਸਾਹਮਣੇ ਖਾਲਸਾ ਕਾਲੋਨੀ ’ਚ ਬਾਬਾ ਮੋਤੀ ਰਾਮ ਮਹਿਰਾ ਨਿਵਾਸ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਇਥੇ 30 ਕੁਆਰਟਰਾਂ ਸਮੇਤ 40 ਦੁਕਾਨਾਂ ਵੀ ਬਣਾਈਆਂ ਜਾ ਰਹੀਆਂ ਹਨ ਅਤੇ ਨਾਲ ਹੀ ਨਿਵਾਸ ’ਚ ਇਕ ਪਾਰਕ ਦਾ ਨਿਰਮਾਣ ਵੀ ਕੀਤਾ ਜਾਵੇਗਾ। ਇਸ ਮੌਕੇ ਭਾਈ ਲੌਂਗੋਵਾਲ ਅਤੇ ਜਥੇਦਾਰ ਪੰਜੋਲੀ ਨੇ ਕਿਹਾ ਕਿ ਸਾਨੂੰ ਆਪਣੇ ਮਤਭੇਦਾਂ ’ਚ ਇੰਨੇ ਜ਼ਿਆਦਾ ਵੱਖਰੇਵੇਂ ਨਹੀਂ ਕਰਨੇ ਚਾਹੀਦੇ।

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਮੰਡੀ ਗੋਬਿੰਦਗੜ੍ਹ ’ਚ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 6ਵੀਂ ਦੀ ਖਸਤਾ ਹੋ ਚੁੱਕੀ ਇਮਾਰਤ ਦਾ ਨਵੀਨੀਕਰਨ ਕਰਨ ਲਈ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਇਕ ਹੀ ਚੈਨਲ ਨੂੰ ਗੁਰਬਾਣੀ ਪ੍ਰਸਾਰਣ ਦੇ ਦਿੱਤੇ ਗਏ ਅਧਿਕਾਰ ਦੇ ਸਵਾਲ ’ਤੇ ਬੋਲਦਿਆਂ ਕਿਹਾ ਕਿ ਇਹ ਸਵ. ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਸਮੇ ਤੋਂ ਚੱਲ ਰਿਹਾ। ਇਸ ਦੌਰਾਨ ਉਨ੍ਹਾਂ ਲੌਂਗੋਵਾਲ ਵਿਖੇ ਵਾਪਰੀ ਦਰਦਨਾਕ ਘਟਨਾ ’ਚ 4 ਬੱਚਿਆਂ ਨੂੰ ਬਚਾਉਣ ਵਾਲੀ ਕੁੜੀ ਨੂੰ ਇਨਾਮ ਦੇਣ ਅਤੇ ਵਿਸ਼ੇਸ਼ ਤੌਰ ’ਤੇ  ਸਨਮਾਨਤ ਕਰਨ ਦੇ ਬਾਰੇ ਵੀ ਕਿਹਾ। ਲੌਂਗੋਵਾਲ ਨੇ ਭਾਈ ਰਣਜੀਤ ਸਿੰਘ ਵਲੋਂ ਐੱਸ.ਜੀ.ਪੀ.ਸੀ. ’ਤੇ ਲਗਾਏ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ।  
 

rajwinder kaur

This news is Content Editor rajwinder kaur