ਭਾਈ ਦਾਦੂਵਾਲ ਦੇ ਦੋਸ਼ਾਂ ਨੇ ਤਿੰਨ ਵਰ੍ਹਿਆਂ ਬਾਅਦ ਭਾਈ ਚਾਵਲਾ ਨੂੰ ਮੁੜ ਆਵਾਮ ਦੇ ਕਟਹਿਰੇ ''ਚ ਕੀਤਾ ਖੜ੍ਹਾ

09/22/2017 9:27:25 AM

ਸ੍ਰੀ ਆਨੰਦਪੁਰ ਸਾਹਿਬ (ਸ਼ਮਸ਼ੇਰ)- ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ 'ਚ ਭਿਆਨਕ ਨਸ਼ੇ ਚਿੱਟੇ ਦੀ 4 ਸਾਲ ਪਹਿਲਾਂ ਹੋਈ ਆਮਦ ਨੇ ਨਾ ਸਿਰਫ ਇਥੋਂ ਦੀ ਜਵਾਨੀ ਦਾ ਘਾਣ ਕੀਤਾ, ਸਗੋਂ ਇਸ ਦੀ ਸਮੱਗਲਿੰਗ ਦੇ ਦੋਸ਼ਾਂ 'ਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦਾ ਨਾਂ ਵੀ ਸਿੱਧੇ ਰੂਪ 'ਚ ਸ਼ਾਮਲ ਕੀਤਾ ਹੈ।
ਇਹ ਦੋਸ਼ 18 ਸਤੰਬਰ 2011 ਤੋਂ ਉਨ੍ਹਾਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਬਣਨ ਤੋਂ ਬਾਅਦ ਲਗਾਤਾਰ ਲੱਗਣੇ ਸ਼ੁਰੂ ਹੋ ਗਏ ਸਨ। ਇਸ ਤੋਂ ਪਹਿਲਾਂ ਚਿੱਟੇ ਦਾ ਨਾਂ ਇਸ ਖੇਤਰ ਦੇ ਲੋਕਾਂ ਨੇ ਸੁਣਿਆ ਵੀ ਨਹੀਂ ਸੀ। ਅੱਜ ਇਨ੍ਹਾਂ ਦੋਸ਼ਾਂ ਨੂੰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਮੁੜ ਗੰਭੀਰਤਾ ਨਾਲ ਉਜਾਗਰ ਕੀਤਾ ਗਿਆ ਹੈ। ਭਾਈ ਚਾਵਲਾ ਦੇ ਕੁਝ ਸਮਰਥਕ ਭਾਵੇਂ ਇਨ੍ਹਾਂ ਦੋਸ਼ਾਂ ਨੂੰ ਨਕਾਰ ਰਹੇ ਹਨ ਪਰ ਇਸ ਦੇ ਬਾਵਜੂਦ ਭਾਈ ਦਾਦੂਵਾਲ ਦੇ ਸਮਰਥਕ ਇਨ੍ਹਾਂ ਨੂੰ ਸਹੀ ਠਹਿਰਾਅ ਰਹੇ ਹਨ।
ਚਿੱਟੇ ਦਾ ਮੁੱਦਾ ਬਨਾਮ ਜਗਤਾਰ ਸਿੰਘ ਭੈਣੀ
ਅਤੀਤ ਦੀ ਗੱਲ ਕਰੀਏ ਤਾਂ ਭਾਈ ਅਮਰਜੀਤ ਸਿੰਘ ਚਾਵਲਾ 'ਤੇ ਚਿੱਟਾ ਵੇਚਣ ਦੇ ਦੋਸ਼ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁੱਖ ਪ੍ਰਚਾਰਕ ਭਾਈ ਹਰਦੀਪ ਸਿੰਘ ਨੇ ਲਾਏ ਸਨ, ਜਿਸ ਦਾ ਵੀਡੀਓ ਅਜੇ ਵੀ ਯੂਟਿਊਬ 'ਤੇ ਵਾਇਰਲ ਹੋ ਰਿਹਾ ਹੈ ਪਰ ਢਾਈ ਵਰ੍ਹੇ ਪਹਿਲਾਂ ਭਾਈ ਚਾਵਲਾ ਦੇ ਖੇਤਰ 'ਚ ਮੁੱਢਲੇ ਸਮਰਥਕ ਵਜੋਂ ਜਾਣੇ ਜਾਂਦੇ ਮਰਹੂਮ ਯੂਥ ਅਕਾਲੀ ਆਗੂ ਜਗਤਾਰ ਸਿੰਘ ਭੈਣੀ ਨੇ ਇਸ ਮੁੱਦੇ ਨੂੰ ਖੂਬ ਚੁੱਕਿਆ। ਭੈਣੀ ਨੇ ਨਾ ਸਿਰਫ ਭਾਈ ਚਾਵਲਾ ਨੂੰ ਇਸ ਨਸ਼ੇ ਦੀ ਸਮੱਗਲਿੰਗ ਦਾ ਸਰਗਣਾ ਦੱਸਿਆ, ਸਗੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮਾਤਾ ਨਾਨਕੀ ਨਿਵਾਸ ਦੇ ਕਮਰਾ ਨੰਬਰ ਤਿੰਨ, ਜਿਥੇ ਭਾਈ ਚਾਵਲਾ ਦੀ ਰਿਹਾਇਸ਼ ਸੀ, ਨੂੰ ਇਸ ਸਮੱਗਲਿੰਗ ਲਈ ਵਰਤਣ ਦੇ ਗੰਭੀਰ ਦੋਸ਼ ਲਾਏ ਤੇ ਇਸ ਦੀ ਨਿਆਇਕ ਜਾਂਚ ਦੀ ਮੰਗ ਕੀਤੀ। ਉਸ ਵੇਲੇ ਭਾਵੇਂ ਇਹ ਮੁੱਦਾ ਭੈਣੀ ਦੀ ਕਾਨੂੰਨੀ ਲੜਾਈ ਨਾਲ ਜੋੜ ਕੇ ਵੀ ਕੁਝ ਲੋਕਾਂ ਨੇ ਵੇਖਿਆ ਪਰ 12 ਅਗਸਤ 2014 ਨੂੰ ਸ. ਭੈਣੀ ਦੀ ਮੌਤ, ਜਿਸ ਖਿਲਾਫ ਤਤਕਾਲੀ ਸਰਕਾਰ ਨੇ ਲੰਬੇ ਸਮੇਂ ਦੇ ਸੰਘਰਸ਼ ਤੋਂ ਬਾਅਦ ਕਤਲ ਮੰਨਿਆ, ਨੂੰ ਵੀ ਅੱਜ ਤੱਕ ਇਸੇ ਦੋਸ਼ਾਂ ਦੀ ਕੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਚਾਵਲਾ ਚਾਹੇ ਤਾਂ ਕਾਨੂੰਨੀ ਕਾਰਵਾਈ ਕਰ ਸਕਦੈ : ਦਾਦੂਵਾਲ
ਇਸ ਬਾਰੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਭਾਈ ਚਾਵਲਾ ਆਪਣੇ ਦੁਮਛੱਲਿਆਂ ਰਾਹੀਂ ਅਖਬਾਰੀ ਬਿਆਨਬਾਜ਼ੀ ਕਰਵਾ ਕੇ ਫਰਜ਼ਾਂ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੇ ਤੇ ਮੇਰੇ ਨਾਲ ਸਿੱਧੀ ਗੱਲ ਕਰੇ। ਮੈਂ ਕਾਨੂੰਨੀ ਧਮਕੀਆਂ ਦੀ ਪ੍ਰਵਾਹ ਨਹੀਂ ਕਰਦਾ। ਜੇਕਰ ਚਾਵਲਾ ਚਾਹੇ ਤਾਂ ਉਹ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਸਾਡੇ ਨਾਲ ਬਿਆਨਬਾਜ਼ੀ ਕਰਨ ਤੇ ਤਕਰਾਰ ਦਾ ਰਾਹ ਅਪਣਾਉਣ ਦੀ ਪਹਿਲੀ ਕੋਸ਼ਿਸ਼ ਖੁਦ ਚਾਵਲਾ ਵੱਲੋਂ ਕੀਤੀ ਗਈ, ਅਸੀਂ ਤਾਂ ਇਹੋ ਕਹਿੰਦੇ ਹਾਂ ਤੇ ਕਹਿੰਦੇ ਰਹਾਂਗੇ ਕਿ ਉਹ ਇਨ੍ਹਾਂ ਕੰੰਮਾਂ ਨੂੰ ਛੱਡ ਕੇ ਆਪਣੀ ਧਰਮ ਪ੍ਰਚਾਰ ਵਾਲੀ ਡਿਊਟੀ ਸੰਭਾਲੇ।
ਦਾਦੂਵਾਲ ਸ਼੍ਰੋਮਣੀ ਕਮੇਟੀ ਦਾ ਵਿਰੋਧੀ : ਚਾਵਲਾ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਭਾਈ ਦਾਦੂਵਾਲ ਦੇ ਦੋਸ਼ਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਉਹ ਇਹ ਬਿਆਨਬਾਜ਼ੀ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਲਈ ਕਰ ਰਹੇ ਹਨ ਕਿਉਂਕਿ ਉਸ ਨਾਲ ਕਮੇਟੀ ਦਾ ਲੰਬੇ ਅਰਸੇ ਤੋਂ ਵਿਰੋਧ ਚੱਲ ਰਿਹਾ ਹੈ। ਧਾਰਮਿਕ ਬਾਣਾ ਪਾ ਕੇ ਅਜਿਹੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਭਾਈ ਦਾਦੂਵਾਲ ਵਰਗੇ ਧਾਰਮਿਕ ਪ੍ਰਚਾਰਕ ਨੂੰ ਇਹ ਪੱਖ ਵਿਚਾਰ ਲੈਣਾ ਚਾਹੀਦਾ ਹੈ ਕਿ ਮੈਂ ਬੀਤੇ ਕਈ ਸਾਲਾਂ ਤੋਂ ਇਲਾਕੇ 'ਚ ਵਿਚਰ ਰਿਹਾ ਹਾਂ। ਜੇਕਰ ਭਾਈ ਦਾਦੂਵਾਲ ਕੋਲ ਕੋਈ ਸਬੂਤ ਮੌਜੂਦ ਹੈ ਤਾਂ ਉਹ ਮੇਰੇ ਖਿਲਾਫ ਕਾਨੂੰਨੀ ਕਾਰਵਾਈ ਕਰਵਾ ਸਕਦੇ ਹਨ।
ਪੰਜਾਬ ਸਰਕਾਰ ਦੋਸ਼ਾਂ ਦੀ ਜਾਂਚ ਕਰਵਾਏਗੀ : ਢਿੱਲੋਂ
ਪੰਜਾਬ ਕਾਂਗਰਸ ਦੇ ਮੀਡੀਆ ਪੈਨਲਿਸਟ ਬਰਿੰਦਰ ਢਿੱਲੋਂ ਨੇ ਕਿਹਾ ਕਿ ਬੀਤੇ 4 ਸਾਲਾਂ ਤੋਂ ਪਵਿੱਤਰ ਸ਼ਹਿਰ 'ਚ ਚਿੱਟੇ ਦੀ ਸਮੱਗਲਿੰਗ ਦੇ ਧਾਰਮਿਕ ਆਗੂਆਂ 'ਤੇ ਲੱਗਣ ਵਾਲੇ ਦੋਸ਼ਾਂ ਪ੍ਰਤੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਦਾ ਚੁੱਪ ਕਰ ਕੇ ਬੈਠਣਾ ਮੰਦਭਾਗੀ ਗੱਲ ਹੈ। ਅਸੀਂ ਸਰਕਾਰੀ ਪੱਧਰ 'ਤੇ ਐੱਸ. ਐੱਸ. ਪੀ. ਰਾਹੀਂ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਵਾਵਾਂਗੇ।
ਆਮ ਆਦਮੀ ਪਾਰਟੀ ਉਠਾਏਗੀ ਮੁੱਦਾ : ਬੈਂਸ
ਆਮ ਆਦਮੀ ਦੇ ਚੀਫ ਸਪੋਕਸਮੈਨ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿਸ ਧਰਤੀ ਨੂੰ ਚਿੱਟਾ ਮੁਕਤ ਕਰਨ ਦਾ ਸੰਕਲਪ ਅਕਾਲੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਲਿਆ ਹੋਵੇ, ਉਸ ਧਰਤੀ ਦੇ ਸ਼੍ਰੋਮਣੀ ਕਮੇਟੀ ਮੈਂਬਰ 'ਤੇ ਅਜਿਹੇ ਦੋਸ਼ ਲੱਗਣੇ ਜਿਥੇ ਮੰਦਭਾਗੀ ਗੱਲ ਹੈ, ਉਥੇ ਹੀ ਖੁਦ ਨੂੰ ਪੰਥਕ ਧਿਰਾਂ ਅਖਵਾਉਣ ਵਾਲੇ ਲੋਕਾਂ ਦੀ ਖਾਮੋਸ਼ੀ ਸ਼ਰਮਨਾਕ ਹੈ। 'ਆਪ' ਦੇ ਮੈਂਬਰ ਅਗਲੇ ਸੈਸ਼ਨ 'ਚ ਇਹ ਮੁੱਦਾ ਵਿਧਾਨ ਸਭਾ 'ਚ ਉਠਾਉਣਗੇ।