ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਪਹਿਲੀ ਮੀਟਿੰਗ, ਮੁੱਖ ਮੰਤਰੀ ਭਗਵੰਤ ਨੇ ਆਖੀਆਂ ਵੱਡੀਆਂ ਗੱਲਾਂ

03/20/2022 5:33:16 PM

ਮੋਹਾਲੀ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪਲੇਠੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਕੇਜਰੀਵਾਲ ਨੇ ਵੀਡੀਓ ਕਾਨਫਰੰਸ ਰਾਹੀਂ ਵਿਧਾਇਕਾਂ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਬਹੁਤ ਵੱਡਾ ਬਹੁਮਤ ਦਿੱਤਾ ਹੈ। ਕਈ ਜਗ੍ਹਾ ਅਸੀਂ ਪ੍ਰਚਾਰ ਲਈ ਨਹੀਂ ਜਾ ਸਕੇ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਈ. ਵੀ. ਐੱਮ. ਵੋਟਾਂ ਨਾਲ ਭਰ ਦਿੱਤਾ। ਹੁਣ ਸਾਡਾ ਫਰਜ਼ ਹੈ ਕਿ ਪੰਜਾਬ ਦੇ ਕੋਨੇ-ਕੋਨੇ ਵਿਚ ਜਾਈਏ। ਕਈ ਵਾਰ ਡੋਰ-ਟੂ-ਡੋਰ ਪ੍ਰਚਾਰ ਕਰਦੇ ਹੋਏ ਕੁਝ ਘਰ ਰਹਿ ਜਾਂਦੇ ਹਨ। ਜਿੱਥੇ ਵੀ ਸਮੱਸਿਆ ਹੈ ਜਾਂ ਕੋਈ ਮੁੱਦਾ ਹੈ, ਉਥੇ ਅਸੀਂ ਜਾਣਾ ਹੈ। ਅਸੀਂ ਇਹ ਨਹੀਂ ਦੇਖਣਾ ਕਿ ਸਾਨੂੰ ਇਥੋਂ ਵੋਟ ਨਹੀਂ ਮਿਲੇ ਜਾਂ ਕੁੱਝ ਹੋਰ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵਿਚ ਜਗ੍ਹਾ ਨਾ ਮਿਲਣ ਤੋਂ ਬਾਅਦ ਪ੍ਰੋ. ਬਲਜਿੰਦਰ ਕੌਰ ਦਾ ਵੱਡਾ ਬਿਆਨ

ਮੁੱਖ ਮੰਤਰੀ ਨੇ ਕਿਹਾ ਕਿ ਤਹਿਸੀਲਦਾਰ, ਪਟਵਾਰੀ ਅਤੇ ਐੱਸ. ਐੱਚ. ਓ. ਨੂੰ ਨਾ ਡਰਾਇਆ ਜਾਵੇ। ਉਨ੍ਹਾਂ ਨੂੰ ਸੁਧਾਰਨਾ ਹੈ ਤਾਂ ਸਮਝਾਓ। ਉਸ ਨੂੰ ਕਿਵੇਂ ਸੁਧਾਰਨਾ ਹੈ, ਇਸ ਬਾਰੇ ਪੁੱਛੋ। ਸਰਕਾਰ ਪੂਰੀ ਮਦਦ ਕਰੇਗੀ। ਮਾਨ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਛੋਟੇ ਅਫਸਰਾਂ ਨੂੰ ਕਹਿਣ ਨਾਲ ਬੰਦ ਨਹੀਂ ਹੋਵੇਗੀ। ਚੰਡੀਗੜ੍ਹ ਵਿਚ ਮੈਂ ਇਸ ਨੂੰ ਬੰਦ ਕਰ ਦੇਵਾਂਗਾ। ਪਹਿਲਾਂ ਵੀ ਅਜਿਹਾ ਹੋਇਆ ਕਿ ਗਲਤ ਕੰਮ ਕਿਸੇ ਨੇ ਕਰਵਾਇਆ ਅਤੇ ਸਸਪੈਂਡ ਕੋਈ ਹੋਰ ਹੋ ਗਿਆ। ਇਹ ਹੁਣ ਨਹੀਂ ਚੱਲੇਗਾ। ਮਾਨ ਨੇ ਕਿਹਾ ਕਿ 25 ਹਜ਼ਾਰ ਸਰਕਾਰੀ ਨੌਕਰੀਆਂ ਕੱਢੀਆਂ ਗਈਆਂ ਹਨ। ਉਸ ਲਈ ਸਿਫਾਰਿਸ਼ ਲੈ ਕੇ ਕਈ ਲੋਕ ਆਉਣਗੇ। ਉਸ ਦੀ ਸਿਫਾਰਿਸ਼ ਨਾ ਕਰਨਾ ਕਿਉਂਕਿ ਉਸ ਨਾਲ ਕਿਸੇ ਦੂਜੇ ਦਾ ਹੱਕ ਮਾਰਿਆ ਜਾਵੇਗਾ। ਕੇਜਰੀਵਾਲ 2 ਰੁਪਏ ਦੀ ਪਰਚੀ ਨੂੰ ਲੈ ਖੁਦ ਮੌਕੇ ’ਤੇ ਪਹੁੰਚ ਗਏ ਸਨ। ਇਹ ਉਹੀ ਪਾਰਟੀ ਹੈ ਅਤੇ ਅਰਵਿੰਦ ਕੇਜਰੀਵਾਲ ਸਾਡੇ ਕੌਮੀ ਕਨਵੀਨਰ ਹਨ।

ਇਹ ਵੀ ਪੜ੍ਹੋ : ਭਗਵੰਤ ਮਾਨ ਕੈਬਨਿਟ ਦਾ ਗਠਨ : 10 ਮੰਤਰੀਆਂ ਨੇ ਚੁੱਕੀ ਸਹੁੰ, ਜਾਣੋ ਪੂਰਾ ਵੇਰਵਾ

ਪੈਸੇ ਕਮਾ ਕੇ ਕਈ ਚਲੇ ਜਾਂਦੇ ਹਨ ਪਰ ਕਿਸੇ ਦਾ ਜੀਵਨ ਸੁਧਾਰਨਾ ਹੈ। ਇਕ ਸਾਈਨ ਨਾਲ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਜਲਦੀ ਹੈ, ਕਿਸੇ ਬਜ਼ੁਰਗ ਦੇ ਇਲਾਜ ਦਾ ਪ੍ਰਬੰਧ ਹੁੰਦਾ ਹੈ। ਕਿਸੇ ਬੱਚੇ ਨੂੰ ਕਿਤਾਬ, ਬਸਤਾ ਜਾਂ ਪੜ੍ਹਾਈ ਮਿਲ ਜਾਂਦੀ ਹੈ ਤਾਂ ਇਸ ਤੋਂ ਵੱਡਾ ਪੁੰਨ ਹੋਰ ਕੀ ਹੋ ਸਕਦਾ ਹੈ। ਮਾਨ ਨੇ ਕਿਹਾ ਕਿ ਬਦਲਾਖੋਰੀ ਨਹੀਂ ਹੋਣੀ ਚਾਹੀਦੀ। ਕੁੱਝ ਸ਼ਿਕਾਇਤਾਂ ਆਈਆਂ ਹਨ ਕਿ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਹੈ, ਇਹ ਸਾਡਾ ਕੰਮ ਨਹੀਂ ਹੈ। ਹਰ ਵਿਧਾਇਕ ਦਾ ਸਰਵੇ ਹੁੰਦਾ ਹੈ। ਇਸੇ ਵਜ੍ਹਾ ਨਾਲ ਦਿੱਲੀ ਵਿਚ 21-22 ਵਿਧਾਇਕਾਂ ਨੂੰ ਦੋਬਾਰਾ ਟਿਕਟ ਨਹੀਂ ਮਿਲੀ। ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਸੀਟ ਪੱਕੀ ਕਰਨੀ ਹੈ ਤਾਂ ਲੋਕਾਂ ਨਾਲ ਪੱਕੀ ਦੋਸਤੀ ਕਰਨੀ ਪਵੇਗੀ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੀ ਵਜ਼ਾਰਤ ਦੇ ਗਠਨ ’ਤੇ ਰਾਜਾ ਵੜਿੰਗ ਨੇ ਚੁੱਕੇ ਸਵਾਲ, ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh