ਗੋਡਿਆਂ ਭਾਰ ਆਏ ਬੜ੍ਹਕਾਂ ਮਾਰਨ ਵਾਲੇ ਭਗਵੰਤ ਮਾਨ, ਸੰਸਦ ਦੀ ਵੀਡੀਓ ਲਾਈਵ ਕਰਨ ''ਤੇ ਮੰਗੀ ਮੁਆਫੀ

07/23/2016 11:26:42 AM

ਨਵੀਂ ਦਿੱਲੀ/ਜਲੰਧਰ : ''ਆਮ ਆਦਮੀ ਪਾਰਟੀ'' ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸੰਸਦ ਦੀ ਵੀਡਓ ਫੇਸਬੁੱਕ ਪੇਜ਼ ''ਤੇ ਲਾਈਵ ਕਰਕੇ ਬੁਰੀ ਤਰ੍ਹਾਂ ਫਸ ਗਏ ਅਤੇ ਸੰਸਦ ਦੇ ਦੋਹਾਂ ਸਦਨਾਂ ''ਚ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਸ਼ਾਇਦ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਇਸ ਲਈ ਉਨ੍ਹਾਂ ਨੇ ਇਸ ਪੂਰੇ ਮਾਮਲੇ ''ਤੇ ਮੁਆਫੀ ਮੰਗ ਲਈ ਹੈ ਪਰ ਫਿਰ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ।
ਭਾਜਪਾ ਨੇ ਸੰਸਦ ''ਚ ਸਾਫ ਕੀਤਾ ਹੈ ਕਿ ਸੰਸਦ ਦੀ ਸੁਰੱਖਿਆ ਦਾ ਮੁੱਦਾ ਬਹੁਤ ਗੰਭੀਰ ਹੈ, ਇਸ ਲਈ ਭਗਵੰਤ ਮਾਨ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਉੱਥੇ ਹੀ ਦੂਜੇ ਪਾਸੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਸੰਸਦ ''ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ, ਇਸ ਲਈ ਭਗਵੰਤ ਮਾਨ ਦੀ ਅਜਿਹੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਸੰਸਦ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਹੈ।
ਇਸ ਮਾਮਲੇ ਸੰਬੰਧੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਭਗਵੰਤ ਮਾਨ ਨੂੰ ਸ਼ੁੱਕਰਵਾਰ ਨੂੰ ਤਲਬ ਕੀਤਾ ਸੀ ਅਤੇ ਉਨ੍ਹਾਂ ਦੀ ਚੰਗੀ ਕਲਾਸ ਵੀ ਲਈ ਸੀ। ਭਗਵੰਤ ਮਾਨ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਸੰਸਦ ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਕਰਨਾ ਨਹੀਂ ਸੀ, ਸਗੋਂ ਉਹ ਤਾਂ ਲੋਕਾਂ ਨੂੰ ਸੰਸਦ ''ਚ ਹੋਣ ਵਾਲੇ ਕੰਮਾਂ ਸੰਬੰਧੀ ਹੀ ਜਾਣੂੰ ਕਰਾਉਣਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਆਪਣੇ ਤੇਵਰ ਦਿਖਾਉਂਦੇ ਹੋਏ ਇਹ ਵੀ ਕਿਹਾ ਸੀ ਕਿ ਉਹ ਅਜਿਹੀਆਂ ਹੋਰ ਵੀ ਕਈ ਵੀਡੀਓਜ਼ ਲਾਈਵ ਕਰਨਗੇ ਪਰ ਮਾਹੌਲ ਨੂੰ ਆਪਣੇ ਖਿਲਾਫ ਹੁੰਦਾ ਦੇਖ ਸ਼ਾਇਦ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਨੇ ਕਿੰਨੀ ਵੱਡੀ ਗਲਤੀ ਕਰ ਦਿੱਤੀ ਹੈ, ਇਸ ਲਈ ਉਨ੍ਹਾਂ ਨੇ ਇਸ ਮਾਮਲੇ ਸੰਬੰਧੀ ਮੁਆਫੀ ੱਮੰਗ ਲਈ ਹੈ ਅਤੇ ਕਿਹਾ ਹੈ ਕਿ ਉਹ ਲਿਖਤੀ ਤੌਰ ''ਤੇ ਵੀ ਮੁਆਫੀ ਮੰਗਣ ਲਈ ਤਿਆਰ ਹਨ। 
 

Babita Marhas

This news is News Editor Babita Marhas