ਜਲਾਲਾਬਾਦ ''ਚ ਨਵੇਂ ਵਿਵਾਦ ''ਚ ਫਸੀ ਆਮ ਆਦਮੀ ਪਾਰਟੀ, ਸਵਾਲਾਂ ''ਚ ਘਿਰੇ ਭਗਵੰਤ ਮਾਨ

04/01/2017 6:44:26 PM

ਜਲਾਲਾਬਾਦ (ਸੇਤੀਆ) : ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਜਿੱਥੇ ਭਗਵੰਤ ਮਾਨ ਦਾ ਜਲਾਲਾਬਾਦ ਵਿਚ ਦੇਰੀ ਨਾਲ ਆਉਣਾ ਚਰਚਾ ਦਾ ਵਿਸ਼ਾ ਰਿਹਾ ਉਥੇ ਹੀ ਚੋਣਾਂ ਦੌਰਾਨ ਪ੍ਰਚਾਰ ਲਈ ਛਪਵਾਈ ਗਈ ਸਮੱਗਰੀ ਦੀ ਅਦਾਇਗੀ ਨਾ ਹੋਣ ਕਾਰਣ ਭਗਵੰਤ ਮਾਨ ਸਵਾਲਾਂ ਦੇ ਘੇਰੇ ਵਿਚ ਆਉਂਦੇ ਦਿਖਾਈ ਦੇ ਰਹੇ ਹਨ। ਇਹ ਦੋਸ਼ ਇਕ ਨਿਸ਼ਚੇ ਫਲੈਕਸ ਦੇ ਸੰਚਾਲਕ ਨੇ ਭਗਵੰਤ ਮਾਨ ''ਤੇ ਲਗਾਏ ਹਨ। ਸ਼ੁੱਕਰਵਾਰ ਨੂੰ ਜਦੋਂ ਉਹ ਆਪਣੇ ਧੰਨਵਾਦੀ ਦੌਰੇ ਦੌਰਾਨ ਜਲਾਲਾਬਾਦ ਦੇ ਪਿੰਡਾਂ ਵਿਚ ਪਹੁੰਚੇ ਤਾਂ ਉਹ ਮੀਡੀਆ ਦੇ ਸਵਾਲਾਂ ਦਾ ਜਵਾਬ ਨਾ ਦੇ ਕੇ ਪੁਰਾਣੇ ਅੰਦਾਜ਼ ਵਿਚ ਗੱਲਾਂ ਕਰਦੇ ਨਜ਼ਰ ਆਏ। ਦਰਅਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਜਲਾਲਾਬਾਦ ਸ਼ਹਿਰ ਦੇ ਵੱਖ-ਵੱਖ ਦੁਕਾਨਦਾਰਾਂ ਤੋਂ ਪ੍ਰਚਾਰ ਸਮੱਗਰੀ ਖਰੀਦੀ ਗਈ ਸੀ ਪਰ ਬਕਾਇਆ ਅਜੇ ਤੱਕ ਨਹੀਂ ਦਿੱਤਾ ਗਿਆ। ਜਿਸ ਨੂੰ ਲੈ ਕੇ ਸਥਾਨਕ ਨਿਸ਼ਚੇ ਫਲੈਕਸ ਦੇ ਮਾਲਕ ਅਮਿਤ ਕੁਮਾਰ ਨੇ ਕਈ ਵਾਰ ਪਾਰਟੀ ਨਾਲ ਸੰਬੰਧਤ ਵੱਖ-ਵੱਖ ਆਗੂਆਂ ਤੋਂ ਪੈਸਿਆਂ ਦੀ ਮੰਗ ਕੀਤੀ ਪਰ ਉਨ੍ਹਾਂ ਨੂੰ ਸਿਵਾਏ ਲਾਅਰਿਆਂ ਦੇ ਕੁੱਝ ਨਹੀਂ ਮਿਲਿਆ। ਆਖਿਰਕਾਰ ਤੰਗ ਹੋ ਕੇ ਉਨ੍ਹਾਂ 21 ਮਾਰਚ ਨੂੰ ਖੁੱਦ ਭਗਵੰਤ ਮਾਨ ਨਾਲ ਫੋਨ ''ਤੇ ਗੱਲਬਾਤ ਕੀਤੀ ਅਤੇ ਆਪਣੀ ਬਕਾਇਆ ਰਾਸ਼ੀ ਜੋ ਕਿ ਸਾਡੇ ਤਿੰਨ ਲੱਖ ਹੈ ਦੇਣ ਦੀ ਮੰਗ ਕੀਤੀ। ਜਿਸ ''ਤੇ ਭਗਵੰਤ ਮਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਕ-ਦੋ ਦਿਨਾਂ ਵਿਚ ਭੁਗਤਾਨ ਕਰ ਦਿੱਤਾ ਜਾਵੇਗਾ। ਹੁਣ ਜਦਕਿ 10 ਦਿਨ ਤੋਂ ਵੱਧ ਹੋ ਚੁੱਕੇ ਹਨ ਅਜੇ ਤੱਕ ਬਕਾਇਆ ਨਹੀਂ ਪਹੁੰਚਿਆ ਹੈ।
ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਭਗਵੰਤ ਮਾਨ ਨਾਲ ਤੋਂ ਪੁੱਛਣਾ ਚਾਹਿਆ ਤਾਂ ਉਹ ਸਵਾਲਾਂ ਤੋਂ ਹੋਰ ਪਾਸੇ ਜਾਂਦੇ ਨਜ਼ਰ ਆਏ। ਉਨ੍ਹਾਂ ਪਹਿਲਾਂ ਤਾਂ ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ 2 ਲੱਖ ਕਰੋੜ ਰੁਪਇਆ ਕਰਜ਼ੇ ਵਿਚ ਲਿਆ ਛੱਡਿਆ ਹੈ ਅਤੇ ਕੈਪਟਨ ਸਾਹਿਬ ਨੂੰ ਸਵਾਲ ਪੁੱਛੋ ਕਿ ਉਹ ਲੋਕਾਂ ਨੂੰ 2500 ਰੁਪਏ ਪੈਨਸ਼ਨ, ਕਿਸਾਨਾਂ ਦੇ ਕਰਜ਼ ਮਾਫ ਅਤੇ ਨੌਜਵਾਨਾਂ ਨੂੰ ਨੌਕਰੀ ਕਦੋਂ ਦੇਣਗੇ। ਉਧਰ ਨਿਸ਼ਚੇ ਫਲੈਕਸ ਦੇ ਮਾਲਕ ਅਮਿਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਭਗਵੰਤ ਮਾਨ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਦਿੱਤੀ ਅਤੇ ਨਾਲ ਮੰਗ ਕੀਤੀ ਕਿ ਉਸਦਾ ਪੈਸਾ ਜਲਦ ਦਵਾਇਆ ਜਾਵੇ।

Gurminder Singh

This news is Content Editor Gurminder Singh