ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇ 1-1 ਕਰੋੜ ਤੇ ਗਜ਼ਟਿਡ ਅਫਸਰ ਦੀ ਨੌਕਰੀ: ਭਗਵੰਤ ਮਾਨ

02/19/2019 4:58:56 PM

ਨੂਰਪੁਰਬੇਦੀ (ਭੰਡਾਰੀ,ਅਵਿਨਾਸ਼)— 'ਆਪ' ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੁਲਵਾਮਾ 'ਚ ਸੂਬੇ ਦੇ ਚਾਰ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਅਤੇ ਗਜ਼ਟਿਡ ਅਫਸਰ ਦੀ ਨੌਕਰੀ ਦੇਣ ਲਈ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ। ਭਗਵੰਤ ਮਾਨ ਨੇ ਬੀਤੇ ਦਿਨ ਪਿੰਡ ਰੌਲੀ ਵਿਖੇ ਪਹੁੰਚ ਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਮਾਪਿਆਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੂੰ ਹੌਸਲਾ ਦਿੰਦੇ ਕਿਹਾ ਕਿ ਉਨ੍ਹਾਂ ਦੇ ਪੁੱਤ ਨੇ ਦੇਸ਼ ਲਈ ਜਾਨ ਦਿੱਤੀ ਹੈ ਅਤੇ ਜੋ ਸਦਾ ਅਮਰ ਰਹੇਗਾ। ਉਨ੍ਹਾਂ ਨੇ ਆਪਣੇ ਅਤੇ ਆਪਣੀ ਪਾਰਟੀ ਦੇ ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਵੱਲੋਂ 1-1 ਮਹੀਨੇ ਦੀ ਤਨਖਾਹ ਪੰਜਾਬ ਦੇ ਚਾਰਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਣ ਦਾ ਵੀ ਐਲਾਨ ਕੀਤਾ।


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਚਾਰਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 12 ਲੱਖ ਰੁਪਏ ਦੀ ਬਜਾਏ 1-1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਵੇ। ਉਨ੍ਹਾਂ ਨੇ ਕੁਝ ਸ਼ਹੀਦਾਂ ਦੇ ਵਾਰਿਸਾਂ ਦੇ ਘੱਟ ਪੜ੍ਹੇ-ਲਿਖੇ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਕਰੀ ਦਾ ਪੈਮਾਨਾ ਸਰਟੀਫਿਕੇਟ ਨਾ ਹੋ ਕੇ ਉਨ੍ਹਾਂ ਦੀ ਸ਼ਹਾਦਤ ਹੋਵੇ, ਜਿਸ ਕਰਕੇ ਸ਼ਹੀਦਾਂ ਦੇ ਵਾਰਿਸਾਂ ਨੂੰ ਘੱਟੋ-ਘੱਟ ਗਜ਼ਟਿਡ ਅਫਸਰ ਦੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਦਾ ਦੇਸ਼ ਲਈ ਕੰਮ ਕਰਨ ਦਾ ਜਜ਼ਬਾ ਕਾਇਮ ਰਹਿ ਸਕੇ ਅਤੇ ਉਨ੍ਹਾਂ ਦੇ ਮਾਪੇ ਸ਼ਾਨ ਨਾਲ ਜੀ ਸਕਣ ਦੇ ਕਾਬਿਲ ਹੋ ਸਕਣ।

ਦਿੱਲੀ ਸਰਕਾਰ ਵੱਲੋਂ ਪੰਜਾਬ ਦੇ ਸ਼ਹੀਦਾਂ ਲਈ ਕੁਝ ਕਰਨ ਸਬੰਧੀ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 19 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਆ ਰਹੇ ਹਨ, ਜਿਨ੍ਹਾਂ ਨਾਲ ਉਹ ਇਸ ਸਬੰਧੀ ਜ਼ਰੂਰ ਗੱਲ ਕਰਨਗੇ। ਮਹਾ ਗੱਠਜੋੜ 'ਚ 'ਆਪ' ਦੇ ਸ਼ਾਮਲ ਹੋਣ ਸਬੰਧੀ ਭਗਵੰਤ ਮਾਨ ਨੇ ਕਿਹਾ ਕਿ ਕਈ ਪਾਰਟੀਆਂ ਦਾ ਸਮੀਕਰਣ ਅਜੇ ਸ਼ਪਸ਼ਟ ਨਹੀਂ ਹੋਇਆ ਹੈ, ਜਿਸ ਕਰਕੇ ਆਮ ਆਦਮੀ ਪਾਰਟੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਗੋਆ 'ਚ ਕਾਂਗਰਸ ਨਾਲ ਮਿਲ ਕੇ ਲੋਕ ਸਭਾ ਚੋਣਾਂ ਨਹੀਂ ਲੜੀਆਂ ਜਾਣਗੀਆਂ। ਪੰਜਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਟਕਸਾਲੀ ਅਕਾਲੀਆਂ ਤੇ ਬਸਪਾ ਨਾਲ ਗੱਲ ਚੱਲ ਰਹੀ ਹੈ।

ਇਮਰਾਨ ਖਾਨ ਭਾਵੇਂ ਸਿੱਧੂ ਦੇ ਦੋਸਤ ਹਨ ਪਰ ਦੇਸ਼ ਨੂੰ ਹੋਣੀ ਚਾਹੀਦੀ ਹੈ ਪਹਿਲ
ਕਾਂਗਰਸ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਬੰਧੀ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਜਦੋਂ ਸਿੱਧੂ ਚੰਗਾ ਕੰਮ ਕਰਦੇ ਹਨ ਤਾਂ ਅਸੀਂ ਉਨ੍ਹਾਂ ਦੀ ਤਾਰੀਫ ਵੀ ਕਰਦੇ ਹਾਂ ਚਾਹੇ ਉਹ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦਾ ਹੀ ਮਾਮਲਾ ਕਿਉਂ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਵੇਂ ਸਿੱਧੂ ਦੇ ਦੋਸਤ ਹਨ ਪਰ ਜਦੋਂ ਦੋਸਤੀ ਅਤੇ ਦੇਸ਼ ਦੀ ਗੱਲ ਆਉਂਦੀ ਹੈ ਤਾਂ ਦੇਸ਼ ਨੂੰ ਪਹਿਲ ਹੋਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਨਾਲ ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ 'ਆਪ' ਦੇ ਉਮੀਦਵਾਰ ਨਰਿੰਦਰ ਸ਼ੇਰਗਿੱਲ, ਯੂਥ ਪ੍ਰਧਾਨ ਰਾਮ ਕੁਮਾਰ ਮੁਕਾਰੀ, ਜ਼ਿਲਾ ਪ੍ਰਧਾਨ ਮਾ. ਹਰਦਿਆਲ ਸਿੰਘ, ਜਸਵੀਰ ਜੱਸੂ, ਕਸ਼ਮੀਰੀ ਲਾਲ ਬਜਰੂੜ, ਨਿਰਮਲ ਬਜਰੂੜ, ਬਲਵਿੰਦਰ ਸੈਣੀ, ਭਜਨ ਸੋਢੀ, ਸੁਰਿੰਦਰ ਸਿੰਘ, ਬਾਬੂ ਚਮਨ ਲਾਲ, ਸਾ. ਸਰਪੰਚ ਪਾਲ ਸਿੰਘ, ਸਾ. ਸਰਪੰਚ ਸੁਰਿੰਦਰ ਸਿੰਘ, ਗਿਆਨ ਸਿੰਘ ਕੁੰਭੇਵਾਲ, ਸ਼ਿੰਗਾਰਾ ਸਿੰਘ ਚੈਹਿੜਮਜਾਰਾ, ਦਿਲਬਾਗ ਸੰਦੋਆ, ਦਵਿੰਦਰ ਸਿੰਘ ਛਿੰਦੂ, ਗੁਰਮੁੱਖ ਸਿੰਘ ਕੰਧੋਲਾ, ਅੰਮ੍ਰਿਤਪਾਲ ਸਿੰਘ, ਸ਼ਾਮ ਸੁੰਦਰ ਸ਼ਰਮਾ ਅਤੇ ਬਲਰਾਜ ਸ਼ਰਮਾ ਆਦਿ ਹਾਜ਼ਰ ਸਨ।