ਮਨਾਉਣ ਗਏ ਭਗਵੰਤ ਮਾਨ ਅੱਗੇ ਛੋਟੇਪੁਰ ਨੇ ਰੱਖੀਆਂ ਇਹ ਸ਼ਰਤਾਂ

12/14/2018 11:36:38 AM

ਹੁਸ਼ਿਆਰਪੁਰ(ਬਿਊਰੋ)— ਪੰਜਾਬ ਦੇ ਰਾਜਨੀਤਕ ਹਲਕਿਆਂ ਵਿਚ ਇਹ ਖਬਰ ਹੈ ਕਿ 2 ਹਫਤੇ ਪਹਿਲਾਂ ਛੋਟੇਪੁਰ ਦੇ ਮੁਹਾਲੀ ਸਥਿਤ ਘਰ ਵਿਚ 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੀ ਇਕ ਗੁਪਤ ਮੀਟਿੰਗ ਹੋਈ ਹੈ। ਦੋਵਾਂ ਨੇਤਾਵਾਂ ਵਿਚ ਮੀਟਿੰਗ ਕਰਵਾਉਣ ਵਿਚ ਇਕ ਪੱਤਰਕਾਰ ਅਤੇ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਛੋਟੇਪੁਰ ਨਾਲ ਆਏ ਹੁਸ਼ਿਆਰਪੁਰ ਦੇ ਵਰਿੰਦਰ ਪਰਹਾਰ ਨੇ ਅਹਿਮ ਭੂਮਿਕਾ ਨਿਭਾਈ। ਦੱਸ ਦੇਈਏ ਕਿ ਮਾਨ ਦੀ ਛੋਟੇਪੁਰ ਨਾਲ ਇਹ ਪਹਿਲੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਦੋਵੇਂ ਨੇਤਾ ਪਾਰਟੀ ਵਿਚ ਹੋਣ ਦੇ ਬਾਵਜੂਦ ਕਦੇ ਨਹੀਂ ਮਿਲੇ।

ਛੋਟੇਪੁਰ ਨੇ ਮੁਲਾਕਾਤ ਦੌਰਾਨ ਰੱਖੀਆਂ ਇਹ ਦੋ ਸ਼ਰਤਾਂ :
ਦੱਸ ਦੇਈਏ ਕਿ ਮੀਟਿੰਗ ਦੌਰਾਨ ਛੋਟੇਪੁਰ ਨੇ ਭਗਵੰਤ ਨਾਲ ਨੂੰ ਇਹ ਪੁੱਛਿਆ ਕਿ ਆਖਿਰਕਾਰ ਉਨ੍ਹਾਂ ਦੀ ਗਲਤੀ ਕੀ ਸੀ, ਜਿਸ ਦਾ ਮਾਨ ਕੋਲ ਕੋਈ ਜਵਾਬ ਨਹੀਂ ਸੀ। ਇਸ ਤੋਂ ਬਾਅਦ ਛੋਟੇਪੁਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਵਾਪਸੀ ਚਾਹੁੰਦੇ ਹੋ ਤਾਂ ਮੇਰੀਆਂ ਦੋ ਸ਼ਰਤਾਂ ਹਨ। ਪਹਿਲਾਂ ਕੇਜਰੀਵਾਲ ਉਨ੍ਹਾਂ ਦੇ ਘਰ ਆ ਕੇ ਮੁਆਫੀ ਮੰਗਣ ਅਤੇ ਦੂਜਾ ਪ੍ਰਧਾਨਗੀ ਦੇ ਨਾਲ-ਨਾਲ ਪੰਜਾਬ ਵਿਚ ਪਾਰਟੀ ਦੀ ਪੂਰੀ ਕਮਾਨ ਉਨ੍ਹਾਂ ਨੂੰ ਦਿੱਤੀ ਜਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਗੱਲ ਵੀ ਰੱਖੀ ਸੀ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਵਿਚ ਅਹਿਮ ਭੂਮਿਕਾ ਨਿਭਾਈ ਉਨ੍ਹਾਂ ਨੂੰ ਹੁਣ ਪਾਰਟੀ ਵਿਚੋਂ ਕੱਢਿਆ ਜਾਏ, ਜਿਸ ਵਿਚ ਛੋਟੇਪੁਰ ਨੇ ਦੋ ਨੇਤਾਂਵਾਂ ਦਾ ਖਾਸ ਤੌਰ 'ਤੇ ਨਾਂ ਲਿਆ। ਇਸ 'ਤੇ ਭਗਵੰਤ ਮਾਨ ਨੇ ਛੋਟੇਪੁਰ ਨੂੰ ਇਹ ਭਰੋਸਾ ਦਿੱਤਾ ਕਿ ਉਹ ਸਾਰੀਆਂ ਗੱਲਾਂ ਕੇਜਰੀਵਾਲ ਨਾਲ ਕਰਨਗੇ ਪਰ ਦੋ ਹਫਤੇ ਬੀਤ ਜਾਣ ਤੋਂ ਬਾਅਦ ਵੀ ਇਸ 'ਤੇ ਗੱਲ ਅੱਗੇ ਨਹੀਂ ਵਧੀ। ਮਾਨ ਨੇ ਛੋਟੇਪੁਰ ਦੀ ਗੱਲ ਕੇਜਰੀਵਾਲ ਤੱਕ ਪਹੁੰਚਾਈ ਵੀ ਜਾਂ ਨਹੀਂ ਇਸ ਦੀ ਪੁਸ਼ਟੀ ਨਹੀਂ ਹੋ ਰਹੀ।

ਕੇਜਰੀਵਾਲ ਚਾਹੁੰਦੇ ਹਨ ਛੋਟੇਪੁਰ ਦੀ ਵਾਪਸੀ :
ਸੂਤਰਾਂ ਅਨੁਸਾਰ ਕੇਜਰੀਵਾਲ ਹੁਣ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਛੋਟੇਪੁਰ ਨੂੰ ਕੱਢ ਕੇ ਵੱਡੀ ਗਲਤੀ ਕੀਤੀ ਹੈ ਅਤੇ ਉਨ੍ਹਾਂ ਨੂੰ ਕਿਸੇ ਤਰੀਕੇ ਨਾਲ ਪਾਰਟੀ ਵਿਚ ਵਾਪਸ ਲਿਆਇਆ ਜਾਏ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਤਹਿਤ ਹੀ ਭਗਵੰਤ ਮਾਨ ਦੀ ਛੋਟੇਪੁਰ ਨਾਲ ਮੁਲਾਕਾਤ ਹੋਈ ਹੈ।

ਮਾਨ ਨੇ ਕਿਹਾ ਕਿ ਆਪਣੀ ਇੱਛਾ ਅਨੁਸਾਰ ਹੀ ਮਿਲਣ ਆਇਆ ਹਾਂ-ਛੋਟੇਪੁਰ
ਮੀਟਿੰਗ ਦੀ ਪੁਸ਼ਟੀ ਕਰਦੇ ਹੋਏ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਮਾਨ ਨੇ ਕਿਹਾ ਸੀ ਕਿ ਉਹ ਆਪਣੀ ਇੱਛਾ ਨਾਲ ਹੀ ਮਿਲਣ ਆਏ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੀਆਂ ਕਈਆਂ ਗੱਲਾਂ ਦੱਸ ਦਿੱਤੀਆਂ ਸਨ। ਮੀਟਿੰਗ ਤੋਂ ਬਾਅਦ ਉਨ੍ਹਾਂ ਦੀ ਕਦੇ ਭਗਵੰਤ ਮਾਨ ਨਾਲ ਗੱਲ ਨਹੀਂ ਹੋਈ ਅਤੇ ਨਾ ਹੀ ਮੈਨੂੰ ਕੋਈ ਵੀ ਮੈਸੇਜ ਮਿਲਿਆ।

cherry

This news is Content Editor cherry