ਦੁੱਧ ਜਾਂ ਦਹੀਂ ਲੈਣ ਦੂਰ ਜਾਣਾ ਪੈ ਸਕਦੈ ਪਰ ਡਰੱਗ ਦੀ ਹੁੰਦੀ ਹੈ ਹੋਮ ਡਲਿਵਰੀ : ਭਗਵੰਤ ਮਾਨ

08/20/2019 10:41:13 PM

ਸੰਗਰੂਰ/ਸ਼ੇਰਪੁਰ,(ਸਿੰਗਲਾ): ਪੰਜਾਬ 'ਚ ਚਾਰ ਹਫਤਿਆਂ ਅੰਦਰ ਨਸ਼ਾ ਖਤਮ ਕਰਨ ਦੀ ਝੂਠੀ ਸਹੁੰ ਖਾਣ ਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀ ਕੈਪਟਨ ਸਰਕਾਰ ਢਾਈ ਸਾਲ ਬੀਤ ਜਾਣ ਤੋਂ ਬਾਅਦ ਵੀ ਨਸ਼ਾ ਸਮੱਗਲਰਾਂ ਦਾ ਕੁਝ ਨਹੀਂ ਵਿਗਾੜ ਸਕੀ, ਸਗੋਂ ਪੰਜਾਬ 'ਚ ਪੁਲਸ ਵੀ ਨਸ਼ਾ ਸਮੱਗਲਿੰਗ ਕਰਨ ਲੱਗ ਗਈ ਹੈ। ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਸ ਖੇਤ ਦਾ ਕੁਝ ਨਹੀਂ ਵੱਟੀਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ 'ਚ ਨਸ਼ਿਆਂ ਦਾ ਕਾਰੋਬਾਰ ਇਸ ਕਦਰ ਫੈਲ ਗਿਆ ਹੈ ਕਿ ਦੁੱਧ ਜਾਂ ਦਹੀਂ ਲੈਣ ਦੂਰ ਜਾਣਾ ਪੈ ਸਕਦਾ ਹੈ ਪਰ ਡਰੱਗ ਦੀ ਹੋਮ ਡਲਿਵਰੀ ਹੋਣ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਨਸ਼ਿਆਂ ਦਾ ਕਾਰੋਬਾਰ ਪੰਜਾਬ ਅੰਦਰ ਮਰਦ ਤੇ ਨੌਜਵਾਨ ਕਰਦੇ ਸਨ ਪਰ ਹੁਣ ਤਾਂ ਪੰਜ ਹਜ਼ਾਰ ਤੋਂ ਵੱਧ ਔਰਤਾਂ ਨਸ਼ੇ ਦੇ ਕਾਰੋਬਾਰ 'ਚ ਲੱਗੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵੱਲੋਂ ਕਈ ਕੁਇੰਟਲ ਨਸ਼ਿਆਂ ਦੀਆਂ ਖੇਪਾਂ ਫੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜਦਕਿ ਦੂਜੇ ਪਾਸੇ ਹੁਣ ਤੱਕ ਕਿਸੇ ਵੀ ਥਾਂ 'ਤੇ ਇਨ੍ਹਾਂ ਨਸ਼ਿਆਂ ਨੂੰ ਨਸ਼ਟ ਕਰਨ ਦੀ ਕੋਈ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਪੁਲਸ ਵੱਲੋਂ ਫੜੇ ਨਸ਼ਿਆਂ ਨੂੰ ਜਨਤਕ ਤੌਰ 'ਤੇ ਨਸ਼ਟ ਕੀਤਾ ਜਾਂਦਾ ਸੀ ਪਰ ਹੁਣ ਅਜਿਹਾ ਕਿਉਂ ਨਹੀਂ ਹੋ ਰਿਹਾ, ਇਹ ਇਕ ਵੱਡਾ ਸਵਾਲ ਹੈ।

ਮਾਨ ਨੇ ਹੋਰ ਦੱਸਿਆ ਕਿ ਸੰਗਰੂਰ 'ਚ ਜਲਦੀ ਹੀ ਹੋਮਿਓਪੈਥੀ ਦੀ ਯੂਨੀਵਰਸਿਟੀ ਸਥਾਪਤ ਕੀਤੀ ਜਾ ਰਹੀ ਹੈ, ਜਿਸ ਸਬੰਧੀ ਮੁੱਢਲੀ ਕਾਰਵਾਈ ਲਗਭਗ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬਣਾਉਣ ਲਈ ਕਈ ਪੰਚਾਇਤਾਂ ਨਾਲ ਜ਼ਮੀਨ ਲੈਣ ਸਬੰਧੀ ਗੱਲਬਾਤ ਕੀਤੀ ਜਾਵੇਗੀ, ਜਿਥੇ ਪੰਚਾਇਤ ਵੱਲੋਂ ਜ਼ਮੀਨ ਮਿਲ ਗਈ, ਉੱਥੇ ਇਹ ਯੂਨੀਵਰਸਿਟੀ ਬਣਾ ਦਿੱਤੀ ਜਾਵੇਗੀ। ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਸਬੰਧੀ ਘਰਾਚੋਂ ਵਿਖੇ ਪੰਚਾਇਤ ਨਾਲ ਵੀ ਗੱਲਬਾਤ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਪਿੰਡ 'ਚ ਇਹ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ, ਉਸ ਪਿੰਡ ਲਈ ਕੁਝ ਕੋਟਾ ਵੀ ਰੱਖਿਆ ਜਾਵੇਗਾ ਤਾਂ ਜੋ ਉਸ ਪਿੰਡ ਦੇ ਲੋਕਾਂ, ਨੌਜਵਾਨ ਲੜਕਿਆਂ ਤੇ ਲੜਕੀਆਂ ਨੂੰ ਰੋਜ਼ਗਾਰ ਅਤੇ ਸਿੱਖਿਆ ਪ੍ਰਾਪਤ ਕਰਨ 'ਚ ਲਾਭ ਮਿਲ ਸਕੇ।