ਸੁਖਪਾਲ ਖਹਿਰਾ ਸਾਡੇ ਭਰਾ ਨੇ: ਭਗਵੰਤ ਮਾਨ

08/15/2018 6:14:44 PM

ਖੰਨਾ/ਈਸੜੂ— ਈਸੜੂ 'ਚ ਸ਼ਹੀਦ ਕਰਨੈਲ ਸਿੰਘ ਅਤੇ ਸ਼ਹੀਦ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਮਾਨਸਿਕ ਤੌਰ 'ਤੇ ਭਾਵੇਂ ਸਾਡਾ ਦੇਸ਼ 15 ਅਗਸਤ ਨੂੰ ਆਜ਼ਾਦ ਹੋ ਗਿਆ ਹੋਵੇ ਪਰ ਅਜੇ ਵੀ ਸਾਨੂੰ ਮਹਿੰਗਾਈ, ਭ੍ਰਿਸ਼ਟਾਚਾਰ, ਗਰੀਬੀ ਤੋਂ ਆਜ਼ਾਦੀ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਗਰੀਬੀ ਅਤੇ ਨਸ਼ਿਆਂ ਦੇ ਗੁਲਾਮ ਬਣੇ ਹੋਏ ਹਾਂ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਅੱਜ ਈਸੜੂ 'ਚ ਰੈਲੀ ਕਿਉਂ ਨਹੀਂ ਕੀਤੀ ਜਦਕਿ ਸੁਖਪਾਲ ਖਹਿਰਾ ਵੱਲੋਂ ਉਕਤ ਸਥਾਨ 'ਤੇ ਰੈਲੀ ਕੀਤੀ ਗਈ ਹੈ। ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਕੋਈ ਨਹੀਂ ਸੁਖਪਾਲ ਖਹਿਰਾ ਨੂੰ ਰੈਲੀ ਕਰ ਲੈਣ ਦਿਓ, ਉਹ ਵੀ ਸਾਡੇ ਹੀ ਭਰਾ ਹਨ। ਪਾਰਟੀ 'ਚ ਸਹਿਮਤੀ ਅਤੇ ਅਸਹਿਮਤੀ ਦੀਆਂ ਗੱਲਾਂ ਚਲੱਦੀਆਂ ਹੀ ਰਹਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਕ-ਦੋ ਦਿਨ 'ਚ ਇਕੱਠੇ ਹੋ ਜਾਵਾਂਗੇ। 

ਕੈਪਟਨ ਦੇ ਨਾਂ ਪੁੱਜਣ 'ਤੇ ਬੋਲਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਕਿਤੇ ਵੀ ਨਹੀਂ ਜਾਂਦੇ। ਉਨ੍ਹਾਂ ਨੇ ਕਿਹਾ ਕਿ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੀ ਬਰਸੀ ਹੁੰਦੀ ਹੈ ਪਰ ਉਹ ਦੋ ਸਾਲਾਂ ਤੋਂ ਉਥੇ ਵੀ ਨਹੀਂ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਜਿਹੜੇ ਕਰਜ਼ਾ ਮੁਆਫੀ ਅਤੇ ਨਸ਼ਿਆਂ ਨੂੰ ਖਤਮ ਕਰਨ ਦੇ ਵਾਅਦੇ ਕੀਤੇ ਸਨ, ਉਹ ਉਨ੍ਹਾਂ ਤੋਂ ਵੀ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰ ਗਏ, ਉਨ੍ਹਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। 

ਬੀਤ ਦਿਨ ਸੁਖਪਾਲ ਖਹਿਰਾ 'ਤੇ ਮਲੀ ਗਈ ਕਾਲਿਖ ਦੀ ਭਗਵੰਤ ਮਾਨ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਕਿਸੇ ਵੀ ਸਮੱਸਿਆ ਦਾ ਹੱਲ ਬੈਠ ਕੇ ਹੋ ਸਕਦਾ ਹੈ।