ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ : ਜਾਰੰਗਲ

Thursday, Feb 22, 2018 - 07:49 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ, ਦਰਦੀ) - ਜ਼ਿਲੇ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਦੀ ਮਹੀਨਾਵਾਰ ਸਮੀਖਿਆ ਕਰਨ ਲਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਤੱਕ ਪ੍ਰਸ਼ਾਸਨਿਕ ਸੇਵਾਵਾਂ ਬਿਹਤਰ ਤਰੀਕੇ ਨਾਲ ਪੁੱਜਦੀਆਂ ਕੀਤੀਆਂ ਜਾਣ। ਉਨ੍ਹਾਂ ਮਾਲ ਅਫ਼ਸਰਾਂ ਨਾਲ ਬੈਠਕ ਕਰਦਿਆਂ ਕਿਹਾ ਕਿ ਸਾਰੇ ਰਹਿੰਦੇ ਬਕਾਏ ਦੀ ਵਸੂਲੀ ਲਈ ਯਤਨ ਕੀਤੇ ਜਾਣ ਅਤੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਤੈਅ ਸਮਾਂ ਹੱਦ ਦੇ ਅੰਦਰ ਹੀ ਲੋਕਾਂ ਨੂੰ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਅਧਿਸੂਚਿਤ ਸੇਵਾਵਾਂ ਸਬੰਧੀ ਜ਼ਿਲੇ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਬਕਾਇਆ ਅਰਜ਼ੀਆਂ ਦਾ ਸਮਾਂਬੱਧ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।
ਬਾਅਦ 'ਚ ਜ਼ਿਲਾ ਸਿੱਖਿਆ ਵਿਕਾਸ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਪਾਲ ਸਿੰਘ ਨੇ ਸਕੂਲਾਂ 'ਚ ਵਧੀਆ ਵਿਦਿਅਕ ਮਾਹੌਲ ਸਿਰਜਣ ਦੀਆਂ ਹਦਾਇਤਾਂ ਸਬੰਧਤ ਵਿਭਾਗ ਨੂੰ ਦਿੱਤੀਆਂ।ਉਨ੍ਹਾਂ ਦੱਸਿਆ ਕਿ ਜ਼ਿਲੇ 'ਚ 25 ਫਰਵਰੀ ਨੂੰ ਹੋਣ ਜਾ ਰਹੇ ਅਧਿਆਪਕ ਯੋਗਤਾ ਪ੍ਰੀਖਿਆ ਲਈ 14 ਸੈਂਟਰ ਬਣਾਏ ਗਏ ਹਨ ਅਤੇ ਇਸ ਲਈ ਵਿਭਾਗ ਵੱਲੋਂ ਢੁੱਕਵੇਂ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਇਕ ਹੋਰ ਬੈਠਕ 'ਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਬਕਾਇਆ ਪਏ ਕੇਸਾਂ ਦੀ ਸਮੀਖਿਆ ਕੀਤੀ ਗਈ। ਇਸ ਸਮੇਂ ਐੱਸ. ਡੀ. ਐੱਮ. ਨਰਿੰਦਰ ਸਿੰਘ, ਗਿੱਦੜਬਾਹਾ ਦੇ ਐੱਸ. ਡੀ. ਐੱਮ. ਨਰਿੰਦਰ ਸਿੰਘ ਧਾਲੀਵਾਲ, ਏ. ਸੀ. ਯੂ. ਟੀ. ਕਨੂੰ ਗਰਗ ਆਦਿ ਹਾਜ਼ਰ ਸਨ।


Related News