ਪੰਜਾਬ ''ਚ ਕੁੱਝ ਸਿਆਸੀ ਦਲ ਮਾਹੌਲ ਵਿਗਾੜਨ ਦਾ ਕਰ ਰਹੇ ਹਨ ਯਤਨ : ਅਭੈ ਚੌਟਾਲਾ

07/15/2017 6:02:39 AM

ਚੰਡੀਗੜ੍ਹ (ਸੰਘੀ) - ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਭੈ ਚੌਟਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਪੰਜਾਬ 'ਚ ਕੁੱਝ ਸਿਆਸੀ ਦਲਾਂ ਵਲੋਂ ਐੱਸ. ਵਾਈ. ਐੱਲ. ਨੂੰ ਲੈ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਉਥੋਂ ਦੇ ਸਿਆਸੀ ਮਾਹੌਲ ਨੂੰ ਵਿਗਾੜਨ ਦੇ ਕੀਤੇ ਜਾ ਰਹੇ ਯਤਨਾਂ ਵੱਲ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਐੱਸ. ਵਾਈ. ਐੱਲ਼ ਨੂੰ ਬਣਾਉਣ ਦੇ ਦਿੱਤੇ ਗਏ ਹੁਕਮ 'ਚ ਕਿਹਾ ਗਿਆ ਹੈ ਕਿ ਜਦੋਂ ਅਦਾਲਤ ਕਿਸੇ ਡਿਕਰੀ ਦੇ ਹੁਕਮ ਦਿੰਦੀ ਹੈ ਤਾਂ ਉਸ ਦਾ ਸਨਮਾਨ ਤੇ ਪਾਲਣ ਵੀ ਹੋਣਾ ਚਾਹੀਦਾ ਹੈ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਅਜਿਹੇ ਸਮੇਂ 'ਚ ਪੰਜਾਬ ਤੇ ਹਰਿਆਣਾ ਦੋਵਾਂ ਰਾਜਾਂ 'ਚ ਇਸ ਵਿਸ਼ੇ ਨੂੰ ਲੈ ਕੇ ਕੋਈ ਅੰਦੋਲਨ ਨਾ ਹੋਵੇ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਜਿਵੇਂ ਹੀ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦੇ ਨਿਰਦੇਸ਼ ਦਿੱਤੇ, ਉਵੇਂ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਜਨਤਕ ਬਿਆਨ ਦੇ ਕੇ ਕਹਿ ਦਿੱਤਾ ਕਿ ਪੰਜਾਬ ਹਰਿਆਣਾ ਨੂੰ ਇਕ ਵੀ ਬੂੰਦ ਪਾਣੀ ਨਹੀਂ ਦੇਵੇਗਾ। ਪੰਜਾਬ ਦੇ ਇਕ ਹੋਰ ਵਿਰੋਧੀ ਦਲ ਲੋਕ ਇਨਸਾਫ ਪਾਰਟੀ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਕਿ ਐੱਸ. ਵਾਈ. ਐੱਲ. ਨਹਿਰ ਬਣਾਉਣ ਦੀ ਸਥਿਤੀ 'ਚ ਉਹ ਜੇਲ ਭਰੋ ਅੰਦੋਲਨ ਸ਼ੁਰੂ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਵੇਖਦੇ ਹੋਏ ਇਹ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਸੁਪਰੀਮ ਕੋਰਟ ਦੇ ਮਾਨ-ਸਨਮਾਨ ਤੇ ਅਧਿਕਾਰਾਂ ਨੂੰ ਚੁਣੌਤੀ ਦੇਣ ਲਈ ਤਿਆਰ ਹਨ। ਇਸ ਦੇ ਉਲਟ ਹਰਿਆਣਾ 'ਚ ਸਾਰੇ ਸਿਆਸੀ ਦਲ ਇਸ ਗੱਲ 'ਤੇ ਸਹਿਮਤ ਹਨ ਕਿ ਸੁਪਰੀਮ ਕੋਰਟ ਵਲੋਂ ਦਿੱਤੀ ਗਈ ਡਿਕਰੀ ਦਾ ਤੁਰੰਤ ਪਾਲਣ ਹੋਣਾ ਚਾਹੀਦਾ ਹੈ।
ਉਨ੍ਹਾਂ ਇਹ ਚਿੰਤਾ ਵੀ ਜਤਾਈ ਕਿ ਪੰਜਾਬ 'ਚ ਕੁਝ ਸਿਆਸੀ ਦਲਾਂ ਵਲੋਂ ਇਸ ਖੇਤਰ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹਾਲਾਤ ਸੰਭਾਲਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਲਈ ਉਹ ਪੰਜਾਬ ਦੇ ਮੁੱਖ ਮੰਤਰੀ 'ਤੇ ਦਬਾਅ ਬਣਾਉਣ ਤਾਂ ਜੋ ਅਜਿਹਾ ਕੋਈ ਕਦਮ ਪੰਜਾਬ 'ਚ ਨਾ ਉਠਾਇਆ ਜਾਏ ਜਿਸ ਦੀ ਕੋਈ ਵਿਰੋਧੀ ਪ੍ਰਤੀਕਿਰਿਆ ਹਰਿਆਣਾ 'ਚ ਹੋਵੇ।