ਬਹਿਬਲ ਕਲਾਂ ਗੋਲੀ ਕਾਂਡ ਦੇ ਇਕ ਹੋਰ ਗਵਾਹ ਨੇ ਦੱਸਿਆ ਜਾਨ ਨੂੰ ਖਤਰਾ

02/19/2020 5:38:23 PM

ਫਰੀਦਕੋਟ (ਜਗਤਾਰ) : ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਹੁਣ ਇਕ ਹੋਰ ਗਵਾਹ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਪਿੰਡ ਬਹਿਬਲ ਖੁਰਦ ਦੇ ਰਹਿਣ ਵਾਲੇ ਰੇਸ਼ਮ ਸਿੰਘ ਨੇ ਇਸ ਮਾਮਲੇ ਵਿਚ ਪੰਜਾਬ ਦੇ ਗਵਰਨਰ ਨੂੰ ਸ਼ਿਕਾਇਤ ਭੇਜ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਰੇਸ਼ਮ ਸਿੰਘ ਬਹਿਬਲ ਕਲਾਂ ਗੋਲੀ ਕਾਂਡ ਵਿਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦਾ ਛੋਟਾ ਭਰਾ ਹੈ ਅਤੇ ਉਸ 'ਤੇ ਲਗਭਗ ਡੇਢ ਸਾਲ ਪਹਿਲਾਂ ਵੀ ਜਾਨਲੇਵਾ ਹਮਲਾ ਹੋਇਆ ਸੀ ਜਿਸ ਦੇ ਮੁਲਜ਼ਮਾਂ ਦੀ ਅਜੇ ਤਕ ਸ਼ਨਾਖਤ ਤਕ ਨਹੀਂ ਹੋ ਸਕੀ ਹੈ। ਸ਼ਿਕਾਇਤਕਰਤਾ ਰੇਸ਼ਮ ਸਿੰਘ ਨੇ ਪੱਤਰਕਾਰਾਂ ਨੂੰ ਦਿੱਸਿਆ ਕਿ ਬਹਿਬਲ ਕਲਾਂ ਗੋਲੀ ਕਾਂਡ ਕੇਸ ਵਿਚ ਉਹ ਵੀ ਪ੍ਰਤੱਖਦਰਸ਼ੀ ਗਵਾਹ ਹੈ ਅਤੇ ਘਟਨਾ ਸਮੇਂ ਉਹ ਆਪਣੇ ਭਰਾ ਭਗਵਾਨ ਸਿੰਘ ਸਮੇਤ ਹੋਰ ਸੰਗਤ ਨਾਲ ਧਰਨੇ ਵਿਚ ਸ਼ਾਮਲ ਸੀ ਜਿਸ 'ਤੇ ਪੁਲਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। 

ਰੇਸ਼ਮ ਸਿੰਘ ਅਨੁਸਾਰ ਇਸ ਘਟਨਾ ਦੇ ਸੰਬੰਧ ਵਿਚ ਕੋਈ ਕਾਰਵਾਈ ਨਾ ਹੋਣ ਕਾਰਨ ਉਸ ਨੇ ਫਰਵਰੀ 2017 'ਚ ਸਭ ਤੋਂ ਪਹਿਲਾਂ ਫਰੀਦਕੋਟ ਅਦਾਲਤ ਵਿਚ ਪੁਲਸ ਅਧਿਕਾਰੀਆਂ ਖਿਲਾਫ ਸ਼ਿਕਾਇਤ ਦਾਇਰ ਕੀਤੀ ਸੀ ਜਿਸ 'ਤੇ ਸੁਣਵਾਈ ਚੱਲ ਰਹੀ ਹੈ। ਰੇਸ਼ਮ ਸਿੰਘ ਨੇ ਕਿਹਾ ਕਿ ਵਰਤਮਾਨ ਸਰਕਾਰ ਦੀ ਐੱਸ. ਆਈ. ਟੀ. ਨੇ ਸਿਆਸੀ ਪ੍ਰਭਾਵ ਦੇ ਚੱਲਦੇ ਹੀ ਬਹਿਬਲ ਕਲਾਂ ਗੋਲੀ ਕਾਂਡ ਕੇਸ ਵਿਚ ਡੀ. ਐੱਸ. ਪੀ. ਹਰਜਿੰਦਰ ਸਿੰਘ ਤੇ ਉਨ੍ਹਾਂ ਦੇ ਰਿਸ਼ਤੇਦਾਰ ਪਰਮਜੀਤ ਸਿੰਘ ਪੰਨੂੰ ਨੂੰ ਕਲੀਨ ਚਿੱਟ ਦੇ ਦਿੱਤੀ ਜਦਕਿ ਇਨ੍ਹਾਂ ਦੋਵਾਂ ਦਾ ਨਾਮ ਤਤਕਾਲੀ ਅਕਾਲੀ ਸਰਕਾਰ ਦੇ ਕਾਰਜਕਾਲ ਵਾਲੀ ਐੱਫ. ਆਈ. ਆਰ. ਵਿਚ ਦਰਜ ਸੀ। ਰੇਸ਼ਮ ਸਿੰਘ ਨੇ ਕਿਹਾ ਕਿ ਕਾਂਗਰਸੀ ਮੰਤਰੀ ਦੀ ਸ਼ਹਿ 'ਤੇ ਇਹ ਸਭ ਹੋ ਰਿਹਾ ਹੈ। ਉਸ ਨੇ ਕਿਹਾ ਕਿ ਹੁਣ ਉਹ ਹਾਈਕੋਰਟ ਜਾਏਗਾ ਅਤੇ ਅਦਾਲਤ ਵਲੋਂ ਗਵਾਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕਰੇਗਾ।

Gurminder Singh

This news is Content Editor Gurminder Singh