ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਚ ਸਪਸ਼ਟ ਲਿਖਿਆ, ਕਿੱਥੋਂ ਮਿਲੇ ਸਨ ਗੋਲੀ ਚਲਾਉਣ ਦੇ ਹੁਕਮ: ਅਮਨ ਅਰੋੜਾ

10/14/2018 12:54:58 PM

ਫਰੀਦਕੋਟ— ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਚ ਸਾਫ-ਸਾਫ ਲਿਖਿਆ ਹੈ ਕਿ ਗੋਲੀ ਚਲਾਉਣ ਦੇ ਹੁਕਮ ਕਿੱਥੋ ਮਿਲੇ ਸਨ ਪਰ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਅਮਨ ਅਰੋੜਾ ਨੇ ਕਿਹਾ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਸਿੱਖ ਸੰਗਤਾਂ ਅੱਜ ਵੀ ਇਥੇ ਬੈਠੀਆਂ ਇਨਸਾਫ ਮੰਗ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦੀ ਸਰਕਾਰ ਵੇਲੇ ਵੀ ਇਹੀ ਕੁਝ ਹੋ ਰਿਹਾ ਸੀ, ਜੋ ਅੱਜ ਕੈਪਟਨ ਦੀ ਸਰਕਾਰ ਵੇਲੇ ਹੋ ਰਿਹਾ ਹੈ। ਕੈਪਟਨ 'ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਇਸ ਮਾਮਲੇ ਨੂੰ ਠੰਡੇ ਬਸਤੇ 'ਚ ਪਾਉਣ ਲਈ ਕੈਪਟਨ ਨੇ ਸਿਟ ਦਾ ਨਿਰਮਾਣ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜ ਕੇ ਅੰਦਰ ਬੰਦ ਕਰਨ ਅਤੇ ਸਿੱਖ ਸੰਗਤਾਂ ਨੂੰ ਇਨਸਾਫ ਦਿਵਾਉਣ। ਉਨ੍ਹਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਬੰਦ ਕਰਨਾ ਚਾਹੀਦਾ ਹੈ। ਅਮਨ ਅਰੋੜਾ ਨੇ ਕਿਹਾ ਕਿ ਜੇਕਰ ਕੈਪਟਨ ਨੇ ਇਸ ਮੁੱਦੇ 'ਤੇ ਇਨਸਾਫ ਨਾ ਦਿੱਤਾ ਤਾਂ ਜੋ ਹਾਲਾਤ ਅਕਾਲੀਆਂ ਦੇ ਚੋਣਾਂ ਦੌਰਾਨ ਹੋਏ ਹਨ, ਉਹੀ ਹਾਲਾਤ ਹੁਣ ਕੈਪਟਨ ਸਰਕਾਰ ਦੇ ਨਾ ਹੋ ਜਾਵੇ। 

ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਪਿੰਡ ਬਹਿਬਲ ਕਲਾਂ 'ਚ ਸ਼ਾਂਤੀਪੂਰਨ ਧਰਨੇ 'ਤੇ ਬੈਠੀ ਸਿੱਖ ਸੰਗਤ 'ਤੇ ਪੁਲਸ ਵੱਲੋਂ ਕੀਤੀ ਫਾਈਰਿੰਗ ਦੀ ਘਟਨਾ 'ਚ ਸ਼ਹੀਦ ਹੋਏ 2 ਸਿੱਖ ਨੌਜਵਾਨ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਪੁਲਸ ਵੱਲੋਂ ਚਲਾਈ ਗਈ ਗੋਲੀ ਦੌਰਾਨ ਸ਼ਹੀਦ ਹੋ ਗਏ ਸਨ। ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਬਰਗਾੜੀ ਵਿਖੇ ਪਰਿਵਾਰ ਸਮੇਤ ਧਰਨੇ 'ਤੇ ਬੈਠੀਆਂ ਸਿੱਖ ਜਥੇਬੰਦੀਆਂ ਨੂੰ ਇਨਸਾਫ ਮੰਗ ਰਹੀਆਂ ਹਨ। ਘਟਨਾ ਦੇ ਸਮੇਂ ਵੱਖ-ਵੱਖ ਰਾਜਨੀਤਕ ਅਤੇ ਸਿੱਖ ਸੰਗਠਨਾਂ ਵੱਲੋਂ ਕੀਤੇ ਗਏ ਵਾਅਦੇ ਹਵਾ ਹੋ ਚੁੱਕੇ ਹਨ ਅਤੇ ਦੋਵਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਆਪਣੇ ਪੱਧਰ 'ਤੇ ਇਨਸਾਫ ਦੀ ਲੜਾਈ ਲੜਨ ਨੂੰ ਮਜਬੂਰ ਹਨ। ਕੋਟਕਪੂਰਾ ਵਿਖੇ ਬਹਿਬਲ ਕਲਾਂ ਗੋਲੀਕਾਂਡ ਦੀ ਤੀਜੀ ਬਰਸੀ ਮੌਕੇ ਲਾਹਨਤ ਦਿਹਾੜਾ ਮਨਾਇਆ ਗਿਆ। ਇਸ ਮੌਕੇ 'ਆਪ' ਵਿਧਾਇਕ ਅਮਨ ਅਰੋੜਾ, ਕੁਲਤਾਰ ਸੰਧਵਾਂ, ਮਾਸਟਰ ਬਲਦੇਵ ਸੰਿਘ ਪਹੁੰਚੇ। ਇਸ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਕੋਟਕਪੂਰਾ ਦੇ ਐੱਸ. ਡੀ. ਐੱਮ. ਪਰਮਪਾਲ ਸਿੰਘ ਨੂੰ ਸਰਕਾਰ ਦੇ ਨਾਂ ਲਾਹਨਤ ਪੱਤਰ ਦਿੱਤਾ ਗਿਆ।