ਭੀਖ ਮੰਗਣ ਅਤੇ ਕੂਡ਼ੇ ’ਚੋਂ ਰੋਜ਼ੀ-ਰੋਟੀ ਭਾਲਣ ਲਈ ਮਜਬੂਰ ਨੇ ਬੱਚੇ

08/21/2018 2:18:59 AM

ਰੂਪਨਗਰ, (ਕੈਲਾਸ਼)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ ਭਾਵੇਂ ਡਿਜੀਟਲ ਇੰਡੀਆ ਬਣਾਉਣ ਦੀ ਗੱਲ ਕਰਦੇ ਹਨ ਪਰ ਦੂਜੇ ਪਾਸੇ ਕੁਝ ਹਾਲਾਤ ਇਹੋ ਜਿਹੇ ਹਨ ਕਿ ਕਈ ਵਾਰ ਬੱਚਿਆਂ ਨੂੰ ਆਪਣੀ ਰੋਜ਼ੀ-ਰੋਟੀ ਦਾ ਜੁਗਾਡ਼ ਕਰਨ ਲਈ ਜਾਂ ਤਾਂ ਭੀਖ ਮੰਗਣੀ ਪੈਂਦੀ ਹੈ ਜਾਂ ਕੂਡ਼ੇ ’ਚੋਂ ਆਪਣੀ ਰੋਜ਼ੀ-ਰੋਟੀ ਤਲਾਸ਼ ਕਰਨੀ ਪੈਂਦੀ ਹੈ। ਇਨ੍ਹਾਂ ਬੱਚਿਆਂ ਨੂੰ ਸਕੂਲ ਜਾਣ ਦੀ ਅਹਿਮੀਅਤ ਹੀ ਨਹੀਂ ਪਤਾ ਹੁੰਦੀ। ਮਿਲੀ ਜਾਣਕਾਰੀ ਅਨੁਸਾਰ ਕੁਝ ਛੋਟੇ ਬੱਚੇ ਰੋਜ਼ਾਨਾ ਸਵੇਰੇ 7 ਵਜੇ ਲਹਿਰੀਸ਼ਾਹ ਮੰਦਰ ਅਤੇ ਹੋਰ ਮੰਦਰਾਂ ’ਚ ਆਪਣੀਆਂ ਮਾਵਾਂ ਨਾਲ ਆ ਕੇ ਬੈਠ ਜਾਂਦੇ ਹਨ ਜੋ ਮੰਦਰ ’ਚ ਪੂਜਾ ਕਰਨ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਕੋਲੋਂ ਭੀਖ ਮੰਗਦੇ  ਹਨ। ਇਸ ਤੋਂ ਇਲਾਵਾ ਸ਼ਹਿਰ ’ਚ ਥਾਂ-ਥਾਂ ਲੱਗੇ ਕੂਡ਼ੇ ਦੇ ਢੇਰਾਂ ਤੋਂ ਵੀ ਛੋਟੇ ਬੱਚੇ ਆਪਣੀਆਂ ਮਾਵਾਂ ਦੇ ਨਾਲ ਰੋਜ਼ੀ-ਰੋਟੀ ਦੀ ਤਲਾਸ਼ ਕਰਦੇ ਵੇਖੇ ਜਾ  ਸਕਦੇ ਹਨ। ਪ੍ਰਸ਼ਾਸਨ ਵੱਲੋਂ ਭਾਵੇਂ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਚਾਈਲਡ ਪ੍ਰੋਟੈਕਸ਼ਨ ਅਤੇ ਹੋਰ ਵਿਭਾਗ ਵੀ ਬਣਾਏ ਹਨ ਪਰ ਉਹ ਅਸਮਰੱਥ ਜਾਪਦੇ ਹਨ।  ਇਸ ਸਬੰਧੀ ਸਮਾਜ ਸੇਵੀ ਮਹਿੰਦਰ ਸਿੰਘ ਉਭਰਾਏ ਸਕੱਤਰ ਗੁ. ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ, ਅਭਿਜੀਤ ਆਹੂਜਾ, ਐਡਵੋਕੇਟ ਚੇਤਨ ਸ਼ਰਮਾ ਆਦਿ ਨੇ ਕਿਹਾ ਕਿ ਉਕਤ ਬੱਚਿਆਂ ਦੀ ਪਡ਼੍ਹਾਈ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਠੋਸ ਕਦਮ ਚੁੱਕੇ ਤੇ ਇਨ੍ਹਾਂ ਦੀ ਦੇਖ-ਰੇਖ ਯਕੀਨੀ ਬਣਾਈ ਜਾਵੇ।