ਅੰਗਹੀਣ ਨਾ ਹੁੰਦੇ ਹੋਏ ਵੀ ਅੰਗਹੀਣਤਾ ਦਾ ਨਾਟਕ ਕਰਦੇ ਨੇ ਇਹ ਲੋਕ!

11/05/2018 11:13:16 AM

ਜਲੰਧਰ (ਵਰੁਣ)— ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਭੀਖ ਮੰਗਣ ਵਾਲੇ ਭਿਖਾਰੀਆਂ ਦਾ ਗਰੁੱਪ ਸ਼ਹਿਰ 'ਚ ਕਾਫੀ ਐਕਟਿਵ ਹੈ। ਇਹ ਗਰੁੱਪ ਗੁਰੂ ਨਾਨਕ ਮਿਸ਼ਨ ਚੌਕ ਅਤੇ ਨਕੋਦਰ ਚੌਕ 'ਤੇ ਜ਼ਿਆਦਾ ਸਰਗਰਮ ਹੈ। ਇਸ ਗਰੁੱਪ 'ਚ ਸ਼ਾਮਲ ਵਿਅਕਤੀਆਂ ਅਤੇ ਔਰਤਾਂ ਦੇ ਸਰੀਰ ਦੇ ਸਾਰੇ ਅੰਗ ਸਹੀ ਸਲਾਮਤ ਹਨ ਪਰ ਫਿਰ ਵੀ ਬੈਸਾਖੀ ਦਾ ਸਹਾਰਾ ਲੈ ਕੇ ਭਿਖਾਰੀ ਅੰਨ੍ਹਾ ਹੋਣ ਦਾ ਦਿਖਾਵਾ ਕਰਕੇ ਤਰਸ ਦਾ ਪਾਤਰ ਬਣ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਕਰੀਬ ਚਾਰ ਸਾਲ ਪਹਿਲਾਂ ਨਕੋਦਰ ਚੌਕ 'ਤੇ ਟ੍ਰੈਫਿਕ ਪੁਲਸ ਨੇ ਅਜਿਹੇ ਭਿਖਾਰੀਆਂ ਦੇ ਗਰੁੱਪ ਦਾ ਪਰਦਾਫਾਸ਼ ਕੀਤਾ ਸੀ, ਜਿਸ 'ਚ ਸ਼ਾਮਲ ਬੱਚੇ, ਔਰਤਾਂ ਅਤੇ ਮਰਦ ਨਕਲੀ ਸੱਟਾਂ ਅਤੇ ਖੂਨ ਦੇ ਨਿਸ਼ਾਨ ਬਣਾ ਕੇ ਭੀਖ ਮੰਗਦੇ ਸਨ।

ਇਸ ਗਰੁੱਪ 'ਚ 8 ਤੋਂ 10 ਮੈਂਬਰ ਸ਼ਾਮਲ ਹਨ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਹਨ। ਸਵੇਰ ਹੁੰਦੇ ਹੀ ਰਿਕਸ਼ਾ 'ਤੇ ਸਵਾਰ ਹੋ ਕੇ ਗਰੁੱਪ ਨਕੋਦਰ ਚੌਕ ਜਾਂ ਫਿਰ ਗੁਰੂ ਨਾਨਕ ਮਿਸ਼ਨ ਚੌਕ 'ਤੇ ਆ ਕੇ ਸਾਈਡਾਂ 'ਤੇ ਬਣੇ ਪਾਰਕਾਂ 'ਚ ਬੈਠ ਕੇ ਸਭ ਤੋਂ ਪਹਿਲਾਂ ਬੈਸਾਖੀ ਲੈ ਕੇ ਭੀਖ ਮੰਗਣ ਵਾਲੇ ਮੈਂਬਰ ਨੂੰ ਚੁਣ ਕੇ ਰੈੱਡ ਲਾਈਟ 'ਤੇ ਉਤਾਰ ਦਿੰਦੇ ਹਨ। ਇਸ ਗਰੁੱਪ 'ਚ ਸ਼ਾਮਲ ਬੱਚੇ ਵੀ ਭੀਖ ਮੰਗਦੇ ਹਨ, ਜਦਕਿ ਕੁਝ ਮੈਂਬਰ ਛੋਟਾ-ਮੋਟਾ ਸਾਮਾਨ ਵੇਚਣ ਦੀ ਆੜ 'ਚ ਭੀਖ ਮੰਗਦੇ ਦੇਖੇ ਜਾ ਸਕਦੇ ਹਨ। ਦੋ ਘੰਟੇ ਬੀਤ ਜਾਣ ਬਾਅਦ ਮੈਂਬਰ ਬਦਲ ਲਿਆ ਜਾਂਦਾ ਹੈ ਅਤੇ ਉਸ ਨੂੰ ਦੁਬਾਰਾ ਉਸ ਚੌਕ 'ਤੇ ਬੈਸਾਖੀ ਨਹੀਂ ਫੜਾਈ ਜਾਂਦੀ ਤਾਂ ਜੋ ਕੋਈ ਉਨ੍ਹਾਂ ਨੂੰ ਪਛਾਣ ਨਾ ਲਵੇ। ਸ਼ਿਫਟਾਂ ਦੇ ਹਿਸਾਬ ਨਾਲ ਲੋਕਾਂ ਦੇ ਤਰਸ ਦੇ ਪਾਤਰ ਬਣ ਕੇ ਇਸ ਤਰ੍ਹਾਂ ਦੇ ਭਿਖਾਰੀਆਂ ਦਾ ਗਰੁੱਪ ਲੋਕਾਂ ਦੀਆਂ ਭਾਵਨਾਂਵਾ ਨਾਲ ਖੇਡ ਕੇ ਭੀਖ ਮੰਗ ਰਿਹਾ ਹੈ।

ਗੁਰੂ ਨਾਨਕ ਮਿਸ਼ਨ ਚੌਕ 'ਤੇ ਇਕ ਟ੍ਰੈਫਿਕ ਪੁਲਸ ਕਮਰਚਾਰੀ ਦੀ ਪਾਰਕ 'ਚ ਬੈਠੇ ਇਨ੍ਹਾਂ ਭਿਖਾਰੀਆਂ 'ਤੇ ਨਜ਼ਰ ਪਈ ਤਾਂ ਸਾਰਾ ਖੁਲਾਸਾ ਹੋ ਗਿਆ। ਪਾਰਕ 'ਚ ਆਪਣੀਆਂ ਲੱਤਾਂ ਨਾਲ ਚੱਲ ਕੇ ਆਏ ਭਿਖਾਰੀ ਨੇ ਪਾਰਕ ਦੇ ਬਾਹਰ ਆਉਂਦੇ ਹੀ ਔਰਤ ਮੈਂਬਰ ਨਾਲ ਬੈਸਾਖੀ ਲੈ ਕੇ ਲੰਗੜਾਅ ਕੇ ਚੱਲ ਕੇ ਰੈੱਡ ਲਾਈਟ 'ਤੇ ਖੜ੍ਹੇ ਲੋਕਾਂ ਤੋਂ ਭੀਖ ਮੰਗਣੀ ਸ਼ੁਰੂ ਕੀਤੀ। ਪੁਲਸ ਕਰਮਚਾਰੀ ਨੇ ਉਸੇ ਸਮੇਂ ਉਸ ਨੂੰ ਫੜ ਲਿਆ, ਉਸ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਪਰ ਖਰੀ-ਖੋਟੀ ਸੁਣਾ ਕੇ ਉਥੋਂ ਭਜਾ ਦਿੱਤਾ, ਨਾਲ ਹੀ ਉਸ ਦੇ ਗਰੁੱਪ ਨੂੰ ਵੀ ਚੌਕ ਤੋਂ ਖਦੇੜ ਦਿੱਤਾ ਗਿਆ।